9.1 C
Vancouver
Sunday, April 12, 2026

ਲੁਧਿਆਣਾ ਦੇ ਪਿੰਡ ਬੁਰਜਲਿੱਟ ਦੀ ਧੀ ਪੁਨੀਤ ਲਿੱਟ ਕੈਨੇਡਾ ਦੀ ਰਾਸ਼ਟਰੀ ਹਾਕੀ ਟੀਮ ਵਿੱਚ ਸ਼ਾਮਲ

ਸਰੀ, (ਏਕਜੋਤ ਿਸੰਘ): ਚਿਲੀਵੈਕ ਦੀ ਰਹਿਣ ਵਾਲੀ ਹੋਣਹਾਰ ਪੰਜਾਬੀ ਕੁੜੀ ਪੁਨੀਤ ਲਿੱਟ ਨੇ ਖੇਡ ਜਗਤ ਵਿੱਚ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰਦਿਆਂ ਕੈਨੇਡਾ ਦੀ ਜੂਨੀਅਰ ਮਹਿਲਾ ਫੀਲਡ ਹਾਕੀ ਰਾਸ਼ਟਰੀ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਪੁਨੀਤ ਲਿੱਟ ਆਉਣ ਵਾਲੇ ਦਿਨਾਂ ਵਿੱਚ ਚਿੱਲੀ ਦੀ ਰਾਜਧਾਨੀ ਸੈਂਟੀਆਗੋ ਵਿਖੇ ਹੋਣ ਵਾਲੇ ‘ਜੂਨੀਅਰ ਪੈਨ ਅਮਰੀਕਨ ਕੱਪ’ ਵਿੱਚ ਕੈਨੇਡਾ ਦੀ ਨੁਮਾਇੰਦਗੀ ਕਰੇਗੀ। ਇਹ ਵੱਕਾਰੀ ਟੂਰਨਾਮੈਂਟ 6 ਅਪ੍ਰੈਲ ਤੋਂ 18 ਅਪ੍ਰੈਲ ਤੱਕ ਖੇਡਿਆ ਜਾ ਰਿਹਾ ਹੈ, ਜਿੱਥੇ ਪੁਨੀਤ ਟੀਮ ਵਿੱਚ ਬਤੌਰ ਫਾਰਵਰਡ ਖਿਡਾਰਨ ਵਜੋਂ ਮੈਦਾਨ ਵਿੱਚ ਉਤਰੇਗੀ। ਪੁਨੀਤ ਦੀ ਇਸ ਪ੍ਰਾਪਤੀ ਨਾਲ ਜਿੱਥੇ ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਉਸ ਦੇ ਜੱਦੀ ਪਿੰਡ ਵਿੱਚ ਵੀ ਜਸ਼ਨ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੁਨੀਤ ਲਿੱਟ ਦੇ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਉਹ ਜਸਮੇਲ ਸਿੰਘ (ਰਾਜੂ) ਲਿੱਟ ਦੀ ਸਪੁੱਤਰੀ ਹੈ। ਉਸ ਦਾ ਪਰਿਵਾਰ ਮੂਲ ਰੂਪ ਵਿੱਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੁਰਜਲਿੱਟ ਨਾਲ ਸਬੰਧ ਰੱਖਦਾ ਹੈ। ਪੁਨੀਤ ਵਰਤਮਾਨ ਵਿੱਚ ‘ਸੀ ਟੂ ਸਕਾਈ ਹਾਕੀ ਕਲੱਬ’ ਵੱਲੋਂ ਖੇਡ ਰਹੀ ਹੈ। ਫੀਲਡ ਹਾਕੀ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਉਸ ਦੇ ਪ੍ਰੋਫਾਈਲ ਅਨੁਸਾਰ, ਉਹ ਪਿਛਲੇ ਅੱਠ ਸਾਲਾਂ ਤੋਂ ਇਸ ਖੇਡ ਨਾਲ ਜੁੜੀ ਹੋਈ ਹੈ ਅਤੇ ਲਗਾਤਾਰ ਸਖ਼ਤ ਮਿਹਨਤ ਸਦਕਾ ਅੱਜ ਇਸ ਮੁਕਾਮ ‘ਤੇ ਪਹੁੰਚੀ ਹੈ। ਉਸ ਦੇ ਪਿਤਾ ਅਤੇ ਪਰਿਵਾਰ ਨੇ ਹਮੇਸ਼ਾ ਉਸ ਦੀ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਦਾ ਨਤੀਜਾ ਅੱਜ ਸਾਰਿਆਂ ਦੇ ਸਾਹਮਣੇ ਹੈ। ਪੁਨੀਤ ਦਾ ਹਾਕੀ ਸਫ਼ਰ ਬਹੁਤ ਹੀ ਸ਼ਾਨਦਾਰ ਰਿਚਹਾ ਹੈ। ਉਸ ਨੇ ਸਾਲ 2023 ਅਤੇ 2024 ਵਿੱਚ ‘ਟੀਮ ਬੀ.ਸੀ. ਯੂ-16’ (U16) ਦੀ ਨੁਮਾਇੰਦਗੀ ਕੀਤੀ ਸੀ। ਖ਼ਾਸ ਗੱਲ ਇਹ ਰਹੀ ਕਿ ਉਸ ਨੇ ਨੈਸ਼ਨਲ ਪੱਧਰ ‘ਤੇ ਆਪਣੀ ਟੀਮ ਦੀ ਕਪਤਾਨੀ ਕਰਦਿਆਂ ਸੋਨ ਤਗਮਾ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਟੂਰਨਾਮੈਂਟ ਦੌਰਾਨ ਪੁਨੀਤ ਨੂੰ ‘ਟੂਰਨਾਮੈਂਟ 11’ ਦੇ ਸਨਮਾਨ ਨਾਲ ਨਿਵਾਜਿਆ ਗਿਆ ਅਤੇ ਉਹ ਸਭ ਤੋਂ ਵੱਧ ਗੋਲ ਕਰਨ ਵਾਲੀ ਖਿਡਾਰਨ ਵੀ ਬਣੀ। ਉਸ ਦੀਆਂ ਇਨ੍ਹਾਂ ਬੇਮਿਸਾਲ ਪ੍ਰਾਪਤੀਆਂ ਨੂੰ ਦੇਖਦਿਆਂ ‘ਫੀਲਡ ਹਾਕੀ ਬੀ.ਸੀ.’ ਵੱਲੋਂ ਉਸ ਨੂੰ ‘ਯੂ-16 ਫੀਮੇਲ ਐਥਲੀਟ ਆਫ ਦਿ ਈਅਰ’ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਲ 2022 ਤੋਂ ‘ਨੈਕਸਟ ਜਨਰੇਸ਼ਨ’ (NextGen) ਐਥਲੀਟ ਵਜੋਂ ਚੁਣੀ ਗਈ ਪੁਨੀਤ ਨੇ ਸਾਲ 2024 ਵਿੱਚ ‘ਯੂ-17 ਟੀਮ ਕੈਨੇਡਾ’ ਲਈ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਦੀ ਵਧੀਆ ਖੇਡ ਨੂੰ ਦੇਖਦਿਆਂ ਉਸ ਨੂੰ 2025 ਵਿੱਚ ਫਰਾਂਸ ਦਾ ਦੌਰਾ ਕਰਨ ਵਾਲੀ ਯੂ-18 ਟੀਮ ਲਈ ਵੀ ਚੁਣਿਆ ਗਿਆ ਸੀ। ਹੁਣ ਉਹ ਜੂਨੀਅਰ ਰਾਸ਼ਟਰੀ ਟੀਮ ਦਾ ਹਿੱਸਾ ਹੈ ਅਤੇ 2026 ਦੇ ਜੂਨੀਅਰ ਪੈਨ ਅਮਰੀਕਨ ਚੈਂਪੀਅਨਸ਼ਿਪ ਵਿੱਚ ਆਪਣੀ ਪਹਿਲੀ ਅੰਤਰਰਾਸ਼ਟਰੀ ਸ਼ੁਰੂਆਤ ਕਰਨ ਜਾ ਰਹੀ ਹੈ।

ਰੁਝਾਨ ਖਬਰਾਂ