9.1 C
Vancouver
Sunday, April 12, 2026

ਇਰਾਕ ਵਿੱਚ ਅਗਵਾ ਹੋਈ ਅਮਰੀਕੀ ਪੱਤਰਕਾਰ, ਪੁਲਿਸ ਵੱਲੋਂ ਛਾਪੇਮਾਰੀ, ਇੱਕ ਸ਼ੱਕੀ ਗ੍ਰਿਫਤਾਰ

ਇਰਾਕ ਦੀ ਰਾਜਧਾਨੀ ਬਗਦਾਦ ਵਿੱਚੋਂ ਅਗਵਾ ਹੋਈ ਅਮਰੀਕੀ ਪੱਤਰਕਾਰ ਸ਼ੈਲੀ ਰੇਨੀ ਕਿਟਲਸਨ ਦੇ ਮਾਮਲੇ ਵਿੱਚ ਕਈ ਹੈਰਾਨੀਜਨਕ ਖੁਲਾਸੇ ਹੋਏ ਹਨ। ਇਰਾਕੀ ਅਧਿਕਾਰੀਆਂ ਵੱਲੋਂ ਬੁੱਧਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਅਗਵਾ ਹੋਣ ਤੋਂ ਲਗਭਗ ਤਿੰਨ ਹਫ਼ਤੇ ਪਹਿਲਾਂ ਇਸ ਪੱਤਰਕਾਰ ਨੇ ਸੀਰੀਆ ਰਾਹੀਂ ਇਰਾਕ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਸਮੇਂ ਉਸਨੂੰ ਸਰਹੱਦ ਤੋਂ ਹੀ ਵਾਪਸ ਮੋੜ ਦਿੱਤਾ ਗਿਆ ਸੀ। ਅਮਰੀਕਾ ਅਤੇ ਇਰਾਕ ਦੇ ਸੁਰੱਖਿਆ ਅਧਿਕਾਰੀਆਂ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਅਗਵਾ ਹੋਣ ਤੋਂ ਕੁਝ ਦਿਨ ਪਹਿਲਾਂ ਕਿਟਲਸਨ ਨੂੰ ਉਸਦੀ ਜਾਨ ਉੱਤੇ ਮੰਡਰਾ ਰਹੇ ਖਤਰੇ ਬਾਰੇ ਚਿਤਾਵਨੀ ਵੀ ਦਿੱਤੀ ਗਈ ਸੀ। ਸ਼ੈਲੀ ਰੇਨੀ ਕਿਟਲਸਨ ਇੱਕ ਸੁਤੰਤਰ ਪੱਤਰਕਾਰ ਵਜੋਂ ਪਿਛਲੇ ਕਈ ਸਾਲਾਂ ਤੋਂ ਇਰਾਕ ਅਤੇ ਸੀਰੀਆ ਵਰਗੇ ਖਤਰਨਾਕ ਇਲਾਕਿਆਂ ਵਿੱਚ ਕੰਮ ਕਰ ਰਹੀ ਸੀ। ਉਸਦੇ ਜਾਣਕਾਰਾਂ ਮੁਤਾਬਕ ਉਸਨੂੰ ਮੱਧ ਪੂਰਬ ਦੇ ਮਾਹੌਲ ਅਤੇ ਉੱਥੋਂ ਦੇ ਲੋਕਾਂ ਬਾਰੇ ਬਹੁਤ ਡੂੰਘੀ ਜਾਣਕਾਰੀ ਸੀ। ਮੰਗਲਵਾਰ ਨੂੰ ਬਗਦਾਦ ਦੀ ਇੱਕ ਭੀੜ ਭਾੜ ਵਾਲੀ ਸੜਕ ਤੋਂ ਉਸਨੂੰ ਅਚਾਨਕ ਅਗਵਾ ਕਰ ਲਿਆ ਗਿਆ ਅਤੇ ਹੁਣ ਤੱਕ ਉਸਦਾ ਕੋਈ ਸੁਰਾਗ ਨਹੀਂ ਮਿਲਿਆ ਹੈ।
ਇਰਾਕੀ ਪ੍ਰਧਾਨ ਮੰਤਰੀ ਦੇ ਸਲਾਹਕਾਰ ਹੁਸੈਨ ਅਲਾਵੀ ਨੇ ਪੂਰੇ ਮਾਮਲੇ ਬਾਰੇ ਵਿਸਤਾਰ ਵਿੱਚ ਦੱਸਦਿਆਂ ਕਿਹਾ ਕਿ ਕਿਟਲਸਨ ਨੇ ਨੌਂ ਮਾਰਚ ਨੂੰ ਅਲ-ਕਾਇਮ ਬਾਰਡਰ ਰਾਹੀਂ ਇਰਾਕ ਆਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਉਸ ਕੋਲ ਪੱਤਰਕਾਰੀ ਕਰਨ ਲਈ ਜ਼ਰੂਰੀ ਪਰਮਿਟ ਨਹੀਂ ਸੀ ਜਿਸ ਕਾਰਨ ਉਸਨੂੰ ਐਂਟਰੀ ਨਹੀਂ ਮਿਲੀ। ਇਸ ਤੋਂ ਇਲਾਵਾ ਈਰਾਨ ਨਾਲ ਚੱਲ ਰਹੇ ਯੁੱਧ ਕਾਰਨ ਹਵਾਈ ਖੇਤਰ ਵਿੱਚ ਵੱਧ ਰਹੇ ਖਤਰੇ ਕਰਕੇ ਵੀ ਸੁਰੱਖਿਆ ਕਾਰਨਾਂ ਕਰਕੇ ਉਸਨੂੰ ਰੋਕਿਆ ਗਿਆ ਸੀ। ਹਾਲਾਂਕਿ ਬਾਅਦ ਵਿੱਚ ਉਸਨੇ ਸੱਠ ਦਿਨਾਂ ਦਾ ਵੀਜ਼ਾ ਪ੍ਰਾਪਤ ਕਰ ਲਿਆ ਸੀ ਜੋ ਖਾਸ ਤੌਰ ਉੱਤੇ ਗੁਆਂਢੀ ਦੇਸ਼ਾਂ ਵਿੱਚ ਫਸੇ ਵਿਦੇਸ਼ੀਆਂ ਨੂੰ ਸੁਰੱਖਿਅਤ ਰਸਤਾ ਦੇਣ ਲਈ ਜਾਰੀ ਕੀਤਾ ਜਾਂਦਾ ਹੈ। ਅਲਾਵੀ ਨੇ ਦੱਸਿਆ ਕਿ ਕਿਟਲਸਨ ਅਗਵਾ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਬਗਦਾਦ ਪਹੁੰਚੀ ਸੀ ਅਤੇ ਉੱਥੇ ਇੱਕ ਹੋਟਲ ਵਿੱਚ ਰੁਕੀ ਹੋਈ ਸੀ। ਉਨ੍ਹਾਂ ਭਰੋਸਾ ਦਿਵਾਇਆ ਕਿ ਇਰਾਕੀ ਖੁਫੀਆ ਏਜੰਸੀਆਂ ਪ੍ਰਧਾਨ ਮੰਤਰੀ ਦੀ ਸਿੱਧੀ ਨਿਗਰਾਨੀ ਹੇਠ ਇਸ ਮਾਮਲੇ ਦੀ ਬਹੁਤ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅਗਵਾ ਦੀ ਵਾਰਦਾਤ ਤੋਂ ਤੁਰੰਤ ਬਾਅਦ ਇਰਾਕੀ ਸੁਰੱਖਿਆ ਬਲਾਂ ਨੇ ਅਗਵਾਕਾਰਾਂ ਦਾ ਪਿੱਛਾ ਵੀ ਕੀਤਾ ਸੀ। ਇਸ ਦੌਰਾਨ ਇੱਕ ਅਗਵਾਕਾਰ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰ ਬਾਕੀ ਅਗਵਾਕਾਰ ਪੱਤਰਕਾਰ ਨੂੰ ਦੂਜੀ ਗੱਡੀ ਵਿੱਚ ਪਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਇਰਾਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੱਤਰਕਾਰ ਨੂੰ ਅਜੇ ਵੀ ਬਗਦਾਦ ਸ਼ਹਿਰ ਦੇ ਅੰਦਰ ਹੀ ਕਿਤੇ ਲੁਕਾ ਕੇ ਰੱਖਿਆ ਗਿਆ ਹੈ। ਦੂਜੇ ਪਾਸੇ ਅਮਰੀਕੀ ਅਧਿਕਾਰੀਆਂ ਨੇ ਸ਼ੱਕ ਜਤਾਇਆ ਹੈ ਕਿ ਇਸ ਵਾਰਦਾਤ ਪਿੱਛੇ ਕਤਾਇਬ ਹਿਜ਼ਬੁੱਲਾ ਨਾਮ ਦੇ ਸੰਗਠਨ ਦਾ ਹੱਥ ਹੋ ਸਕਦਾ ਹੈ ਜਿਸਦੇ ਈਰਾਨ ਨਾਲ ਸਬੰਧ ਦੱਸੇ ਜਾਂਦੇ ਹਨ। ਇਹ ਸੰਗਠਨ ਪਹਿਲਾਂ ਵੀ ਵਿਦੇਸ਼ੀਆਂ ਨੂੰ ਅਗਵਾ ਕਰਨ ਦੇ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਪੱਤਰਕਾਰ ਨੂੰ ਪਹਿਲਾਂ ਹੀ ਖਤਰੇ ਬਾਰੇ ਸੁਚੇਤ ਕਰ ਦਿੱਤਾ ਸੀ। ਪੱਤਰਕਾਰ ਦੀ ਬਜ਼ੁਰਗ ਮਾਂ ਨੇ ਇਸ ਘਟਨਾ ਉੱਤੇ ਡੂੰਘੇ ਦੁੱਖ ਅਤੇ ਡਰ ਦਾ ਪ੍ਰਗਟਾਵਾ ਕਰਦਿਆਂ ਆਪਣੀ ਧੀ ਦੀ ਸੁਰੱਖਿਆ ਲਈ ਕਾਮਨਾ ਕੀਤੀ ਹੈ।

ਰੁਝਾਨ ਖਬਰਾਂ