11.9 C
Vancouver
Monday, May 25, 2026

ਪੰਜਾਬੀ ਸਾਹਿਤ ਜਗਤ ਦੀ ਨਾਮਵਰ ਸ਼ਖਸੀਅਤ ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ ਨਹੀਂ ਰਹੇ


31 ਜਨਵਰੀ ਨੂੰ ਐਬਸਫੋਰਡ ਵਿਖੇ ਸਸਕਾਰ, ਪਾਠ ਦੇ ਭੋਗ ਅਤੇ ਅਰਦਾਸ
ਐਬਸਫੋਰਡ (ਹਰਦਮ ਸਿੰਘ ਮਾਨ) ਸਾਹਿਤਕ ਹਲਕਿਆਂ ਵਿੱਚ ਜਾਣੀ ਪਛਾਣੀ ਸ਼ਖ਼ਸੀਅਤ ਅਤੇ ਪੰਜਾਬੀ ਸਾਹਿਤ ਸਭਾ ਮੁਢਲੀ ਰਜਿ ਐਬਸਫੋਰਡ ਦੇ ਪ੍ਰਧਾਨ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਹਨ। ਉਹਨਾਂ 22 ਜਨਵਰੀ ਦੀ ਸ਼ਾਮ ਨੂੰ ਐਬਸਫੋਰਡ ਦੇ ਹਸਪਤਾਲ ਵਿਖੇ ਆਖਰੀ ਸਾਹ ਲਏ। 81 ਸਾਲਾ ਪ੍ਰਿੰ. ਬਰਾੜ ਨਮੋਨੀਆ ਦੀ ਸ਼ਿਕਾਇਤ ਕਾਰਨ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਇਲਾਜ ਅਧੀਨ ਸਨ। ਸੁੱਖਾਨੰਦ ਕਾਲਜ ਦੇ ਬਾਨੀ ਸਕੱਤਰ ਸਵਰਗਵਾਸੀ ਸ ਮਲਕੀਤ ਸਿੰਘ ਬਰਾੜ ਦੇ ਜੀਵਨ ਸਾਥਣ ਪ੍ਰਿੰ. ਸੁਰਿੰਦਰਪਾਲ ਕੌਰ ਆਪਣੇ ਪਿੱਛੇ ਦੋ ਧੀਆਂ ਅਤੇ ਇੱਕ ਪੁੱਤ ਤੋਂ ਇਲਾਵਾ ਭੈਣ ਭਰਾਵਾਂ ਸਮੇਤ, ਸਾਹਿਤਕਾਰਾਂ ਦਾ ਵੱਡਾ ਪਰਿਵਾਰ ਛੱਡ ਗਏ ਹਨ।ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ ਦੇ ਸਦੀਵੀ ਵਿਛੋੜੇ ‘ਤੇ ਵੱਖ ਵੱਖ ਸ਼ਖਸੀਅਤਾਂ ਨੇ ਸ਼ਰਧਾਜਲੀਆਂ ਭੇਟ ਕੀਤੀਆਂ ਹਨ।
ਬੀਸੀ, ਕੈਨੇਡਾ ਵਿੱਚ ਸਾਹਿਤਕ ਸਰਗਰਮੀਆਂ ਦੇ ਵਿੱਚ ਸਿਰਮੌਰ ਸ਼ਖਸੀਅਤ ਪ੍ਰਿੰਸੀਪਲ ਬਰਾੜ ਪੰਜਾਬ ਤੋਂ ਮੋਗਾ ਨਾਲ ਸਬੰਧਤ ਸਨ ਅਤੇ ਪਿਛਲੇ ਲੰਬੇ ਸਮੇਂ ਤੋਂ ਐਬਸਫੋਰਡ ਬੀਸੀ ਵਿੱਚ ਰਹਿ ਰਹੇ ਸਨ।ਪੰਜਾਬੀ ਸਾਹਿਤ ਸਭਾ ਮੁਢਲੀ ਰਜਿ. ਦੇ ਕੋਆਰਡੀਨੇਟਰ ਡਾ ਗੁਰਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ ਐਸ.ਡੀ. ਕਾਲਜ ਫਾਰ ਵੋਮੈਨ ਮੋਗਾ ਦੇ ਪ੍ਰਿੰਸੀਪਲ ਤੋਂ ਇਲਾਵਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ, ਪੰਜਾਬ ਤੇ ਚੰਡੀਗੜ੍ਹ ਟੀਚਰ ਯੂਨੀਅਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਵੀ ਰਹਿ ਚੁੱਕੇ ਸਨ। ਉਹਨਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ 9 ਕਿਤਾਬਾਂ ਪਾਈਆਂ ਅਤੇ ਲਗਾਤਾਰ ਸਰਗਰਮ ਲੇਖਿਕਾ ਸਨ। ਜ਼ਿਕਰਯੋਗ ਹੈ ਕਿ ਦਸੰਬਰ 2025 ਨੂੰ ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ ਦੀ ਪ੍ਰਧਾਨਗੀ ਹੇਠ ਐਬਸਫੋਰਡ ਵਿੱਚ ਪੰਜਾਬੀ ਸਾਹਿਤ ਸਭਾ ਦੀ ਵੱਡੀ ਸਾਹਿਤਕ ਇਕੱਤਰਤਾ ਹੋਈ ਸੀ, ਜਦ ਕਿ ‘ਸਾਡਾ ਵਿਰਸਾ ਸਾਡਾ ਗੌਰਵ’’ ਵੱਲੋਂ ਪ੍ਰਿੰਸੀਪਲ ਬਰਾੜ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਸੀ।
ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ ਦਾ ਦਾਹ ਸੰਸਕਾਰ 31 ਜਨਵਰੀ ਦਿਨ ਸ਼ਨੀਵਾਰ ਨੂੰ, ਸਵੇਰੇ 10 ਵਜੇ ਫਰੇਜ਼ਰ ਰਿਵਰ ਸ਼ਮਸ਼ਾਨਘਾਟ, 2061 ਰਿਵਰ ਸਾਈਡ ਰੋਡ ਐਬਸਫੋਰਡ ਵਿਖੇ ਹੋਏਗਾ। ਉਪਰੰਤ ਸਹਿਜ ਪਾਠ ਦੇ ਭੋਗ ਅਤੇ ਅਰਦਾਸ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਵਿਖੇ 11.30 ਵਜੇ ਹੋਣਗੇ। ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਲਈ ਕਮਲ ਪੰਨੂ 604 613 1919, ਜਿਨੀ ਸਿੰਘ +61 448 101026 ਜਾਂ ਗੁਰਵਿੰਦਰ ਸਿੰਘ ਬਰਾੜ ਨਾਲ 604 374 6201 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਦੇ ਸਦੀਵੀ ਵਿਛੋੜੇ ‘ਤੇ ਕੈਨੇਡਾ ਤੋਂ ਸਾਹਿਤਕਾਰਾਂ ਜਰਨੈਲ ਸਿੰਘ ਸੇਖਾ, ਹਰਿਕੀਰਤ ਕੌਰ ਚਾਹਲ, ਦਵਿੰਦਰ ਸਿੰਘ ਪੂਨੀਆ, ਸੁਰਜੀਤ ਸਿੰਘ ਸਹੋਤਾ, ਮਹਿਮਾ ਸਿੰਘ ਤੂਰ, ਸਤਵੰਤ ਕੌਰ ਪੰਧੇਰ, ਜਸਵੀਰ ਸਿੰਘ ਪੰਨੂ, ਮੁਲਖ ਰਾਜ ਪ੍ਰੇਮੀ, ਗੁਰਪ੍ਰੀਤ ਸਿੰਘ ਚਾਹਲ ਪ੍ਰੇਮੀ, ਗੁਰਬਖਸ਼ ਸਿੰਘ ਢੱਟ, ਹਰਦਮ ਸਿੰਘ ਮਾਨ, ਡਾ ਪ੍ਰਿਥੀਪਾਲ ਸਿੰਘ ਸੋਹੀ, ਹਰੀ ਸਿੰਘ ਤਾਤਲਾ, ਸੁਖਮੰਦਰ ਸਿੰਘ ਬਰਾੜ, ਪਰਵੇਜ਼ ਸੰਧੂ, ਪਵਨ ਗਿਲਾਂ ਵਾਲਾ, ਕੁਲਦੀਪ ਸਿੰਘ ਸੇਖੋਂ, ਅਮਰੀਕ ਸਿੰਘ ਪਲਾਹੀ, ਕਵਿੰਦਰ ਸਿੰਘ ਚਾਂਦ, ਮੋਹਣ ਸਿੰਘ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਦਵਿੰਦਰ ਗੌਤਮ, ਦਵਿੰਦਰ ਕੌਰ ਗਰਚਾ, ਹਰਿੰਦਰ ਕੌਰ ਸੋਹੀ, ਡਾ ਪ੍ਰਗਟ ਸਿੰਘ ਭੁਰਜੀ, ਪ੍ਰੋ ਗੁਰਬਾਜ ਸਿੰਘ ਬਰਾੜ, ਬਿੰਦੂ ਮਠਾੜੂ, ਕਮਲ ਥਿੰਦ, ਅੰਗਰੇਜ਼ ਸਿੰਘ ਬਰਾੜ, ਪੰਜਾਬ ਤੋਂ ਲੇਖਕ ਗੁਰਮੀਤ ਕਟਿਆਲਵੀ, ਨਾਟਕਕਾਰ ਸਾਹਿਬ ਸਿੰਘ, ਮਨਜੀਤ ਇੰਦਰਾ, ਹਰਸ਼ਰਨ ਕੌਰ, ਤੇਜਾ ਸਿੰਘ ਤਿਲਕ, ਅਮਰ ਸੂਫੀ, ਲਖਵਿੰਦਰ ਸੰਧੂ, ਚਰਨਜੀਤ ਕੌਰ, ਇੰਗਲੈਂਡ ਤੋਂ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਅਤੇ ਜੰਗ ਬਹਾਦਰ ਸਿੰਘ ਸਮੇਤ ਵੱਖ ਵੱਖ ਸ਼ਖਸੀਅਤਾਂ ਨੇ ਸ਼ਰਧਾਜਲੀਆਂ ਭੇਟ ਕੀਤੀਆਂ ਹਨ।

ਰੁਝਾਨ ਖਬਰਾਂ