11.4 C
Vancouver
Saturday, May 9, 2026

ਜਾਰਜ ਐਬਟ ਬਣਨਗੇ ਬੀ.ਸੀ. ਟਰੀਟੀ ਕਮਿਸ਼ਨ ਦੇ ਨਵੇਂ ਮੁੱਖ ਕਮਿਸ਼ਨਰ

ਵਿਕਟੋਰੀਆ (ਏਕਜੋਤ ਿਸੰਘ): ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਕੈਬਨਿਟ ਮੰਤਰੀ ਜਾਰਜ ਐਬਟ ਨੂੰ ਬੀ.ਸੀ. ਟਰੀਟੀ ਕਮਿਸ਼ਨ ਦੇ ਅਗਲੇ ਮੁੱਖ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਸੂਬਾ ਸਰਕਾਰ ਅਤੇ ਫਰਸਟ ਨੇਸ਼ਨਜ਼ ਸਮਿਟ ਨੇ ਮੰਗਲਵਾਰ 7 ਅਪ੍ਰੈਲ ਨੂੰ ਇਸ ਨਿਯੁਕਤੀ ਦਾ ਅਧਿਕਾਰਤ ਐਲਾਨ ਕੀਤਾ। ਜਾਰਜ ਐਬਟ ਹੁਣ ਸੇਲੇਸਟ ਹਾਲਡੇਨ ਦੀ ਜਗ੍ਹਾ ਤਿੰਨ ਸਾਲਾਂ ਦੇ ਕਾਰਜਕਾਲ ਲਈ ਮੁੱਖ ਕਮਿਸ਼ਨਰ ਅਤੇ ਸੀ.ਈ.ਓ. ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ। ਦੱਸਣਯੋਗ ਹੈ ਕਿ ਹਾਲਡੇਨ ਦਾ ਕਾਰਜਕਾਲ ਆਉਣ ਵਾਲੇ ਸ਼ਨੀਵਾਰ 11 ਅਪ੍ਰੈਲ ਨੂੰ ਖਤਮ ਹੋਣ ਜਾ ਰਿਹਾ ਹੈ। ਜਾਰਜ ਐਬਟ ਕੋਲ ਸਿਆਸੀ ਖੇਤਰ ਦਾ ਲੰਬਾ ਤਜ਼ਰਬਾ ਹੈ ਅਤੇ ਉਹ ਲਗਾਤਾਰ 17 ਸਾਲਾਂ ਤੱਕ ਸ਼ੂਸ਼ਵੈਪ ਹਲਕੇ ਤੋਂ ਵਿਧਾਇਕ ਰਹੇ ਹਨ। ਉਨ੍ਹਾਂ ਨੇ ਆਪਣੇ ਸਿਆਸੀ ਸਫ਼ਰ ਦੌਰਾਨ ਆਦਿਵਾਸੀ ਸਬੰਧਾਂ, ਸਿਹਤ ਅਤੇ ਸਿੱਖਿਆ ਵਰਗੇ ਕਈ ਅਹਿਮ ਮੰਤਰਾਲਿਆਂ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ। ਵਰਤਮਾਨ ਵਿੱਚ ਉਹ ਯੂਨੀਵਰਸਿਟੀ ਆਫ ਵਿਕਟੋਰੀਆ ਵਿੱਚ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਹਨ। ਹਾਲਾਂਕਿ ਸੂਬਾਈ ਪੱਧਰ ‘ਤੇ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਮਿਲ ਚੁੱਕੀ ਹੈ, ਪਰ ਫੈਡਰਲ ਸਰਕਾਰ ਅਤੇ ਗਵਰਨਰ ਇਨ ਕੌਂਸਲ ਵੱਲੋਂ ਰਸਮੀ ਪ੍ਰਵਾਨਗੀ ਮਿਲਣੀ ਅਜੇ ਬਾਕੀ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ