ਸਰੀ, (ਏਕਜੋਤ ਿਸੰਘ): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੱਖਣੀ ਲਿਬਨਾਨ ਵਿੱਚ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਫੌਜੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਮੰਗਲਵਾਰ ਨੂੰ ਇਸ ਹਮਲੇ ਨੂੰ ਗੈਰ-ਕਾਨੂੰਨੀ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਾਰਵਾਈ ਲਿਬਨਾਨ ਦੀ ਖੇਤਰੀ ਪ੍ਰਭੂਸੱਤਾ ਦੀ ਸਿੱਧੀ ਉਲੰਘਣਾ ਹੈ। ਕਿਊਬਿਕ ਦੇ ਵੇਕਫੀਲਡ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਨੀ ਨੇ ਜ਼ੋਰ ਦੇ ਕੇ ਕਿਹਾ ਕਿ ਇਜ਼ਰਾਈਲ ਅਤੇ ਈਰਾਨ ਦੀ ਹਮਾਇਤ ਪ੍ਰਾਪਤ ਸੰਗਠਨ ਹਿਜ਼ਬੁੱਲਾ ਵਿਚਕਾਰ ਤੁਰੰਤ ਜੰਗਬੰਦੀ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਇਹ ਬਿਆਨ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਇਜ਼ਰਾਈਲ ਹਿਜ਼ਬੁੱਲਾ ਨਾਲ ਜੰਗ ਖਤਮ ਹੋਣ ਤੋਂ ਬਾਅਦ ਵੀ ਲਿਬਨਾਨ ਦੇ ਖੇਤਰ ਉੱਤੇ ਕਬਜ਼ਾ ਬਰਕਰਾਰ ਰੱਖੇਗਾ। ਇਜ਼ਰਾਈਲ ਦੀ ਯੋਜਨਾ ਲਿਬਨਾਨ ਦੀ ਸਰਹੱਦ ਤੋਂ ਲੈ ਕੇ ਲਿਤਾਨੀ ਨਦੀ ਤੱਕ 30 ਕਿਲੋਮੀਟਰ ਦੇ ਖੇਤਰ ਨੂੰ ਆਪਣੇ ਕੰਟਰੋਲ ਵਿੱਚ ਰੱਖਣ ਦੀ ਹੈ ਜੋ ਕਿ ਲਿਬਨਾਨ ਦੇ ਕੁੱਲ ਰਕਬੇ ਦਾ ਲਗਭਗ ਦਸਵਾਂ ਹਿੱਸਾ ਬਣਦਾ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਸਪੱਸ਼ਟ ਕੀਤਾ ਕਿ ਲਿਬਨਾਨ ਦੀ ਸਰਕਾਰ ਨੇ ਖੁਦ ਹਿਜ਼ਬੁੱਲਾ ਉੱਤੇ ਪਾਬੰਦੀ ਲਗਾਈ ਹੋਈ ਹੈ ਅਤੇ ਉਹ ਇਸ ਸੰਗਠਨ ਦੀਆਂ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਇਜ਼ਰਾਈਲ ਵੱਲੋਂ ਲਿਬਨਾਨ ਉੱਤੇ ਹਮਲਾ ਕਰਨ ਦਾ ਕੋਈ ਵਾਜਬ ਕਾਰਨ ਨਹੀਂ ਬਣਦਾ ਅਤੇ ਕੈਨੇਡਾ ਇਸਦੀ ਪੂਰੀ ਤਰ੍ਹਾਂ ਨਿੰਦਾ ਕਰਦਾ ਹੈ।

