ਫੈਡਰੇਸ਼ਨ ਆਫ਼ ਸਿੱਖ ਸੋਸਾਇਟੀਆਂ ਆਫ਼ ਕੈਨੇਡਾ ਦੇ ਰਾਜ ਸਿੰਘ ਭੰਡਾਲ ਸਰਬਸੰਮਤੀ ਨਾਲ ਬਣੇ ਨਵੇਂ ਪ੍ਰਧਾਨ
ਸਰੀ, (ਏਕਜੋਤ ਸਿੰਘ): ਕੈਨੇਡਾ ਵਿੱਚ ਸਿੱਖ ਅਧਿਐਨ, ਪੰਜਾਬੀ ਭਾਸ਼ਾ ਅਤੇ ਸਿੱਖ ਵਿਰਾਸਤ ਨੂੰ ਪ੍ਰਫੁੱਲਤ ਕਰਨ ਵਾਲੀ ਇੱਕ ਪੁਰਾਣੀ ਅਤੇ ਕੌਮੀ ਪੱਧਰ ਦੀ ਗੈਰ-ਮੁਨਾਫ਼ਾ ਸੰਸਥਾ ‘ਫੈਡਰੇਸ਼ਨ ਆਫ਼ ਸਿੱਖ ਸੋਸਾਇਟੀਆਂ ਔਫ ਕੈਨੇਡਾ’ (FSSC) ਮੁੜ ਤੋਂ ਸਰਗਰਮ ਹੋ ਗਈ ਹੈ । ਦਸੰਬਰ 2025 ਵਿੱਚ ਸੰਸਥਾ ਦੇ ਬੋਰਡ (ਪ੍ਰਬੰਧਕੀ ਕਮੇਟੀ) ਦਾ ਮੁੜ ਗਠਨ ਕੀਤਾ ਗਿਆ ਸੀ ਅਤੇ ਹੁਣ ਰਾਜ ਸਿੰਘ ਭੰਡਾਲ ਨੂੰ ਸਰਬਸੰਮਤੀ ਨਾਲ ਸੰਸਥਾ ਦਾ ਨਵਾਂ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਇਸ ਦੇ ਮੁੜ ਸਰਗਰਮ ਹੋਣ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ ।
ਇਹ ਫੈਸਲਾ ਕੈਨੇਡਾ ਵਿੱਚ ਸਿੱਖ ਭਾਈਚਾਰੇ ਦੇ ਅਕਾਦਮਿਕ ਅਤੇ ਵਿਰਾਸਤੀ ਕਾਰਜਾਂ ਨੂੰ ਨਵੀਂ ਦਿਸ਼ਾ ਦੇਣ ਵਿੱਚ ਅਹਿਮ ਸਾਬਤ ਹੋਵੇਗਾ।ਜ਼ਿਕਰਯੋਗ ਹੈ ਕਿ ਇਸ ਅਹਿਮ ਸੰਸਥਾ ਦੀ ਸਥਾਪਨਾ ਸਾਲ 1980 ਵਿੱਚ ਹੋਈ ਸੀ । ਪਿਛਲੇ ਕਈ ਦਹਾਕਿਆਂ ਤੋਂ ਇਸ ਫੈਡਰੇਸ਼ਨ ਨੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਅਤੇ ਹੋਰ ਅਕਾਦਮਿਕ ਸੰਸਥਾਵਾਂ ਨਾਲ ਮਿਲ ਕੇ ਸਿੱਖ ਅਧਿਐਨ ਦੀ ਪੜ੍ਹਾਈ ਅਤੇ ਖੋਜ, ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਸਾਰ ਲਈ ਲਗਾਤਾਰ ਵੱਡਾ ਯੋਗਦਾਨ ਪਾਇਆ ਹੈ । ਸੰਸਥਾ ਦੇ ਮੁੱਢਲੇ ਯਤਨਾਂ ਸਦਕਾ ਹੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ (UBC) ਵਿਖੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਿੱਖ ਅਧਿਐਨ ਲਈ ਵਿਸ਼ੇਸ਼ ਚੇਅਰ ਸਥਾਪਤ ਕਰਨ ਵਿੱਚ ਵੱਡੀ ਮਦਦ ਮਿਲੀ ਸੀ ।ਨਵੇਂ ਚੁਣੇ ਗਏ ਪ੍ਰਧਾਨ ਰਾਜ ਸਿੰਘ ਭੰਡਾਲ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਫੈਡਰੇਸ਼ਨ ਦਾ ਮੁੜ ਸਰਗਰਮ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਇੱਕ ਕੌਮੀ ਮੰਚ ਫਿਰ ਤੋਂ ਮਜ਼ਬੂਤ ਹੋ ਰਿਹਾ ਹੈ, ਜੋ ਸਿੱਖ ਅਧਿਐਨ, ਪੰਜਾਬੀ ਭਾਸ਼ਾ, ਅਤੇ ਇਤਿਹਾਸਕ ਦਸਤਾਵੇਜ਼ਾਂ ਦੀ ਸੰਭਾਲ ਲਈ ਲਗਾਤਾਰ ਕੰਮ ਕਰੇਗਾ । ਉਹਨਾਂ ਸਪੱਸ਼ਟ ਕੀਤਾ ਕਿ ਸਾਲ 2026 ਵਿੱਚ ਫੈਡਰੇਸ਼ਨ ਵੱਲੋਂ ਯੂਨੀਵਰਸਿਟੀਆਂ ਅਤੇ ਵਿਰਾਸਤ ਨਾਲ ਜੁੜੀਆਂ ਪੰਥਕ ਸੰਸਥਾਵਾਂ ਨਾਲ ਮੁੜ ਗੱਲਬਾਤ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਖੋਜ ਅਤੇ ਪੜ੍ਹਾਈ ਵਾਲੇ ਕਾਰਜਾਂ ਦੀ ਇੱਕ ਢੁਕਵੀਂ ਰੂਪ-ਰੇਖਾ ਤਿਆਰ ਕੀਤੀ ਜਾ ਸਕੇ ।ਆਪਣੀ ਭਵਿੱਖੀ ਰਣਨੀਤੀ ਬਾਰੇ ਚਾਨਣਾ ਪਾਉਂਦਿਆਂ ਭੰਡਾਲ ਨੇ ਭਰੋਸਾ ਦਿਵਾਇਆ ਕਿ ਉਹਨਾਂ ਦਾ ਮੁੱਖ ਮਕਸਦ ਸਹਿਯੋਗੀ ਸੰਸਥਾਵਾਂ ਦੀ ਆਜ਼ਾਦੀ ਬਰਕਰਾਰ ਰੱਖਦੇ ਹੋਏ, ਉਨ੍ਹਾਂ ਦੇ ਨਿਯਮਾਂ ਅਤੇ ਤਰੀਕਿਆਂ ਦਾ ਪੂਰਾ ਸਤਿਕਾਰ ਕਰਦੇ ਹੋਏ ਅਕਾਦਮਿਕ ਕਾਰਜਾਂ ਨੂੰ ਅਗਾਂਹ ਵਧਾਉਣਾ ਹੈ । ਉਹਨਾਂ ਨੇ ਕਿਹਾ ਕਿ ਫੈਡਰੇਸ਼ਨ ਚੰਗੀ ਖੋਜ, ਸਹੀ ਇਤਿਹਾਸ ਅਤੇ ਉਸਾਰੂ ਸੋਚ ਵਾਲੇ ਉਪਰਾਲਿਆਂ ਉਤੇ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ । This report was written by Ekjot Singh as part of the Local Journalism Initiative.
ਕੈਨੇਡਾ ਵਿੱਚ ਸਿੱਖ ਵਿਰਾਸਤ ਅਤੇ ਪੰਜਾਬੀ ਭਾਸ਼ਾ ਦੇ ਪਸਾਰ ਲਈ ਫੈਡਰੇਸ਼ਨ ਆਫ਼ ਸਿੱਖ ਸੋਸਾਇਟੀਆਂ ਆਫ਼ ਕੈਨੇਡਾ ਮੁੜ ਮੈਦਾਨ ਵਿੱਚ

