ਵਾਿਸ਼ੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਖਿਲਾਫ ਦਿੱਤੇ ਗਏ ਸਖ਼ਤ ਬਿਆਨ ਤੋਂ ਬਾਅਦ ਵਿਸ਼ਵ ਭਰ ਦੇ ਬਾਜ਼ਾਰਾਂ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਇਰਾਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਆਪਣੇ ਪਹਿਲੇ ਰਾਸ਼ਟਰੀ ਸੰਬੋਧਨ ਵਿੱਚ ਟਰੰਪ ਨੇ ਕਿਹਾ ਕਿ ਅਮਰੀਕਾ ਈਰਾਨ ਨੂੰ ਸਖ਼ਤ ਜਵਾਬ ਦੇਣਾ ਜਾਰੀ ਰੱਖੇਗਾ। ਇਸ ਬਿਆਨ ਦੇ ਆਉਂਦਿਆਂ ਹੀ ਅੰਤਰਰਾਸ਼ਟਰੀ ਪੱਧਰ ਉੱਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਚਾਰ ਫੀਸਦੀ ਤੋਂ ਵੱਧ ਦਾ ਉਛਾਲ ਆ ਗਿਆ, ਜਦਕਿ ਏਸ਼ੀਆਈ ਦੇਸ਼ਾਂ ਦੇ ਸ਼ੇਅਰ ਬਾਜ਼ਾਰਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ। ਬੁੱਧਵਾਰ ਰਾਤ ਨੂੰ ਆਪਣੇ ਭਾਸ਼ਣ ਵਿੱਚ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਜਲਦੀ ਹੀ ਈਰਾਨ ਵਿੱਚ ਆਪਣਾ ਕੰਮ ਪੂਰਾ ਕਰ ਲਵੇਗਾ ਕਿਉਂਕਿ ਉਨ੍ਹਾਂ ਦੇ ਮੁੱਖ ਰਣਨੀਤਕ ਟੀਚੇ ਪੂਰੇ ਹੋਣ ਵਾਲੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦੋ-ਤਿੰਨ ਹਫ਼ਤਿਆਂ ਵਿੱਚ ਈਰਾਨ ਨੂੰ ਪੱਥਰ ਯੁੱਗ ਵਿੱਚ ਵਾਪਸ ਭੇਜ ਦਿੱਤਾ ਜਾਵੇਗਾ। ਹਾਲਾਂਕਿ ਟਰੰਪ ਨੇ ਆਪਣੇ ਭਾਸ਼ਣ ਵਿੱਚ ਹਾਰਮੁਜ਼ ਜਲਡਮਰੂ (ਸਟਰੇਟ ਆਫ ਹਾਰਮੁਜ਼) ਨੂੰ ਖੋਲ੍ਹਣ ਲਈ ਈਰਾਨ ਨੂੰ ਦਿੱਤੀ ਗਈ ਸਮਾਂ ਸੀਮਾ ਦਾ ਕੋਈ ਜ਼ਿਕਰ ਨਹੀਂ ਕੀਤਾ। ਇਹ ਜਲਡਮਰੂ ਪੂਰੀ ਦੁਨੀਆ ਵਿੱਚ ਤੇਲ ਅਤੇ ਗੈਸ ਦੀ ਸਪਲਾਈ ਲਈ ਬਹੁਤ ਮਹੱਤਵਪੂਰਨ ਰਸਤਾ ਹੈ। ਟਰੰਪ ਨੇ ਪਹਿਲਾਂ ਧਮਕੀ ਦਿੱਤੀ ਸੀ ਕਿ ਜੇਕਰ ਇਸ ਰਸਤੇ ਨੂੰ ਨਾ ਖੋਲ੍ਹਿਆ ਗਿਆ ਤਾਂ ਅਮਰੀਕਾ ਈਰਾਨ ਦੇ ਊਰਜਾ ਢਾਂਚੇ ਉੱਤੇ ਹਮਲਾ ਕਰੇਗਾ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਟਰੰਪ ਦੇ ਭਾਸ਼ਣ ਵਿੱਚ ਯੁੱਧ ਬੰਦੀ ਨੂੰ ਲੈ ਕੇ ਕੋਈ ਸਪੱਸ਼ਟ ਰੂਪ ਰੇਖਾ ਪੇਸ਼ ਨਹੀਂ ਕੀਤੀ ਗਈ, ਜਿਸ ਕਾਰਨ ਬਾਜ਼ਾਰ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਜਾਪਾਨ ਦੇ ਟੋਕੀਓ ਸ਼ੇਅਰ ਬਾਜ਼ਾਰ ਵਿੱਚ ਨਿੱਕੇਈ ਇੰਡੈਕਸ 1.9 ਫੀਸਦੀ ਹੇਠਾਂ ਡਿੱਗ ਗਿਆ, ਜਦਕਿ ਦੱਖਣੀ ਕੋਰੀਆ ਦਾ ਕੋਸਪੀ ਇੰਡੈਕਸ 3.6 ਫੀਸਦੀ ਟੁੱਟ ਗਿਆ। ਇਸੇ ਤਰ੍ਹਾਂ ਹਾਂਗਕਾਂਗ ਅਤੇ ਆਸਟ੍ਰੇਲੀਆ ਦੇ ਬਾਜ਼ਾਰਾਂ ਵਿੱਚ ਵੀ ਗਿਰਾਵਟ ਆਈ। ਦੂਜੇ ਪਾਸੇ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ। ਅੰਤਰਰਾਸ਼ਟਰੀ ਪੱਧਰ ਉੱਤੇ ਬ੍ਰੈਂਟ ਕਰੂਡ ਦੀ ਕੀਮਤ 4.9 ਫੀਸਦੀ ਵੱਧ ਕੇ 106.16 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ। ਅਮਰੀਕੀ ਕਰੂਡ ਦੀ ਕੀਮਤ ਵੀ 4 ਫੀਸਦੀ ਦੇ ਵਾਧੇ ਨਾਲ 104.15 ਡਾਲਰ ਹੋ ਗਈ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸੋਨਾ 2 ਫੀਸਦੀ ਡਿੱਗ ਕੇ 4718.70 ਡਾਲਰ ਪ੍ਰਤੀ ਔਂਸ ਉੱਤੇ ਆ ਗਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਯੁੱਧ ਬੰਦ ਹੋਣ ਦੀ ਆਸ ਵਿੱਚ ਅਮਰੀਕੀ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਦੇਖੀ ਗਈ ਸੀ, ਜਿਸ ਵਿੱਚ ਐਸ.ਐਂਡ.ਪੀ. 500 ਅਤੇ ਡਾਓ ਜੋਨਸ ਵਿੱਚ ਵਾਧਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵਜ਼ਨ ਘਟਾਉਣ ਵਾਲੀ ਦਵਾਈ ਦੀ ਮਨਜ਼ੂਰੀ ਮਿਲਣ ਕਾਰਨ ਏਲੀ ਲਿਲੀ ਦੇ ਸ਼ੇਅਰਾਂ ਵਿੱਚ ਉਛਾਲ ਆਇਆ, ਜਦਕਿ ਨਾਈਕੀ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਆਈ। ਮੁਦਰਾ ਬਾਜ਼ਾਰ ਵਿੱਚ ਜਾਪਾਨੀ ਯੇਨ ਦੇ ਮੁਕਾਬਲੇ ਅਮਰੀਕੀ ਡਾਲਰ ਮਜ਼ਬੂਤ ਹੋਇਆ ਹੈ।

