ਟੋਰਾਂਟੋ : ਸੰਨ 2019 ਦੇ ‘ਇੱਕ ਰਾਸ਼ਟਰ ਇੱਕ ਭਾਸ਼ਾ’ ਦੇ ਬਿਆਨ ਅਤੇ ‘ਅਪਮਾਨਜਨਕ ਟਿੱਪਣੀਆਂ’ ਕਾਰਨ ਪੈਦਾ ਹੋਏ ਵਿਵਾਦ ਮਗਰੋਂ, ਗਾਇਕ ਗੁਰਦਾਸ ਮਾਨ ਦਾ ਬਰੈਂਪਟਨ ‘ਚ ਹੋਇਆ ਪਹਿਲਾਂ ਸ਼ੋਅ ਵਿਰੋਧ ਦੀ ਭੇਟ ਚੜ ਗਿਆ ਅਤੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੇ ਉਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਓਂਟਾਰੀਓ ਤੱਕ ਦੀਆਂ ਪੰਜਾਬੀ ਅਤੇ ਸਿੱਖ ਸੰਸਥਾਵਾਂ ਵੱਲੋਂ ਗੁਰਦਾਸ ਮਾਨ ਦੇ ਸ਼ੋਅ ਦੇ ਬਾਈਕਾਟ ਦਾ ਸੱਦਾ ਸੀ। ਪਿਛਲੇ ਕੁਝ ਸਾਲਾਂ ਦੌਰਾਨ ਗੁਰਦਾਸ ਮਾਨ ਵੱਲੋਂ ਕੀਤੇ ਗਏ ਬਿਆਨਾਂ; ਭੰਗੀ ਪਖੰਡੀ ਸਾਧ ਦੀ ਤੁਲਨਾ ਗੁਰੂ ਅਮਰਦਾਸ ਜੀ ਨਾਲ ਕਰਨਾ, ਕੇਪੀਐਸ ਵਰਗੇ ਬੁੱਚੜ ਦੀ ਪਰੋੜਤਾ ਕਰਨੀ, “ਇੱਕ ਰਾਸ਼ਟਰ, ਇੱਕ ਭਾਸ਼ਾ” ਦੀ ਵਕਾਲਤ, ਪੰਜਾਬੀ ਭਾਸ਼ਾ ਨੂੰ ਹਾਸ਼ੀਏ ‘ਤੇ ਰੱਖਣ ਵਾਲੇ ਵਿਚਾਰ, ਅਤੇ ਕੈਨੇਡਾ ਵਿੱਚ ਪ੍ਰਦਰਸ਼ਨਕਾਰੀਆਂ ਨਾਲ ‘ਅਪਮਾਨਜਨਕ’ ਵਰਤਾਅ ਨੇ ਵਿਸ਼ਾਲ ਪੱਧਰ ‘ਤੇ ਨਾਰਾਜ਼ਗੀ ਪੈਦਾ ਕੀਤੀ ਹੈ। ਗੁਰਦਾਸ ਮਾਨ ਦੀ ਅਪਮਾਨਜਨਕ ਸ਼ਬਦਾਵਲੀ ਅਤੇ ਅਜਿਹੇ ਬਿਆਨ ਅਤੇ ਰਵੱਈਏ ਸਿੱਖ ਪਹਿਚਾਣ ਅਤੇ ਪੰਜਾਬੀ ਬੋਲੀ ਲਈ ਖ਼ਤਰਾ ਮੰਨੇ ਜਾ ਰਹੇ ਹਨ। ਇਸ ਦੌਰਾਨ ਐਡਮਿੰਟਨ ਵਾਸੀ ਸਿੱਖ ਆਗੂ ਭਾਈ ਗੁਲਜ਼ਾਰ ਸਿੰਘ ਨੇ ਕਿਹਾ ਕਿ ਗੁਰਦਾਸ ਮਾਨ ਦੀ ਸਿੱਖ ਵਿਰੋਧੀ ਅਤੇ ਪੰਜਾਬੀ ਵਿਰੋਧੀ ਹਰਕਤਾਂ ਕਰਕੇ ਦੋ ਅਪ੍ਰੈਲ ਨੂੰ ਐਡਮਿੰਟਨ ਅਤੇ ਚਾਰ ਅਪ੍ਰੈਲ ਨੂੰ ਕੈਲਗਰੀ ਵਿੱਚ ਜ਼ੋਰਦਾਰ ਵਿਰੋਧਤਾ ਕੀਤੀ ਜਾਏਗੀ ਅਤੇ ਜਾਗਦੀ ਜ਼ਮੀਰ ਵਾਲੇ ਪੰਜਾਬੀ ਇਸ ਵਿੱਚ ਸ਼ਾਮਿਲ ਹੋਣਗੇ।
ਬਰੈਂਪਟਨ ਵਿਖੇ ਗੁਰਦਾਸ ਮਾਨ ਦੇ ਪ੍ਰੋਗਰਾਮ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਨ ਵਾਲੇ ‘ਵਿਸ਼ਵ ਪੰਜਾਬੀ ਕਾਨਫਰੰਸਾਂ, ਟਰਾਂਟੋ’ ਦੇ ਪ੍ਰਬੰਧਕ ਜਸਬੀਰ ਸਿੰਘ ਬੋਪਾਰਾਏ ਨੇ ਕਿਹਾ ਕਿ ਸ਼ੋਅ ਵੇਖਣ ਲਈ ਹਾਲ ਵਿੱਚ ਜਾਣ ਵਾਲਿਆਂ ਵਿੱਚੋਂ ਵੀ ਬਜ਼ੁਰਗਾਂ ਅਤੇ ਨੌਜਵਾਨਾਂ ਨੇ ਉਹਨਾਂ ਦਾ ਸਾਥ ਦਿੱਤਾ ਅਤੇ ਗੁਰਦਾਸ ਮਾਨ ਦੇ ਸ਼ੋਅ ਦਾ ਬਾਈਕਾਟ ਕੀਤਾ। ਉਹਨਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਅਤੇ ਸਿੱਖ ਅਸੂਲਾਂ ਦੇ ਵਿਰੁੱਧ ਕਿਸੇ ਵੀ ਰੁਝਾਨ ਨੂੰ ਕੈਨੇਡਾ ਦੀ ਧਰਤੀ ‘ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ ਅਤੇ ਜਦੋਂ ਕੋਈ ਕਲਾਕਾਰ ਸਰਕਾਰੀ ਬਿਰਤਾਂਤ ਦੇ ਸਹਾਰੇ ਮਾਂ ਬੋਲੀ ਜਾਂ ਕੌਮੀ ਜਜ਼ਬਾਤਾਂ ਦੇ ਵਿਰੁੱਧ ਖੜ੍ਹਦਾ ਹੈ, ਤਾਂ ਭਾਈਚਾਰੇ ਵੱਲੋਂ ਵਿਰੋਧ ਕਰਨਾ ਜਾਇਜ਼ ਅਤੇ ਲਾਜ਼ਮੀ ਹੈ। ਇਸ ਮੌਕੇ ‘ਤੇ ਪੰਜਾਬੀ ਆਗੂਆਂ ਨੇ ਲੋਕਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਵਿਰੋਧ ਕਰਨ ਦੇ ਕਾਰਨਾਂ ‘ਤੇ ਚਾਨਣਾ ਪਾਇਆ। ਵਿਰੋਧ ਕਰਨ ਵਾਲੀਆਂ ਸ਼ਖਸੀਅਤਾਂ ਚੋਂ ਭਾਈ ਮਨਵੀਰ ਸਿੰਘ ਸੰਧੂ ਨੇ ਗੁਰਦਾਸ ਮਾਨ ਨੂੰ ਹੰਕਾਰੀ ਕਰਾਰ ਦਿੰਦਿਆਂ, ਉਸ ਦੀ ਮੰਦੀ ਸ਼ਬਦਾਵਲੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਗਗਨਦੀਪ ਸਿੰਘ ਖਾਲਸਾ ਦਾ ਕਹਿਣਾ ਸੀ ਕਿ ਜਦੋਂ ਕੈਨੇਡਾ ‘ਚ ਵਿਦੇਸ਼ੀ ਦਖਲ ਅੰਦਾਜ਼ੀ ਅਤੇ ਟਰਾਂਸ-ਨੈਸ਼ਨਲ ਰਿਪਰੈਸ਼ਨ ਸਿਖਰ ‘ਤੇ ਹੈ, ਉਸ ਵੇਲੇ ਗੁਰਦਾਸ ਮਾਨ ਦਾ ਸੱਭਿਆਚਾਰਕ ਪੱਖੋਂ ਪੰਜਾਬੀਆਂ ਨੂੰ ਵੰਡਣ ਅਧੀਨ ਸ਼ੋਅ ਕਰਨਾ ਵੱਡੀ ਸਾਜਿਸ਼ ਹੈ। ਨੌਜਵਾਨ ਕੁਲਜਿੰਦਰ ਸਿੰਘ ਨੇ ਕਿਹਾ ਕਿ ‘ਇੱਕ ਰਾਸ਼ਟਰ ਇੱਕ ਭਾਸ਼ਾ’ ਦਾ ਨਾਅਰਾ ਦੇ ਕੇ ਗੁਰਦਾਸ ਮਾਨ ਨੇ ਪੰਜਾਬੀਆਂ ਸਮੇਤ, ਹੋਰਨਾਂ ਘੱਟ ਗਿਣਤੀ ਭਾਈਚਾਰਿਆਂ ਦੀਆਂ ਬੋਲੀਆਂ ਦੀ ਪਿੱਠ ‘ਚ ਛੁਰਾ ਮਾਰਿਆ ਹੈ।
ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ, ਓਂਟਾਰੀਓ ਗੁਰਦੁਆਰਾ ਕਮੇਟੀ, ਕਿਊਬੈਕ ਸਿੱਖ ਕੌਂਸਲ ਨੇ ਜਾਰੀ ਪੱਤਰ ਕੈਨੇਡਾ ਵਿੱਚ ਗੁਰਦਾਸ ਮਾਨ ਦੇ ਪ੍ਰੋਗਰਾਮਾਂ ਦੇ ਮੁਕੰਮਲ ਬਾਈਕਾਟ ਅਤੇ ਵਿਰੋਧ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਇਹ ਵਿਰੋਧ ਉਹਨਾਂ ਬਿਆਨਾਂ, ਰੁਝਾਨਾਂ ਅਤੇ ਪੰਜਾਬ, ਪੰਜਾਬੀ ਅਤੇ ਸਿੱਖ ਵਿਰੋਧੀ ਬਿਰਤਾਂਤ ਕਾਰਨ ਹਨ, ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ, ਸਿੱਖ ਪਹਿਚਾਣ ਅਤੇ ਕੌਮੀ ਅਸੂਲਾਂ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਸੰਸਥਾਵਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਮੁੱਦਾ ਸਿਰਫ਼ ਇੱਕ ਸ਼ੋਅ ਜਾਂ ਇੱਕ ਕਲਾਕਾਰ ਦਾ ਨਹੀਂ, ਬਲਕਿ ਮਾਂ ਬੋਲੀ ਪੰਜਾਬੀ ਦੀ ਇੱਜ਼ਤ, ਕੌਮੀ ਪਹਿਚਾਣ ਦੀ ਰੱਖਿਆ ਅਤੇ ਸਰਕਾਰ ਦਮਨ ਦੀਆਂ ਉਹਨਾਂ ਤਾਕਤਾਂ ਦੇ ਵਿਰੁੱਧ ਖੜ੍ਹਨ ਦਾ ਮੁੱਦਾ ਹੈ, ਜੋ ਪੰਜਾਬੀਆਂ ਦੀ ਸਾਂਝ ਅਤੇ ਅਣਖ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਪੰਜਾਬੀ ਤੇ ਸਿੱਖ ਜਥੇਬੰਦੀਆਂ ਦੇ ਬਿਆਨ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਇਹ ਬਾਈਕਾਟ ਅਤੇ ਵਿਰੋਧ ਸੋਚ ਦੇ ਵਿਰੁੱਧ ਹੈ, ਜੋ ਪੰਜਾਬੀਆਂ ਅਤੇ ਸਿੱਖਾਂ ਦੀ ਸਾਂਝ, ਭਾਸ਼ਾ ਅਤੇ ਕੌਮੀ ਅਣਖ ਨੂੰ ਨੁਕਸਾਨ ਪਹੁੰਚਾਉਂਦੀ ਹੈ। ਉਨਾਂ ਅਪੀਲ ਕੀਤੀ ਕਿ ਸਮਾਂ ਆ ਗਿਆ ਹੈ ਕਿ ਨਵੀਂ ਪੀੜ੍ਹੀ ਨੂੰ ਜਾਗਰੂਕ ਕਰੀਏ ਅਤੇ ਉਹਨਾਂ ਤਾਕਤਾਂ ਨੂੰ ਬੇਨਕਾਬ ਕਰੀਏ, ਜੋ ਸਾਡੀ ਸਾਂਝ ਅਤੇ ਪਹਿਚਾਣ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।।
ਪੰਜਾਬੀ ਮਾਂ ਬੋਲੀ ਦੇ ਵਾਰਿਸ ਸੰਸਥਾ, ਕੈਨੇਡਾ ਵੱਲੋਂ 2019 ਤੋਂ ਲਗਾਤਾਰ ਗੁਰਦਾਸ ਮਾਨ ਦਾ ਵਿਰੋਧ ਕਰ ਰਹੇ ਆਗੂਆਂ ਚਰਨਜੀਤ ਸਿੰਘ ਸੁਜੋਂ, ਗੁਲਜ਼ਾਰ ਸਿੰਘ ਨਿਰਮਾਣ, ਗੁਰਮੁਖ ਸਿੰਘ ਦਿਉਲ ਤੇ ਡਾ ਸੁਰਿੰਦਰਜੀਤ ਸਿੰਘ ਬੇਲਾ ਸਮੇਤ ਨੌਜਵਾਨਾਂ ਨੇ ਕਿਹਾ ਕਿ ਬਰੈਂਪਟਨ ਸ਼ੋਅ ਦੌਰਾਨ ਜੁਰਅੱਤ ਨਾਲ ਵਿਰੋਧ ਦਰਜ ਕਰਵਾਉਣ ਵਾਲੇ ਸੱਜਣਾਂ ਦਾ ਬਹੁਤ ਧੰਨਵਾਦ ਹੈ, ਜਿਹਨਾਂ ਨੇ ਸਟੇਡੀਅਮ, ਪੁਲਿਸ, ਸਿਟੀ ਹਾਲ ਅਤੇ ਰਾਜਨੀਤਕਾਂ ਨੂੰ ਵਿਰੋਧ ਪ੍ਰਦਰਸ਼ਨ ਸਬੰਧੀ ਜਾਣੂ ਕਰਵਾ, ਆਪਣਾ ਪੱਖ ਰੱਖਿਆ ਹੈ। ਜਾਗਰੂਕ ਆਗੂਆਂ ਨੇ ਪ੍ਰਮੋਟਰਾਂ ਨੂੰ ਬੇਗੈਰਤ ਹੋ ਕੇ ਗੁਰਦਾਸ ਮਾਨ ਦਾ ਸ਼ੋ ਕਰਾਉਣ ਅਤੇ ਉਸ ਨੂੰ ਪ੍ਰਮੋਟ ਕਰਨ ਲਈ ਵੀ ਲਾਹਣਤਾਂ ਪਾਈਆਂ।
ਸੰਸਥਾ ਦੇ ਆਗੂਆਂ ਦਾ ਕਹਿਣਾ ਹੈ ਕਿ 2 ਤੇ 4 ਅਪ੍ਰੈਲ ਨੂੰ ਐਡਮਿੰਟਨ ਅਤੇ ਕੈਲਗਰੀ ਅਤੇ 11 ਅਪ੍ਰੈਲ ਨੂੰ ਵੈਨਕੂਵਰ ਵਿੱਚ ਹੋਰ ਵੀ ਵੱਡੇ ਮੁਜ਼ਾਹਰੇ ਕਰਕੇ, ਗੁਰਦਾਸ ਮਾਨ ਦਾ ਵਿਰੋਧ ਕਰਨਗੇ ਤੇ ਇਹ ਵਿਰੋਧ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਗੁਰਦਾਸ ਮਾਨ ਆਪਣੇ ਹੰਕਾਰ ਨੂੰ ਛੱਡ ਕੇ, ਬਿਨਾ ਸ਼ਰਤ ਪੰਜਾਬੀਆਂ ਅਤੇ ਸਿੱਖਾਂ ਤੋਂ ਮੁਆਫੀ ਨਹੀਂ ਮੰਗਦਾ। ਉਹਨਾਂ ਕਿਹਾ ਕਿ ਪੰਜਾਬ ਦੇ ਵਾਰਿਸ ਆਪਣੀ ਮਾਂ ਬੋਲੀ, ਆਪਣੀ ਪਹਿਚਾਣ ਅਤੇ ਸਿੱਖ ਅਸੂਲਾਂ ਨਾਲ ਕਿਸੇ ਵੀ ਤਰ੍ਹਾਂ ਦੀ ਗਦਾਰੀ ਬਰਦਾਸ਼ਤ ਨਹੀਂ ਕਰਨਗੇ। ਅਖੀਰ ‘ਚ ਉਨਾਂ ਅਪੀਲ ਕੀਤੀ ਕਿ ਜਾਗਦੀ ਜ਼ਮੀਰ ਵਾਲਾ ਕੋਈ ਵੀ ਪੰਜਾਬੀ ਅਤੇ ਸਿੱਖ ਨਾ ਤਾਂ ਗੁਰਦਾਸ ਮਾਨ ਦੇ ਸ਼ੋਅ ਵਿੱਚ ਸ਼ਮੂਲੀਅਤ ਕਰੇ, ਨਾ ਉਸਦਾ ਪ੍ਰਚਾਰ ਕਰੇ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸਮਰਥਨ ਦੇਵੇ, ਕਿਉਂਕਿ ਗੁਰਦਾਸ ਮਾਨ ਨੇ ਵਾਰ-ਵਾਰ ਉਹਨਾਂ ਮੁੱਲਾਂ ਤੋਂ ਮੂੰਹ ਮੋੜਿਆ ਹੈ, ਜਿਨ੍ਹਾਂ ‘ਤੇ ਸਾਡੀ ਪੰਜਾਬੀ ਅਤੇ ਸਿੱਖੀ ਪਹਿਚਾਣ ਅਤੇ ਸਾਡੇ ਸਿੱਖੀ ਅਸੂਲ ਟਿਕੇ ਹੋਏ ਹਨ। ਦੂਜੇ ਪਾਸੇ ਭਰੋਸੇਯੋਗ ਮੀਡੀਏ ਨਾਲ ਗੱਲਬਾਤ ਕਰਦਿਆਂ ਕੁਝ ਪ੍ਰਮੋਟਰਾਂ ਨੇ ਕਿਹਾ ਸੀ ਕਿ ਉਹ ਗੁਰਦਾਸ ਮਾਨ ਦੇ ਕੈਨੇਡਾ ‘ਚ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ, ਪਿਛਲੀਆਂ ਸਖਤ ਗਲਤੀਆਂ ਲਈ ਮਾਫੀ ਮੰਗਵਾਉਣਗੇ, ਪਰ ਮਗਰੋਂ ਅਜਿਹੀ ਕਾਰਵਾਈ ਠੁੱਸ ਹੋ ਗਈ, ਜਿਸ ਕਾਰਨ ਗੁਰਦਾਸ ਮਾਨ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਅਤੇ ਬਾਈਕਾਟ ਹੋਇਆ।
ਮਾਂ ਬੋਲੀ ਪੰਜਾਬੀ ਦੇ ਵਾਰਿਸ ਸੰਸਥਾ ਕੈਨੇਡਾ :
ਗੁਲਜ਼ਾਰ ਸਿੰਘ, ਐਡਮਿੰਟਨ
780 863 0328
ਚਰਨਜੀਤ ਸਿੰਘ ਸੁੱਜੋਂ, ਮੌਂਟਰੀਅਲ
438 227 3465
ਗੁਰਮੁਖ ਸਿੰਘ ਦਿਓਲ, ਸਰੀ
604 834 9500
ਇੱਕ ਰਾਸ਼ਟਰ ਇੱਕ ਭਾਸ਼ਾ’ ਸਮੇਤ ‘ਅਪਮਾਨਜਨਕ’ ਟਿੱਪਣੀਆਂ ਕਾਰਨ ਗੁਰਦਾਸ ਮਾਨ ਦੇ ਬਰੈਂਪਟਨ, ਕੈਨੇਡਾ ਸ਼ੋਅ ਖਿਲਾਫ ਰੋਸ ਪ੍ਰਦਰਸ਼ਨ

