18.2 C
Vancouver
Thursday, August 13, 2026

ਡਿਮੇਨਸ਼ੀਆ ਨੂੰ ਕੌਮੀ ਸਿਹਤ ਐਮਰਜੈਂਸੀ ਐਲਾਨਣ ਲਈ ਉੱਠੀ ਆਵਾਜ਼

ਸਰੀ, (ਏਕਜੋਤ ਿਸੰਘ): ਸਾਊਥ ਸਰੀ ਦੇ ਰਹਿਣ ਵਾਲੇ ਅਤੇ ਟਾਕ ਰੇਡੀਓ ਹੋਸਟ ਇਵਾਨ ਸਕਾਟ ਨੇ ਫੈਡਰਲ ਸਰਕਾਰ ਤੋਂ ਇੱਕ ਅਹਿਮ ਮੰਗ ਕੀਤੀ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਡਿਮੇਨਸ਼ੀਆ (ਯਾਦਦਾਸ਼ਤ ਕਮਜ਼ੋਰ ਹੋਣ ਦੀ ਬਿਮਾਰੀ) ਨੂੰ ਰਸਮੀ ਤੌਰ ਉੱਤੇ ਇੱਕ ਰਾਸ਼ਟਰੀ ਸਿਹਤ ਐਮਰਜੈਂਸੀ ਐਲਾਨਿਆ ਜਾਵੇ। ਸਕਾਟ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਇਹ ਮੰਗ ਕਿਸੇ ਵੀ ਤਰ੍ਹਾਂ ਰਾਜਨੀਤਿਕ ਨਹੀਂ ਹੈ ਸਗੋਂ ਇਹ ਪੂਰੇ ਦੇਸ਼ ਦੇ ਲੋਕਾਂ ਦੀ ਸਿਹਤ ਨਾਲ ਜੁੜਿਆ ਇੱਕ ਗੰਭੀਰ ਮੁੱਦਾ ਹੈ। ਉਨ੍ਹਾਂ ਦੱਸਿਆ ਕਿ ਡਿਮੇਨਸ਼ੀਆ ਕੈਨੇਡਾ ਦੇ ਹਰ ਖੇਤਰ, ਸੱਭਿਆਚਾਰ ਅਤੇ ਭਾਈਚਾਰੇ ਦੇ ਪਰਿਵਾਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਅੰਕੜਿਆਂ ਦਾ ਹਵਾਲਾ ਦਿੰਦਿਆਂ ਸਕਾਟ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ 7 ਲੱਖ 50 ਹਜ਼ਾਰ ਤੋਂ ਵੱਧ ਕੈਨੇਡੀਅਨ ਇਸ ਬਿਮਾਰੀ ਤੋਂ ਪੀੜਤ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਅੰਕੜਾ 17 ਲੱਖ ਨੂੰ ਪਾਰ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਡਿਮੇਨਸ਼ੀਆ ਸਿਰਫ਼ ਇੱਕ ਮੈਡੀਕਲ ਸਥਿਤੀ ਨਹੀਂ ਹੈ, ਸਗੋਂ ਇਹ ਮਰੀਜ਼ ਦੀ ਪਛਾਣ ਅਤੇ ਆਜ਼ਾਦੀ ਖੋਹ ਲੈਂਦਾ ਹੈ। ਇਸ ਬਿਮਾਰੀ ਕਾਰਨ ਦੇਖਭਾਲ ਕਰਨ ਵਾਲੇ ਪਰਿਵਾਰਕ ਮੈਂਬਰ ਆਰਥਿਕ ਅਤੇ ਮਾਨਸਿਕ ਤੌਰ ਉੱਤੇ ਟੁੱਟ ਜਾਂਦੇ ਹਨ, ਪਰ ਫਿਰ ਵੀ ਇਸ ਮੁੱਦੇ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸਕਾਟ ਨੇ ਪਾਰਟੀ ਨੇਤਾਵਾਂ ਸਮੇਤ ਸਾਰੇ 335 ਸੰਸਦ ਮੈਂਬਰਾਂ ਨੂੰ ਇੱਕ ਪੱਤਰ ਭੇਜ ਕੇ ਇਸ ਮੁੱਦੇ ਉੱਤੇ ਸਮਰਥਨ ਮੰਗਿਆ ਹੈ। ਉਨ੍ਹਾਂ ਨੇ ਇੱਕ ਕਰਾਸ-ਪਾਰਟੀ ਡਿਮੇਨਸ਼ੀਆ ਟਾਸਕ ਫੋਰਸ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਇਸ ਬਿਮਾਰੀ ਨਾਲ ਨਜਿੱਠਣ ਲਈ ਤੁਰੰਤ ਕਦਮ ਚੁੱਕੇ ਜਾ ਸਕਣ। ਉਨ੍ਹਾਂ ਸਿਆਸਤਦਾਨਾਂ ਨੂੰ ਕਿਹਾ ਕਿ ਉਹ ਦੇਸ਼ ਵਾਸੀਆਂ ਨੂੰ ਇਹ ਭਰੋਸਾ ਦਿਵਾਉਣ ਕਿ ਲੋੜ ਪੈਣ ਉੱਤੇ ਸੰਸਦ ਉਨ੍ਹਾਂ ਦੇ ਨਾਲ ਖੜ੍ਹੀ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ