9.1 C
Vancouver
Sunday, April 12, 2026

ਬੀ.ਸੀ. ਕੰਜ਼ਰਵੇਟਿਵ ਲੀਡਰਸ਼ਿਪ ਦੀ ਦੌੜ ਵਿੱਚ ਹੁਣ ਸਿਰਫ਼ ਛੇ ਉਮੀਦਵਾਰ ਬਾਕੀ

ਵੈਨਕੂਬਰ, (ਏਕਜੋਤ ਿਸੰਘ): ਬ੍ਰਿਟਿਸ਼ ਕੋਲੰਬੀਆ ਦੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੀ ਚੋਣ ਲਗਾਤਾਰ ਦਿਲਚਸਪ ਹੁੰਦੀ ਜਾ ਰਹੀ ਹੈ। ਇਸ ਦੌੜ ਵਿੱਚ ਸ਼ਾਮਲ ਉਮੀਦਵਾਰਾਂ ਦੀ ਗਿਣਤੀ ਹੁਣ ਘੱਟ ਕੇ ਸਿਰਫ਼ ਛੇ ਰਹਿ ਗਈ ਹੈ। ਹਾਲ ਹੀ ਵਿੱਚ ਉਮੀਦਵਾਰ ਡੇਰੇਲ ਜੋਨਸ ਨੇ ਅਚਾਨਕ ਇਸ ਚੋਣ ਦੌੜ ਵਿੱਚੋਂ ਬਾਹਰ ਹੋਣ ਦਾ ਐਲਾਨ ਕਰ ਦਿੱਤਾ ਹੈ। ਸੇਵ-ਆਨ-ਫੂਡਜ਼ ਦੇ ਸਾਬਕਾ ਅਧਿਕਾਰੀ ਰਹੇ ਡੇਰੇਲ ਜੋਨਸ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਹੁਣ ਸਿਆਸੀ ਟਿੱਪਣੀਕਾਰ ਕੈਰੋਲੀਨ ਇਲੀਅਟ ਦਾ ਸਮਰਥਨ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅਤੇ ਇਲੀਅਟ ਕਈ ਅਹਿਮ ਮੁੱਦਿਆਂ ਉੱਤੇ ਇੱਕੋ ਜਿਹੀ ਸੋਚ ਰੱਖਦੇ ਹਨ। ਇਨ੍ਹਾਂ ਮੁੱਦਿਆਂ ਵਿੱਚ ਛੋਟੇ ਕਾਰੋਬਾਰਾਂ ਅਤੇ ਉਦਯੋਗਾਂ ਨਾਲ ਮਿਲ ਕੇ ਕੰਮ ਕਰਨਾ, ਸਰਕਾਰੀ ਖਰਚਿਆਂ ਨੂੰ ਘਟਾਉਣਾ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣਾ ਸ਼ਾਮਲ ਹੈ।
ਇਸ ਤੋਂ ਪਹਿਲਾਂ ਇਸੇ ਮਹੀਨੇ ਦੋ ਹੋਰ ਉਮੀਦਵਾਰ ਬਰੂਸ ਬੈਨਮੈਨ ਅਤੇ ਹਰਮਨ ਭੰਗੂ ਵੀ ਲੀਡਰਸ਼ਿਪ ਦੀ ਇਸ ਦੌੜ ਵਿੱਚੋਂ ਬਾਹਰ ਹੋ ਗਏ ਸਨ। ਇਹ ਦੋਵੇਂ ਨੇਤਾ ਸੂਬਾਈ ਵਿਧਾਨ ਸਭਾ ਦੇ ਮੈਂਬਰ ਹਨ। ਹਰਮਨ ਭੰਗੂ ਨੇ ਵੀ ਆਪਣਾ ਸਮਰਥਨ ਕੈਰੋਲੀਨ ਇਲੀਅਟ ਨੂੰ ਦੇਣ ਦਾ ਐਲਾਨ ਕੀਤਾ ਸੀ ਜਦਕਿ ਬਰੂਸ ਬੈਨਮੈਨ ਨੇ ਯੂਰੀ ਫੁਲਮਰ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ। ਜੋਨਸ ਦੇ ਬਾਹਰ ਹੋਣ ਤੋਂ ਬਾਅਦ ਹੁਣ ਮੁੱਖ ਵਿਰੋਧੀ ਧਿਰ ਦੀ ਲੀਡਰਸ਼ਿਪ ਲਈ ਮੁਕਾਬਲਾ ਕਾਫੀ ਸਖ਼ਤ ਹੋ ਗਿਆ ਹੈ। ਮੌਜੂਦਾ ਸਮੇਂ ਵਿੱਚ ਠੇਕੇਦਾਰ ਵਾਰੇਨ ਹੈਮ, ਉੱਦਮੀ ਯੂਰੀ ਫੁਲਮਰ, ਬੀ.ਸੀ. ਲਿਬਰਲ ਦੇ ਸਾਬਕਾ ਕੈਬਨਿਟ ਮੰਤਰੀ ਇਆਨ ਬਲੈਕ, ਸਾਬਕਾ ਫੈਡਰਲ ਐਮਪੀ ਕੈਰੀ-ਲਿਨ ਫਿੰਡਲੇ, ਪੀਟਰ ਮਿਲੋਬਾਰ ਅਤੇ ਕੈਰੋਲੀਨ ਇਲੀਅਟ ਮੈਦਾਨ ਵਿੱਚ ਡਟੇ ਹੋਏ ਹਨ। ਜ਼ਿਕਰਯੋਗ ਹੈ ਕਿ ਪੀਟਰ ਮਿਲੋਬਾਰ ਇਕਲੌਤੇ ਅਜਿਹੇ ਉਮੀਦਵਾਰ ਹਨ ਜੋ ਮੌਜੂਦਾ ਸਮੇਂ ਵਿੱਚ ਵਿਧਾਇਕ ਵੀ ਹਨ।
ਪਾਰਟੀ ਦੇ ਨਿਯਮਾਂ ਅਨੁਸਾਰ ਚੋਣ ਦੌੜ ਵਿੱਚ ਬਣੇ ਰਹਿਣ ਲਈ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਇੱਕ ਅਪ੍ਰੈਲ ਤੱਕ 40 ਹਜ਼ਾਰ ਡਾਲਰ ਅਤੇ ਫਿਰ 18 ਅਪ੍ਰੈਲ ਤੱਕ ਹੋਰ 60 ਹਜ਼ਾਰ ਡਾਲਰ ਦੀ ਫੀਸ ਜਮ੍ਹਾਂ ਕਰਵਾਉਣੀ ਪਵੇਗੀ। ਪਾਰਟੀ ਦੇ ਨਵੇਂ ਨੇਤਾ ਦੇ ਨਾਮ ਦਾ ਐਲਾਨ 30 ਮਈ ਨੂੰ ਕੀਤਾ ਜਾਵੇਗਾ। ਇਸ ਦੌਰਾਨ ਕੈਰੋਲੀਨ ਇਲੀਅਟ ਨੇ ਜੋਨਸ ਵੱਲੋਂ ਦਿੱਤੇ ਗਏ ਸਮਰਥਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜੋਨਸ ਦਾ ਸਾਥ ਮਿਲਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਇਲੀਅਟ ਨੇ ਜੋਨਸ ਦੇ 48 ਸਾਲਾਂ ਦੇ ਵਪਾਰਕ ਤਜ਼ਰਬੇ ਅਤੇ ਬੀ.ਸੀ. ਚਿਲਡਰਨ ਹਸਪਤਾਲ ਫਾਊਂਡੇਸ਼ਨ ਵਿੱਚ ਨਿਭਾਈਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਭਰੋਸਾ ਜਤਾਇਆ ਕਿ ਉਹ ਸਾਰੇ ਮਿਲ ਕੇ ਬ੍ਰਿਟਿਸ਼ ਕੋਲੰਬੀਆ ਵਿੱਚ ਮੁੜ ਖੁਸ਼ਹਾਲੀ ਲਿਆਉਣ ਲਈ ਕੰਮ ਕਰਨਗੇ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ