9.1 C
Vancouver
Sunday, April 12, 2026

ਮਿਸ਼ੀਗਨ ਵਿੱਚ ਹੱਥਕੜੀਆਂ ਸਮੇਤ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਫ਼ਰਾਰ ਹੋਈ ਮਹਿਲਾ

ਵਾਿਸ਼ੰਗਟਨ : ਅਮਰੀਕਾ ਦੇ ਮਿਸ਼ੀਗਨ ਰਾਜ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਹੱਥਕੜੀਆਂ ਵਿੱਚ ਜਕੜੀ ਇੱਕ ਮਹਿਲਾ ਪੁਲਿਸ ਕਾਰ ਦੀ ਅੱਧੀ ਖੁੱਲ੍ਹੀ ਖਿੜਕੀ ਰਾਹੀਂ ਬਾਹਰ ਨਿਕਲ ਕੇ ਫ਼ਰਾਰ ਹੋ ਗਈ । ਇਹ ਸਾਰੀ ਘਟਨਾ ਉੱਥੇ ਮੌਜੂਦ ਇੱਕ ਰਾਹਗੀਰ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਈ, ਜਿਸ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ । ਮਸਕੇਗਨ ਹਾਈਟਸ ਪੁਲਿਸ ਵਿਭਾਗ ਦੇ ਚੀਫ਼ ਮੌਰੀਸ ਸੇਨ ਨੇ ਸੋਸ਼ਲ ਮੀਡੀਆ ਰਾਹੀਂ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਮਾਮਲਾ 28 ਮਾਰਚ ਦਾ ਹੈ ਜਦੋਂ ਇੱਕ ਪੁਲਿਸ ਅਧਿਕਾਰੀ ਇੱਕ ਲਾਵਾਰਿਸ ਇਮਾਰਤ ਕੋਲ ਖੜ੍ਹੀ ਸ਼ੱਕੀ ਗੱਡੀ ਦੀ ਜਾਂਚ ਕਰ ਰਿਹਾ ਸੀ।
ਜਾਂਚ ਦੌਰਾਨ ਪੁਲਿਸ ਨੇ ਦੇਖਿਆ ਕਿ ਜਦੋਂ ਅਧਿਕਾਰੀ ਗੱਡੀ ਦੇ ਨੇੜੇ ਪਹੁੰਚਿਆ, ਤਾਂ ਅੰਦਰ ਬੈਠੇ ਇੱਕ ਵਿਅਕਤੀ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੂੰ ਦੇਖ ਕੇ ਉਹ ਤੁਰੰਤ ਵਾਪਸ ਅੰਦਰ ਬੈਠ ਗਿਆ। ਪੁਲਿਸ ਨੇ ਜਦੋਂ ਗੱਡੀ ਵਿੱਚ ਸਵਾਰ ਮਹਿਲਾ ਯਾਤਰੀ ਦੀ ਪਛਾਣ ਕਰਨੀ ਚਾਹੀ, ਤਾਂ ਉਹ ਕੋਈ ਸਹੀ ਜਾਣਕਾਰੀ ਨਹੀਂ ਦੇ ਸਕੀ । ਇਸ ਤੋਂ ਬਾਅਦ ਫਿੰਗਰਪ੍ਰਿੰਟ ਸਕੈਨਰ ਦੀ ਮਦਦ ਨਾਲ ਉਸ ਦੀ ਪਛਾਣ ਕੀਤੀ ਗਈ, ਜਿਸ ਤੋਂ ਪਤਾ ਲੱਗਿਆ ਕਿ ਉਕਤ ਮਹਿਲਾ ਦੇ ਨਾਮ ‘ਤੇ ਪੈਰੋਲ ਦੀ ਉਲੰਘਣਾ ਦਾ ਵਾਰੰਟ ਜਾਰੀ ਸੀ । ਪੁਲਿਸ ਨੇ ਤੁਰੰਤ ਉਸ ਨੂੰ ਹਿਰਾਸਤ ਵਿੱਚ ਲੈ ਕੇ ਹੱਥਕੜੀਆਂ ਲਗਾ ਦਿੱਤੀਆਂ ਅਤੇ ਪੁਲਿਸ ਗੱਡੀ ਦੀ ਪਿਛਲੀ ਸੀਟ ‘ਤੇ ਬਿਠਾ ਦਿੱਤਾ।
ਪਰ ਜਦੋਂ ਅਧਿਕਾਰੀ ਮੁਲਜ਼ਮਾਂ ਦੀ ਗੱਡੀ ਦੀ ਤਲਾਸ਼ੀ ਲੈਣ ਵਿੱਚ ਰੁੱਝੇ ਹੋਏ ਸਨ, ਤਾਂ ਮਹਿਲਾ ਨੇ ਆਪਣੀ ਚੁਸਤੀ ਦਿਖਾਉਂਦਿਆਂ ਪੁਲਿਸ ਕਾਰ ਦੀ ਅੱਧੀ ਖੁੱਲ੍ਹੀ ਪਿਛਲੀ ਖਿੜਕੀ ਰਾਹੀਂ ਖੁਦ ਨੂੰ ਬਾਹਰ ਕੱਢ ਲਿਆ । ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਕਿਸ ਤਰ੍ਹਾਂ ਮੁਸ਼ਕਿਲ ਨਾਲ ਉਸ ਤੰਗ ਖਿੜਕੀ ਰਾਹੀਂ ਨਿਕਲਦੀ ਹੈ ਅਤੇ ਬਾਹਰ ਆਉਂਦੇ ਹੀ ਉੱਥੋਂ ਪੈਦਲ ਫ਼ਰਾਰ ਹੋ ਜਾਂਦੀ ਹੈ । ਪੁਲਿਸ ਨੂੰ ਇਸ ਬਾਰੇ ਉਦੋਂ ਪਤਾ ਲੱਗਿਆ ਜਦੋਂ ਉਹ ਵਾਪਸ ਆਪਣੀ ਕਾਰ ਕੋਲ ਆਏ, ਪਰ ਉਦੋਂ ਤੱਕ ਮੁਲਜ਼ਮ ਮਹਿਲਾ ਪੁਲਿਸ ਦੀ ਪਹੁੰਚ ਤੋਂ ਦੂਰ ਜਾ ਚੁੱਕੀ ਸੀ।
ਇਸ ਘਟਨਾ ਨੇ ਪੁਲਿਸ ਦੀ ਕਾਰਜਪ੍ਰਣਾਲੀ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ । ਪੁਲਿਸ ਚੀਫ਼ ਨੇ ਕਿਹਾ ਕਿ ਇਹ ਇੱਕ ਵੱਡੀ ਚੂਕ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਨੂੰ ਰੱਖਣ ਵੇਲੇ ਖਿੜਕੀ ਖੁੱਲ੍ਹੀ ਕਿਉਂ ਛੱਡੀ ਗਈ ਸੀ । ਫਿਲਹਾਲ ਪੁਲਿਸ ਟੀਮਾਂ ਫ਼ਰਾਰ ਮਹਿਲਾ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀਆਂ ਹਨ ਅਤੇ ਉਸ ਵਿਰੁੱਧ ਹਿਰਾਸਤ ਵਿੱਚੋਂ ਫ਼ਰਾਰ ਹੋਣ ਦਾ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਪੁਲਿਸ ਦੀ ਮੁਸਤੈਦੀ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ।

ਰੁਝਾਨ ਖਬਰਾਂ