9.1 C
Vancouver
Sunday, April 12, 2026

ਚੰਦਰਮਾ ਵੱਲ ਵਧਿਆ ਆਰਟੇਮਿਸ-2 ਪੁਲਾੜ ਯਾਨ, ਕੈਨੇਡੀਅਨ ਯਾਤਰੀ ਜੇਰੇਮੀ ਹੈਨਸਨ ਵੀ ਸ਼ਾਮਲ

ਸਰੀ, (ਏਕਜੋਤ ਿਸੰਘ): ਨਾਸਾ ਦੇ ਆਰਟੇਮਿਸ-2 ਮਿਸ਼ਨ ਦੀ ਸਫਲ ਲਾਂਚਿੰਗ ਨੇ ਪੂਰੇ ਕੈਨੇਡਾ ਵਿੱਚ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਦੌੜਾ ਦਿੱਤੀ ਹੈ। ਬੁੱਧਵਾਰ ਨੂੰ ਦੇਸ਼ ਭਰ ਦੇ ਸਕੂਲਾਂ, ਸਾਇੰਸ ਕੇਂਦਰਾਂ ਅਤੇ ਲੋਕਾਂ ਦੇ ਘਰਾਂ ਵਿੱਚ ਇਸ ਇਤਿਹਾਸਕ ਪਲ ਨੂੰ ਮਨਾਉਣ ਲਈ ਖਾਸ ਇਕੱਠ ਕੀਤੇ ਗਏ। ਇਹ ਮਿਸ਼ਨ ਖੋਜ ਅਤੇ ਉਮੀਦ ਦਾ ਇੱਕ ਵੱਡਾ ਪ੍ਰਤੀਕ ਮੰਨਿਆ ਜਾ ਰਿਹਾ ਹੈ। ਟੋਰਾਂਟੋ, ਵੈਨਕੂਵਰ, ਐਡਮਿੰਟਨ ਅਤੇ ਕੈਲਗਰੀ ਵਰਗੇ ਵੱਡੇ ਸ਼ਹਿਰਾਂ ਵਿੱਚ ਲੋਕਾਂ ਨੇ ਲਾਂਚਿੰਗ ਦੇਖਣ ਲਈ ਵਿਸ਼ੇਸ਼ ਪਾਰਟੀਆਂ ਦਾ ਆਯੋਜਨ ਕੀਤਾ। ਇਸ ਮਿਸ਼ਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿੱਚ 50 ਸਾਲਾ ਕੈਨੇਡੀਅਨ ਪੁਲਾੜ ਯਾਤਰੀ ਜੇਰੇਮੀ ਹੈਨਸਨ ਵੀ ਸ਼ਾਮਲ ਹਨ ਜੋ ਕਿ ਓਂਟਾਰੀਓ ਦੇ ਲੰਡਨ ਸ਼ਹਿਰ ਨਾਲ ਸਬੰਧ ਰੱਖਦੇ ਹਨ। ਹੈਨਸਨ ਧਰਤੀ ਦੇ ਹੇਠਲੇ ਪੰਧ ਤੋਂ ਬਾਹਰ ਜਾਣ ਵਾਲੇ ਪਹਿਲੇ ਗੈਰ-ਅਮਰੀਕੀ ਨਾਗਰਿਕ ਬਣ ਗਏ ਹਨ ਜਿਸ ਕਾਰਨ ਕੈਨੇਡਾ ਵਾਸੀ ਬਹੁਤ ਮਾਣ ਮਹਿਸੂਸ ਕਰ ਰਹੇ ਹਨ।
ਹੈਨਸਨ ਦੇ ਨਾਲ ਨਾਸਾ ਦੇ ਤਿੰਨ ਹੋਰ ਤਜਰਬੇਕਾਰ ਪੁਲਾੜ ਯਾਤਰੀ ਰੀਡ ਵਾਈਜ਼ਮੈਨ, ਵਿਕਟਰ ਗਲੋਵਰ ਅਤੇ ਕ੍ਰਿਸਟੀਨਾ ਕੋਚ ਵੀ ਇਸ ਓਰੀਅਨ ਪੁਲਾੜ ਯਾਨ ਵਿੱਚ ਸਵਾਰ ਹਨ। ਉਨ੍ਹਾਂ ਨੇ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਸ਼ਾਮ ਨੂੰ ਉਡਾਣ ਭਰੀ ਸੀ। ਜਿਵੇਂ ਹੀ ਰਾਕੇਟ ਆਸਮਾਨ ਵੱਲ ਵਧਿਆ, ਨਾਸਾ ਵੱਲੋਂ ਐਲਾਨ ਕੀਤਾ ਗਿਆ ਕਿ ਅਮਲਾ ਹੁਣ ਚੰਦਰਮਾ ਵੱਲ ਰਵਾਨਾ ਹੋ ਚੁੱਕਾ ਹੈ। ਦੱਸ ਦਈਏ ਕਿ ਇਹ 10 ਦਿਨਾਂ ਦਾ ਮਿਸ਼ਨ ਹੈ ਅਤੇ 50 ਸਾਲਾਂ ਤੋਂ ਵੱਧ ਸਮੇਂ ਬਾਅਦ ਮਨੁੱਖ ਜਾਤੀ ਮੁੜ ਚੰਦਰਮਾ ਦੇ ਸਫ਼ਰ ਉੱਤੇ ਨਿਕਲੀ ਹੈ। ਓਟਵਾ ਵਿੱਚ ਨੈਸ਼ਨਲ ਆਰਟਸ ਸੈਂਟਰ ਦੇ ਬਾਹਰ ਵੀ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਜਿੱਥੇ ਪੰਜ ਮੰਜ਼ਿਲਾ ਕੱਚ ਦੀ ਇਮਾਰਤ ਉੱਤੇ ਲਾਂਚਿੰਗ ਦਾ ਸਿੱਧਾ ਪ੍ਰਸਾਰਣ ਦਿਖਾਇਆ ਗਿਆ। ਜਿਵੇਂ ਹੀ ਉਲਟੀ ਗਿਣਤੀ ਖਤਮ ਹੋਈ, ਲੋਕਾਂ ਨੇ ਜ਼ੋਰਦਾਰ ਤਾੜੀਆਂ ਮਾਰ ਕੇ ਖੁਸ਼ੀ ਜ਼ਾਹਰ ਕੀਤੀ।

ਰੁਝਾਨ ਖਬਰਾਂ