13.1 C
Vancouver
Tuesday, May 26, 2026

ਯੂਕੇ ਦੀ ਰਾਮਗੜ੍ਹੀਆ ਕੋਂਸਲ ਦੇ ਸੈਕਟਰੀ ਰਾਜਿੰਦਰ ਸਿੰਘ ਸੀਹਰਾ ਦਾ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਕੀਤਾ ਗਿਆ ਵਿਸ਼ੇਸ਼ ਸਨਮਾਨ


ਸਰੀ (ਸੁਰਿੰਦਰ ਸਿੰਘ ਜੱਬਲ) ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ 25 ਜਨਵਰੀ ਐਤਵਾਰ ਸਵੇਰੇ ਭਾਈ ਬਹਾਦਰ ਸਿੰਘ ਭੱਠਲ ਪਰਿਵਾਰ ਵਲੋਂ ਆਪਣੇ ਪੋਤਰੇ ਦੇ ਜਨਮ ਦੀ ਖੁਸ਼ੀ ਤੇ ਦੀਵਾਨ ਹਾਲ ਵਿਚ ਕਥਾ ਕੀਰਤਨ ਸਮਾਗਮ ਕਰਵਾਏ ਗਏ। ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜੱਥਿਆਂ ਭਾਈ ਇਕਬਾਲ ਸਿੰਘ ਲੁਧਿਆਣੇ ਵਾਲੇ ਅਤੇ ਭਾਈ ਸਰਬਜੀਤ ਸਿੰਘ ਰਮਦਾਸ ਵਾਲਿਆਂ ਨੇ ਸ਼ਬਦ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਸਿੱਖ ਪੰਥ ਵਿਚ ਜਾਣੇ ਪਹਿਚਾਣੇ ਕਥਾਵਾਚਕ ਹਰਦੇਵ ਸਿੰਘ ਕਲਸੀਆਂ ਵਾਲੇ ਨੇ ਹਾਜ਼ਰ ਸੰਗਤ ਨੂੰ ਸਰਲ ਭਾਸ਼ਾ ਵਿਚ ਗੁਰਬਾਣੀ ਸ਼ਬਦਾਂ ਦੀ ਵਿਆਖਿਆ ਨਾਲ ਪਰਭਾਵ ਪੂਰਕ ਕਥਾ ਦੇ ਰੂਪ ਵਿਚ ਨਿਹਾਲ ਕੀਤਾ ਜਿਸ ਨੂੰ ਸੁਨਣ ਲਈ ਸੰਗਤ ਨੇ ਬੜੇ ਹੀ ਧਿਆਨ ਨਾਲ ਹਾਜ਼ਰੀ ਭਰੀ। ਧਾਰਮਿਕ ਸਮਾਗਮ ਦੀ ਸਮਾਪਤੀ ਦੀ ਅਰਦਾਸ ਗਿਆਨੀ ਸਤਵਿੰਦਰਪਾਲ ਸਿੰਘ ਜੀ ਨੇ ਕੀਤੀ। ਉਪਰੰਤ ਵਿਚ ਇੰਗਲੈਂਡ ਤੋਂ ਆਏ ਮਹਿਮਾਨ ਰਾਮਗੜ੍ਹੀਆ ਗੁਰਦੁਆਰਾ ਸਾਹਿਬ ਸਮਾਲਹੀਥ ਬਰਮਿੰਗਹੈਮ ਦੇ ਸਾਬਕਾ ਪ੍ਰਧਾਨ ਅਤੇ ਯੂਕੇ ਦੀ ਰਾਮਗੜ੍ਹੀਆ ਕੋਂਸਲ ਦੇ ਸੈਕਟਰੀ ਰਾਜਿੰਦਰ ਸਿੰਘ ਸੀਹਰਾ ਹੁਰਾਂ ਦਾ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਨਤਮਸਤਕ ਹੋਣ ਸਮੇਂ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਸਿਰੋਪਾ ਦੇ ਕੇ ਮਾਣ ਸਤਿਕਾਰ ਕੀਤਾ ਗਿਆ।ਰਾਜਿੰਦਰ ਸਿੰਘ ਸੀਹਰਾ ਨੇ ਪ੍ਰਬੰਧਕ ਕਮੇਟੀ ਤੇ ਸੰਗਤ ਦਾ ਧੰਨਵਾਦ ਕੀਤਾ ਅਤੇ ਬਾਅਦ ਵਿਚ ਕਮੇਟੀ ਅਤੇ ਮੈਂਬਰਾਂ ਨਾਲ ਮਿਲ ਕੇ ਯੂਕੇ ਅਤੇ ਕੈਨੇਡਾ ਦੀਆਂ ਸਭਾਵਾਂ ਵਲੋਂ ਪਾਏ ਜਾ ਰਹੇ ਧਾਰਮਿਕ ਕੰਮਾਕਾਰਾਂ ਬਾਰੇ ਵਿਚਾਰ ਵੀ ਸਾਂਝੇ ਕੀਤੇ।ਵਰਨਣਯੋਗ ਹੈ ਕਿ ਰਾਜਿੰਦਰ ਸਿੰਘ ਸੀਹਰਾ ਸਰੀ ਕੈਨੇਡਾ ਵਿਚ ਰਹਿ ਰਹੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਸਾਬਕਾ ਡਾਇਰੈਕਟਰ ਤੇ ਲਾਈਫ ਮੈਂਬਰ ਸੁਰਿੰਦਰ ਸਿੰਘ ਸੀਹਰਾ ਦੇ ਛੋਟੇ ਭਾਈ ਹਨ।

ਰੁਝਾਨ ਖਬਰਾਂ