ਸਰੀ, (ਏਕਜੋਤ ਿਸੰਘ): ਕੈਨੇਡਾ ਪੋਸਟ ਨੇ ਆਪਣੇ ਕਾਰੋਬਾਰੀ ਢਾਂਚੇ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਵੱਡੇ ਆਧੁਨਿਕੀਕਰਨ ਪਲਾਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਘਰ-ਘਰ ਜਾ ਕੇ ਡਾਕ ਪਹੁੰਚਾਉਣ ਦੀ ਰਵਾਇਤੀ ਸੇਵਾ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ । ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਾਰਪੋਰੇਸ਼ਨ ਨੇ ਕਿਹਾ ਕਿ ਇਹ ਫੈਸਲਾ ਫੈਡਰਲ ਸਰਕਾਰ ਦੇ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਿਆ ਗਿਆ ਹੈ, ਜਿਨ੍ਹਾਂ ਦਾ ਉਦੇਸ਼ ਡਾਕ ਸੇਵਾਵਾਂ ਨੂੰ ਟੈਕਸ ਦਾਤਾਵਾਂ ‘ਤੇ ਬੋਝ ਬਣਾਏ ਬਿਨਾਂ ਆਤਮ-ਨਿਰਭਰ ਬਣਾਉਣਾ ਹੈ । ਇਸ ਯੋਜਨਾ ਦੇ ਤਹਿਤ ਹੁਣ ਸਾਰੇ ਰਿਹਾਇਸ਼ੀ ਪਤਿਆਂ ‘ਤੇ ਡਾਕ ਪਹੁੰਚਾਉਣ ਲਈ ‘ਕਮਿਊਨਿਟੀ ਮੇਲਬਾਕਸ’ ਦੀ ਵਰਤੋਂ ਕੀਤੀ ਜਾਵੇਗੀ ਅਤੇ ਰਿਟੇਲ ਨੈੱਟਵਰਕ ਦਾ ਵੀ ਆਧੁਨਿਕੀਕਰਨ ਕੀਤਾ ਜਾਵੇਗਾ।
ਫੈਡਰਲ ਸਰਕਾਰ ਨੇ ਪਿਛਲੇ ਸਾਲ ਹੀ ਕੈਨੇਡਾ ਪੋਸਟ ਨੂੰ ਆਪਣੇ ਵਿੱਤੀ ਹਾਲਾਤ ਸੁਧਾਰਨ ਲਈ ਡਾਕਘਰਾਂ ਨੂੰ ਬੰਦ ਕਰਨ ਜਾਂ ਉਨ੍ਹਾਂ ਦੇ ਰੂਪ ਨੂੰ ਬਦਲਣ ਦੀ ਇਜਾਜ਼ਤ ਦਿੱਤੀ ਸੀ । ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਗੈਰ-ਜ਼ਰੂਰੀ ਚਿੱਠੀਆਂ ਨੂੰ ਹਵਾਈ ਜਹਾਜ਼ਾਂ ਦੀ ਬਜਾਏ ਸੜਕੀ ਰਸਤਿਆਂ ਰਾਹੀਂ ਭੇਜਿਆ ਜਾਵੇਗਾ, ਕਿਉਂਕਿ ਡਿਜੀਟਲ ਦੌਰ ਵਿੱਚ ਚਿੱਠੀਆਂ ਦੀ ਮਾਤਰਾ ਕਾਫ਼ੀ ਘੱਟ ਗਈ ਹੈ । ਕੈਨੇਡਾ ਪੋਸਟ ਦੇ ਜ਼ਿੰਮੇਵਾਰ ਮੰਤਰੀ ਜੋਏਲ ਲਾਈਟਬਾਊਂਡ ਨੇ ਕਿਹਾ ਕਿ ਇਹ ਤਬਦੀਲੀਆਂ ਕਾਰਪੋਰੇਸ਼ਨ ਦੀ ਹੋਂਦ ਬਚਾਉਣ ਲਈ ਬੇਹੱਦ ਜ਼ਰੂਰੀ ਹਨ । ਉਨ੍ਹਾਂ ਅਨੁਸਾਰ ਮੌਜੂਦਾ ਸਥਿਤੀ ਟਿਕਾਊ ਨਹੀਂ ਹੈ ਅਤੇ ਸਰਕਾਰ ਵੱਲੋਂ ਵਾਰ-ਵਾਰ ਦਿੱਤੇ ਜਾਣ ਵਾਲੇ ਬੇਲਆਊਟ ਪੈਕੇਜ ਇਸ ਦਾ ਸਥਾਈ ਹੱਲ ਨਹੀਂ ਹਨ।
ਅੰਕੜਿਆਂ ਅਨੁਸਾਰ, ਇਸ ਸਮੇਂ ਕੈਨੇਡਾ ਦੇ ਲਗਭਗ ਇੱਕ ਚੌਥਾਈ ਨਿਵਾਸੀ ਯਾਨੀ ਕਿ 40 ਲੱਖ ਰਿਹਾਇਸ਼ੀ ਪਤੇ ਅਜੇ ਵੀ ਰੋਜ਼ਾਨਾ ਘਰ-ਘਰ ਡਾਕ ਸੇਵਾ ਪ੍ਰਾਪਤ ਕਰ ਰਹੇ ਹਨ । ਹੁਣ ਇਨ੍ਹਾਂ ਸਾਰੇ ਪਤਿਆਂ ਨੂੰ ਹੌਲੀ-ਹੌਲੀ ਕਮਿਊਨਿਟੀ, ਅਪਾਰਟਮੈਂਟ ਜਾਂ ਪੇਂਡੂ ਮੇਲਬਾਕਸਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ । ਮੰਤਰੀ ਲਾਈਟਬਾਊਂਡ ਨੇ ਸਪੱਸ਼ਟ ਕੀਤਾ ਕਿ ਇਹ ਪ੍ਰਕਿਰਿਆ ਅਗਲੇ ਨੌਂ ਸਾਲਾਂ ਵਿੱਚ ਪੂਰੀ ਕੀਤੀ ਜਾਵੇਗੀ, ਜਿਸ ਦਾ ਵੱਡਾ ਹਿੱਸਾ ਅਗਲੇ ਤਿੰਨ ਤੋਂ ਚਾਰ ਸਾਲਾਂ ਦੌਰਾਨ ਮੁਕੰਮਲ ਹੋ ਜਾਵੇਗਾ । ਇਸ ਫੈਸਲੇ ਨਾਲ ਕੈਨੇਡਾ ਪੋਸਟ ਨੂੰ ਆਪਣੇ ਖਰਚੇ ਘਟਾਉਣ ਅਤੇ ਆਧੁਨਿਕ ਲੋੜਾਂ ਅਨੁਸਾਰ ਢਲਣ ਵਿੱਚ ਮਦਦ ਮਿਲੇਗੀ।
ਹਾਲਾਂਕਿ, ਇਸ ਫੈਸਲੇ ਦਾ ਕਈ ਹਲਕਿਆਂ ਵਿੱਚ ਵਿਰੋਧ ਹੋਣ ਦੀ ਵੀ ਸੰਭਾਵਨਾ ਹੈ, ਖ਼ਾਸ ਕਰਕੇ ਬਜ਼ੁਰਗਾਂ ਅਤੇ ਦਿਵਿਆਂਗ ਲੋਕਾਂ ਲਈ ਜੋ ਆਪਣੇ ਘਰਾਂ ਤੋਂ ਦੂਰ ਮੇਲਬਾਕਸ ਤੱਕ ਜਾਣ ਵਿੱਚ ਅਸਮਰੱਥ ਹੋ ਸਕਦੇ ਹਨ। ਪਰ ਸਰਕਾਰ ਅਤੇ ਕੈਨੇਡਾ ਪੋਸਟ ਦਾ ਤਰਕ ਹੈ ਕਿ ਡਿਜੀਟਲ ਕ੍ਰਾਂਤੀ ਕਾਰਨ ਡਾਕ ਸੇਵਾਵਾਂ ਦੇ ਸਰੂਪ ਵਿੱਚ ਤਬਦੀਲੀ ਲਿਆਉਣਾ ਸਮੇਂ ਦੀ ਮੰਗ ਹੈ । ਕਾਰਪੋਰੇਸ਼ਨ ਹੁਣ ਆਪਣਾ ਧਿਆਨ ਚਿੱਠੀਆਂ ਦੀ ਬਜਾਏ ਪਾਰਸਲ ਡਿਲੀਵਰੀ ‘ਤੇ ਵਧੇਰੇ ਕੇਂਦਰਿਤ ਕਰ ਰਹੀ ਹੈ, ਜੋ ਕਿ ਈ-ਕਾਮਰਸ ਦੇ ਵਧਦੇ ਰੁਝਾਨ ਕਾਰਨ ਮੁਨਾਫ਼ੇ ਵਾਲਾ ਸੌਦਾ ਸਾਬਤ ਹੋ ਸਕਦਾ ਹੈ । ਇਸ ਆਧੁਨਿਕੀਕਰਨ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਕੈਨੇਡਾ ਪੋਸਟ ਮੁੜ ਆਪਣੇ ਪੈਰਾਂ ‘ਤੇ ਖੜ੍ਹੀ ਹੋ ਸਕੇਗੀ। This report was written by Ekjot Singh as part of the Local Journalism Initiative.

