3.7 C
Vancouver
Wednesday, March 11, 2026

ਪੰਜਾਬੀ ਸਾਹਿਤ ਦੀ ਵਿਰਾਸਤ ਨੂੰ ਨਵਾਂ ਆਕਾਰ: ਜੀ.ਐੱਚ.ਜੀ. ਖਾਲਸਾ ਕਾਲਜ ਵਿੱਚ ਯਾਦਗਾਰ ਸਮਾਗਮ

ਡਾ. ਪੂਰਨ ਸਿੰਘ ਦੀ ਸਵੈ-ਜੀਵਨੀ ‘ਹਉ ਆਪਹੁ ਬੋਲਿ ਨ ਜਾਣਦਾ’ ਨੇ ਨਵੀਂ ਪੀੜ੍ਹੀ ਨੂੰ ਕੀਤਾ ਪ੍ਰੇਰਿਤ
ਗੁਰੂਸਰ ਸੁਧਾਰ : ਜੀ.ਐੱਚ.ਜੀ. ਖਾਲਸਾ ਕਾਲਜ ਆਫ ਐਜੂਕੇਸ਼ਨ, ਗੁਰੂਸਰ ਸੁਧਾਰ ‘ਚ ਪੰਜਾਬੀ ਸਾਹਿਤ ਸਭਾ ਵੱਲੋਂ ਇੱਕ ਅਤਿ ਪ੍ਰਭਾਵਸ਼ਾਲੀ ਅਤੇ ਯਾਦਗਾਰ ਸਾਹਿਤਕ-ਅਕਾਦਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਨੇ ਸਾਹਿਤ ਪ੍ਰੇਮੀਆਂ, ਵਿਦਵਾਨਾਂ ਅਤੇ ਵਿਦਿਆਰਥੀਆਂ ਦੇ ਮਨਾਂ ਵਿੱਚ ਡੂੰਘੀ ਛਾਪ ਛੱਡੀ। ਇਸ ਅਵਸਰ ‘ਤੇ ਪੰਜਾਬੀ ਸਾਹਿਤ ਦੇ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਰਚਨਾਕਾਰ ਡਾ. ਪੂਰਨ ਸਿੰਘ ਦੀ ਸਵੈ-ਜੀਵਨੀ ‘ਹਉ ਆਪਹੁ ਬੋਲਿ ਨ ਜਾਣਦਾ’ ਦਾ ਭਾਰੀ ਉਤਸ਼ਾਹ ਨਾਲ ਲੋਕ ਅਰਪਣ ਸਮਾਰੋਹ ਸੰਪੰਨ ਹੋਇਆ। ਇਹ ਰਚਨਾ ਆਧੁਨਿਕ ਪੰਜਾਬੀ ਸਾਹਿਤ ਵਿੱਚ ਆਤਮ-ਚਿੰਤਨ, ਅੰਦਰੂਨੀ ਸੰਘਰਸ਼ ਅਤੇ ਜੀਵਨ-ਮੁੱਲਾਂ ਦੀ ਡੂੰਘੀ ਪੜਤਾਲ ਲਈ ਜਾਣੀ ਜਾਂਦੀ ਹੈ। ਇਸ ਵਿੱਚ ਡਾ. ਪੂਰਨ ਸਿੰਘ ਨੇ ਆਪਣੇ ਜੀਵਨ ਦੇ ਉਤਰਾਅ-ਚੜ੍ਹਾਅ, ਵਿਗਿਆਨਕ ਤੇ ਅਧਿਆਤਮਕ ਯਾਤਰਾ ਨੂੰ ਅਤਿ ਸੰਵੇਦਨਸ਼ੀਲ ਅਤੇ ਰਸਭਰੇ ਅੰਦਾਜ਼ ਵਿੱਚ ਬਿਆਨ ਕੀਤਾ ਹੈ, ਜੋ ਪਾਠਕ ਨੂੰ ਆਤਮ-ਵਿਸ਼ਲੇਸ਼ਣ ਅਤੇ ਸੱਭਿਆਚਾਰਕ ਜਾਗਰੂਕਤਾ ਵੱਲ ਪ੍ਰੇਰਿਤ ਕਰਦੀ ਹੈ। ਸਮਾਗਮ ਦੀ ਪ੍ਰਧਾਨਗੀ ਸ. ਮਨਜੀਤ ਸਿੰਘ ਗਿੱਲ, ਪ੍ਰਧਾਨ, ਜੀ.ਐੱਚ.ਜੀ. ਗਵਰਨਿੰਗ ਕੌਂਸਲ ਨੇ ਬਹੁਤ ਸ਼ਾਨ ਨਾਲ ਕੀਤੀ। ਪ੍ਰਧਾਨਗੀ ਮੰਡਲ ਵਿੱਚ ਪ੍ਰੋ. ਬਾਵਾ ਸਿੰਘ (ਸੇਵਾਮੁਕਤ ਕਾਲਜ ਅਧਿਆਪਕ ਤੇ ਪੂਰਵ ਉਪ-ਚੇਅਰਪਰਸਨ, ਰਾਸ਼ਟਰੀ ਕਮਿਸ਼ਨ ਫਾਰ ਮਾਇਨਾਰਟੀ ਐਜੂਕੇਸ਼ਨ, ਭਾਰਤ ਸਰਕਾਰ), ਡਾ. ਸੰਦੀਪ ਸ਼ਰਮਾ (ਜ਼ਿਲ੍ਹਾ ਭਾਸ਼ਾ ਅਫਸਰ, ਲੁਧਿਆਣਾ), ਡਾ. ਕੁਲਦੀਪ ਸਿੰਘ (ਸੇਵਾਮੁਕਤ, ਸਿੱਖਿਆ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਅਤੇ ਡਾ. ਬਲਵਿੰਦਰਪਾਲ ਸਿੰਘ (ਸੰਪਾਦਕ, ‘ਸਾਡਾ ਵਿਰਸਾ ਸਾਡਾ ਗੌਰਵ’) ਵਰਗੇ ਵਿਦਵਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਵਿਦਵਾਨਾਂ ਨੇ ਇਸ ਸਵੈ-ਜੀਵਨੀ ਨੂੰ ਸਾਹਿਤਕ, ਸਮਾਜਿਕ ਅਤੇ ਸੱਭਿਆਚਾਰਕ ਪੱਖੋਂ ਅਤਿ ਮਹੱਤਵਪੂਰਨ ਦੱਸਦਿਆਂ ਇਸ ਨੂੰ ਆਧੁਨਿਕ ਯੁੱਗ ਲਈ ਪ੍ਰੇਰਨਾਦਾਇਕ ਅਤੇ ਜੀਵਨ-ਦਿਸ਼ਾ ਨਿਰਧਾਰਕ ਕਰਾਰ ਦਿੱਤਾ। ਭਾਸ਼ਣਕਾਰਾਂ ਨੇ ਜ਼ੋਰ ਦਿੱਤਾ ਕਿ ਇਹ ਕ੍ਰਿਤੀ ਪਾਠਕ ਨੂੰ ਹਉਮੈ ਦੇ ਤਿਆਗ, ਅੰਤਰ-ਆਤਮਾ ਦੀ ਖੋਜ ਅਤੇ ਜੀਵਨ ਦੇ ਗਹਿਰੇ ਸੁਆਲਾਂ ਨਾਲ ਜੁੜੇ ਅਨੁਭਵਾਂ ਦੀ ਅਮੀਰ ਸਮਝ ਪ੍ਰਦਾਨ ਕਰਦੀ ਹੈ। ਸਮਾਗਮ ਵਿੱਚ ਮਾਸਟਰ ਅਵਤਾਰ ਸਿੰਘ ਬੁਰਜਲਿਟਾਂ, ਸ. ਮਨਜੀਤ ਸਿੰਘ ਬੱਧਣ, ਸ. ਹਰਕੀਰਤ ਸਿੰਘ ਕੁਲਾਰ ਅਤੇ ਸ. ਭੁਪਿੰਦਰ ਸਿੰਘ ਮੱਲੀ ਵਰਗੇ ਵਿਚਾਰਕਾਂ ਨੇ ਡਾ. ਪੂਰਨ ਸਿੰਘ ਦੇ ਜੀਵਨ-ਸੰਘਰਸ਼, ਅਧਿਆਤਮਕ ਚਿੰਤਨ ਅਤੇ ਪੰਜਾਬੀ ਸਾਹਿਤ ਵਿੱਚ ਅਮਿੱਟ ਯੋਗਦਾਨ ਬਾਰੇ ਡੂੰਘੇ ਵਿਚਾਰ ਪੇਸ਼ ਕੀਤੇ, ਜਿਨ੍ਹਾਂ ਨੇ ਸਮੂਹ ਸਮਾਗਮ ਨੂੰ ਵਿਚਾਰਾਂ ਦੀ ਗਹਿਰਾਈ ਅਤੇ ਭਾਵੁਕਤਾ ਨਾਲ ਭਰਪੂਰ ਬਣਾ ਦਿੱਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਜਗਜੀਤ ਸਿੰਘ, ਸਹਾਇਕ ਪ੍ਰੋਫੈਸਰ (ਪੰਜਾਬੀ ਵਿਭਾਗ) ਨੇ ਬਾਖੂਬੀ ਨਿਭਾਈ ਅਤੇ ਸਮਾਗਮ ਨੂੰ ਸੁਚਾਰੂ ਰੂਪ ਵਿੱਚ ਅੱਗੇ ਵਧਾਇਆ। ਕਾਲਜ ਦੇ ਪ੍ਰਿੰਸੀਪਲ ਤੇ ਸਮਾਗਮ ਦੇ ਮੁੱਖ ਸਰਪ੍ਰਸਤ ਡਾ. ਪਰਗਟ ਸਿੰਘ ਗਰਚਾ ਨੇ ਆਪਣੇ ਪ੍ਰੇਰਨਾਦਾਇਕ ਸੰਬੋਧਨ ਵਿੱਚ ਅਜਿਹੇ ਸਾਹਿਤਕ ਸਮਾਗਮਾਂ ਨੂੰ ਵਿਦਿਆਰਥੀਆਂ ਦੇ ਬੌਧਿਕ, ਨੈਤਿਕ ਅਤੇ ਸਰਬਪੱਖੀ ਵਿਕਾਸ ਲਈ ਅਨਮੋਲ ਦੱਸਿਆ। ਇਸ ਤੋਂ ਬਾਅਦ ਸਾਬਕਾ ਪ੍ਰਿੰਸੀਪਲ ਡਾ. ਐੱਚ.ਐੱਸ. ਬਰਾੜ ਨੇ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੀਆਂ ਸਾਰੀਆਂ ਵਿਸ਼ੇਸ਼ ਸ਼ਖਸੀਅਤਾਂ, ਵਿਦਵਾਨਾਂ ਅਤੇ ਸਾਹਿਤ ਪ੍ਰੇਮੀਆਂ ਦਾ ਹਾਰਦਿਕ ਧੰਨਵਾਦ ਕੀਤਾ। ਇਹ ਸਮਾਗਮ ਪੰਜਾਬੀ ਸਾਹਿਤ ਦੀ ਵਿਰਾਸਤ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਵਿੱਚ ਇਸ ਪ੍ਰਤੀ ਰੁਚੀ ਜਗਾਉਣ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ। ਪੰਜਾਬ ਦੀਆਂ ਠੰਢੀਆਂ ਤੱਤੀਆਂ ਹਵਾਵਾਂ ਦੇ ਭੇਤੀ ਕਰਮਜੀਤ ਸਿੰਘ ਬੁੱਟਰ ਤੇ ਲੇਖਕ ਬੁੱਧ ਸਿੰਘ ਨੀਲੋਂ ਵੀ ਪ੍ਰੋਗਰਾਮ ‘ਚ ਸ਼ਾਮਲ ਸਨ।

ਰੁਝਾਨ ਖਬਰਾਂ