14.4 C
Vancouver
Monday, May 25, 2026

ਕੈਂਸਰ ਨਾਲ ਜੰਗ ਜਾਂ ਸਿਸਟਮ ਨਾਲ? ਡਾਇਗਨੋਸਟਿਕ ਦੇਰੀ ਕਾਰਨ ਮਾਨਸਿਕ ਤਣਾਅ ਝੱਲ ਰਹੇ ਮਰੀਜ਼


ਸਰੀ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਸਿਹਤ ਸੰਭਾਲ ਪ੍ਰਣਾਲੀ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਸੂਬੇ ਵਿੱਚ ਕੈਂਸਰ ਵਰਗੀ ਗੰਭੀਰ ਬਿਮਾਰੀ ਦੇ ਇਲਾਜ ਅਤੇ ਟੈਸਟਾਂ ਵਿੱਚ ਹੋ ਰਹੀ ਬੇਲੋੜੀ ਦੇਰੀ ਨੇ ਮਰੀਜ਼ਾਂ ਦੀ ਜਾਨ ਨੂੰ ਜ਼ੋਖਮ ਵਿੱਚ ਪਾਇਆ ਹੋਇਆ ਹੈ। ਤਾਜ਼ਾ ਮਾਮਲਾ ਇੱਕ 40 ਸਾਲਾ ਔਰਤ ਦਾ ਸਾਹਮਣੇ ਆਇਆ ਹੈ, ਜਿਸਦੀ ਕਹਾਣੀ ਨੇ ਸੂਬੇ ਦੇ ਕੈਂਸਰ ਡਾਇਗਨੋਸਟਿਕ ਸਿਸਟਮ ਦੀਆਂ ਖਾਮੀਆਂ ਨੂੰ ਜਗ-ਜ਼ਾਹਰ ਕਰ ਦਿੱਤਾ ਹੈ। ਇਹ ਸਿਰਫ਼ ਇੱਕ ਮਰੀਜ਼ ਦੀ ਕਹਾਣੀ ਨਹੀਂ ਹੈ, ਸਗੋਂ ਇਹ ਸੈਂਕੜੇ ਉਹਨਾਂ ਮਰੀਜ਼ਾਂ ਦੀ ਆਵਾਜ਼ ਹੈ ਜੋ ਇਲਾਜ ਦੀ ਉਡੀਕ ਵਿੱਚ ਹਰ ਰੋਜ਼ ਮਾਨਸਿਕ ਅਤੇ ਸਰੀਰਕ ਪੀੜਾ ਹੰਢਾ ਰਹੇ ਹਨ।
ਲੈਂਗਲੀ ਦੀ ਰਹਿਣ ਵਾਲੀ 40 ਸਾਲਾ ਗਿੱਲੂਲੀ (Gillooly), ਜੋ ਕਿ ਦੋ ਛੋਟੇ ਬੱਚਿਆਂ (10 ਸਾਲਾ ਧੀ ਅਤੇ 4 ਸਾਲਾ ਪੁੱਤਰ) ਦੀ ਮਾਂ ਹੈ, ਲਈ ਪਿਛਲੇ ਕੁਝ ਮਹੀਨੇ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਰਹੇ। ਰਿਪੋਰਟਾਂ ਮੁਤਾਬਕ, ਜੁਲਾਈ ਦੀ ਸ਼ੁਰੂਆਤ ਵਿੱਚ ਇੱਕ ਅਲਟਰਾਸਾਊਂਡ ਦੌਰਾਨ ਟੈਕਨੀਸ਼ੀਅਨ ਨੇ ਉਸਨੂੰ ਇਸ਼ਾਰਾ ਕੀਤਾ ਸੀ ਕਿ ਸਥਿਤੀ ਗੰਭੀਰ ਹੋ ਸਕਦੀ ਹੈ। 2 ਜੁਲਾਈ ਨੂੰ ਉਸਨੂੰ ਫੋਨ ‘ਤੇ ਦੱਸਿਆ ਗਿਆ ਕਿ ਉਸਨੂੰ ਕੈਂਸਰ ਹੈ। ਹਾਲਾਂਕਿ ਉਸਦੀ ਸਰਜਰੀ 28 ਜੁਲਾਈ ਨੂੰ ਹੋ ਗਈ, ਪਰ ਅਸਲ ਮੁਸ਼ਕਿਲ ਸਰਜਰੀ ਤੋਂ ਬਾਅਦ ਸ਼ੁਰੂ ਹੋਈ, ਜਦੋਂ ਉਸਨੂੰ ਅਗਲੇਰੇ ਇਲਾਜ ਅਤੇ ਓਨਕੋਲੋਜਿਸਟ (ਕੈਂਸਰ ਮਾਹਿਰ) ਨੂੰ ਮਿਲਣ ਲਈ ਲੰਬਾ ਇੰਤਜ਼ਾਰ ਕਰਨਾ ਪਿਆ।
ਸਭ ਤੋਂ ਚਿੰਤਾਜਨਕ ਪਹਿਲੂ ਇਹ ਸਾਹਮਣੇ ਆਇਆ ਹੈ ਕਿ ਕੈਨੇਡਾ ਵਿੱਚ ਕਈ ਅਹਿਮ ਟੈਸਟ ਉਪਲਬਧ ਹੀ ਨਹੀਂ ਹਨ। ਗਿੱਲੂਲੀ, ਆਪਣੀ ਛੋਟੀ ਉਮਰ ਕਾਰਨ ਇਹ ਜਾਣਨਾ ਚਾਹੁੰਦੀ ਸੀ ਕਿ ਉਸਦਾ ਕੈਂਸਰ ਕਿਸ ਪੱਧਰ ਦਾ ਹੈ ਅਤੇ ਕਿੰਨਾ ਹਮਲਾਵਰ (Aggressive) ਹੈ। ਇਸ ਲਈ ਉਸਨੇ ਬੀ.ਸੀ. ਵਿੱਚ ਆਪਣੇ ਡਾਕਟਰਾਂ ਤੋਂ “Ki-67 proliferation index” ਟੈਸਟ ਦੀ ਮੰਗ ਕੀਤੀ। ਇਹ ਟੈਸਟ ਅਮਰੀਕਾ ਅਤੇ ਯੂਰਪ ਵਿੱਚ ਬਹੁਤ ਆਮ ਹੈ ਅਤੇ ਇਸ ਨਾਲ ਇਹ ਪਤਾ ਲੱਗਦਾ ਹੈ ਕਿ ਕੈਂਸਰ ਦੇ ਸੈੱਲ ਕਿੰਨੀ ਤੇਜ਼ੀ ਨਾਲ ਵਧ ਰਹੇ ਹਨ। ਪਰ ਬੜੇ ਦੁੱਖ ਦੀ ਗੱਲ ਹੈ ਕਿ ਉਸਨੂੰ ਦੱਸਿਆ ਗਿਆ ਕਿ ਇਹ ਟੈਸਟ ਕੈਨੇਡਾ ਵਿੱਚ ਨਹੀਂ ਕੀਤਾ ਜਾਂਦਾ। ਇਸ ਜਵਾਬ ਨੇ ਪਰਿਵਾਰ ਨੂੰ ਇੰਨਾ ਡਰਾ ਦਿੱਤਾ ਕਿ ਉਹਨਾਂ ਨੇ “ਪੈਨਿਕ ਬਟਨ” ਦਬਾ ਦਿੱਤਾ ਅਤੇ ਇਲਾਜ ਲਈ ਤੁਰਕੀ ਜਾਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ, ਤਾਂ ਜੋ ਜਲਦੀ ਟੈਸਟ ਹੋ ਸਕਣ। ਹਾਲਾਂਕਿ, ਆਪਣੇ ਛੋਟੇ ਬੱਚਿਆਂ ਅਤੇ ਪਰਿਵਾਰਕ ਸਹਾਰੇ ਨੂੰ ਮੁੱਖ ਰੱਖਦਿਆਂ, ਉਸਨੇ ਬੀ.ਸੀ. ਵਿੱਚ ਹੀ ਰਹਿਣ ਦਾ ਫੈਸਲਾ ਕੀਤਾ।
ਇਲਾਜ ਵਿੱਚ ਦੇਰੀ ਦੀ ਦਾਸਤਾਨ ਇੱਥੇ ਹੀ ਖਤਮ ਨਹੀਂ ਹੁੰਦੀ। 28 ਜੁਲਾਈ ਨੂੰ ਟਿਊਮਰ ਹਟਾਉਣ ਦੀ ਸਰਜਰੀ ਹੋਣ ਦੇ ਬਾਵਜੂਦ, ਗਿੱਲੂਲੀ ਨੂੰ ਇੱਕ ਮਾਹਿਰ ਓਨਕੋਲੋਜਿਸਟ ਨੂੰ ਮਿਲਣ ਲਈ 29 ਸਤੰਬਰ ਤੱਕ ਦਾ ਇੰਤਜ਼ਾਰ ਕਰਨਾ ਪਿਆ। ਇਹ ਦੋ ਮਹੀਨਿਆਂ ਦਾ ਵਕਫ਼ਾ ਇੱਕ ਕੈਂਸਰ ਮਰੀਜ਼ ਲਈ ਮਾਨਸਿਕ ਤੌਰ ‘ਤੇ ਤੋੜਨ ਵਾਲਾ ਹੁੰਦਾ ਹੈ, ਕਿਉਂਕਿ ਮਰੀਜ਼ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸਦੇ ਅੰਦਰ ਬਿਮਾਰੀ ਖਤਮ ਹੋਈ ਹੈ ਜਾਂ ਫੈਲ ਰਹੀ ਹੈ। ਜਦੋਂ ਉਹ ਅੰਤ ਵਿੱਚ ਸਤੰਬਰ ਵਿੱਚ ਓਨਕੋਲੋਜਿਸਟ ਨੂੰ ਮਿਲੀ, ਤਾਂ ਡਾਕਟਰ ਨੇ ਤੁਰੰਤ ‘ਓਨਕੋਟਾਈਪ’ (Oncotype) ਟੈਸਟ ਦਾ ਆਦੇਸ਼ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਇਸ ਟੈਸਟ ਲਈ ਵੀ ਸੈਂਪਲ ਕੈਲੀਫੋਰਨੀਆ (ਅਮਰੀਕਾ) ਭੇਜਣਾ ਪਿਆ, ਜਿਸ ਕਾਰਨ ਨਤੀਜੇ ਆਉਣ ਵਿੱਚ ਹੋਰ ਹਫ਼ਤੇ ਲੱਗ ਗਏ। ਇਸ ਟੈਸਟ ਦਾ ਸਕੋਰ 100 ਵਿੱਚੋਂ 45 ਆਇਆ, ਜੋ ਕਿ ਜੋਖਮ ਨੂੰ ਦਰਸਾਉਂਦਾ ਹੈ।
ਗਿੱਲੂਲੀ ਦਾ ਕਹਿਣਾ ਹੈ ਕਿ ਹਾਲਾਂਕਿ ਡਾਕਟਰ ਅਤੇ ਸਰਜਨ ਬਹੁਤ ਵਧੀਆ ਸਨ ਅਤੇ ਉਹਨਾਂ ਦਾ ਵਿਵਹਾਰ ਸਹਿਯੋਗੀ ਸੀ, ਪਰ “ਇੰਤਜ਼ਾਰ ਦੇ ਸਮੇਂ” (Wait time) ਨੇ ਉਸਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ। ਉਹ ਅੱਜ ਵੀ ਇਹ ਸੋਚਣ ਲਈ ਮਜਬੂਰ ਹੈ ਕਿ ਜੇਕਰ ਟੈਸਟ ਪਹਿਲਾਂ ਹੋ ਜਾਂਦੇ ਤਾਂ ਸ਼ਾਇਦ ਸਥਿਤੀ ਕੁਝ ਹੋਰ ਹੁੰਦੀ। ਉਸਦੇ ਮਨ ਵਿੱਚ ਹਮੇਸ਼ਾ ਇਹ ਡਰ ਬਣਿਆ ਰਹਿੰਦਾ ਹੈ ਕਿ ਕੀ ਉਹ ਅਗਲੇ 10 ਸਾਲ ਆਪਣੇ ਬੱਚਿਆਂ ਨਾਲ ਗੁਜ਼ਾਰ ਸਕੇਗੀ ਜਾਂ ਨਹੀਂ। ਇਹ ਸਵਾਲ ਸਿਰਫ਼ ਗਿੱਲੂਲੀ ਦਾ ਨਹੀਂ, ਸਗੋਂ ਬ੍ਰਿਟਿਸ਼ ਕੋਲੰਬੀਆ ਦੇ ਹਰ ਉਸ ਮਰੀਜ਼ ਦਾ ਹੈ ਜੋ ਸਿਸਟਮ ਦੀ ਸੁਸਤ ਰਫ਼ਤਾਰ ਕਾਰਨ ਆਪਣੀ ਜ਼ਿੰਦਗੀ ਅਤੇ ਮੌਤ ਵਿਚਕਾਰ ਲਟਕ ਰਿਹਾ ਹੈ।
ਉਸਦੀ ਦੋਸਤ ਬੋਲਟਬੀ (Boultbee), ਜੋ ਇਸ ਪੂਰੇ ਸਮੇਂ ਦੌਰਾਨ ਉਸਦੇ ਨਾਲ ਖੜ੍ਹੀ ਰਹੀ, ਨੇ ਇਹਨਾਂ ਦੇਰੀਆਂ ਨੂੰ “ਗੈਰ-ਵਾਜਬ” ਕਰਾਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਸਿਰਫ ਇੱਕ ਵਿਅਕਤੀ ਦੀ ਸਮੱਸਿਆ ਨਹੀਂ ਹੈ, ਸਗੋਂ ਇਹ ਬੀ.ਸੀ. ਵਿੱਚ ਇਲਾਜ ਕਰਵਾਉਣ ਵਾਲੇ ਹਰ ਨਾਗਰਿਕ ਲਈ ਇੱਕ ਚੁਣੌਤੀ ਬਣ ਚੁੱਕਾ ਹੈ। ਮਾਹਿਰਾਂ ਅਨੁਸਾਰ ਦੂਜੇ ਵਿਕਸਤ ਦੇਸ਼ਾਂ ਵਿੱਚ ਕੈਂਸਰ ਦੀ ਹਮਲਾਵਰਤਾ (Aggression) ਨੂੰ ਜਾਨਣ ਲਈ ਤੁਰੰਤ ਕਦਮ ਚੁੱਕੇ ਜਾਂਦੇ ਹਨ, ਕਿਉਂਕਿ ਇਸ ਬਿਮਾਰੀ ਵਿੱਚ ਸਮਾਂ ਹੀ ਸਭ ਤੋਂ ਵੱਡਾ ਇਲਾਜ ਹੈ। ਜੇਕਰ ਸ਼ੁਰੂਆਤੀ ਪੜਾਅ ‘ਤੇ ਹੀ ਸਹੀ ਜਾਣਕਾਰੀ ਮਿਲ ਜਾਵੇ ਤਾਂ ਇਲਾਜ ਦੀ ਦਿਸ਼ਾ ਤੈਅ ਕਰਨਾ ਆਸਾਨ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਬੀ.ਸੀ. ਸਰਕਾਰ ਵੱਲੋਂ ਸਿਹਤ ਸੇਵਾਵਾਂ ਵਿੱਚ ਸੁਧਾਰ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਮਰੀਜ਼ਾਂ ਨੂੰ ਰੇਡੀਏਸ਼ਨ ਅਤੇ ਹੋਰ ਟੈਸਟਾਂ ਲਈ ਅਮਰੀਕਾ ਦੇ ਬੇਲਿੰਘਮ ਵਰਗੇ ਸ਼ਹਿਰਾਂ ਵਿੱਚ ਭੇਜਣ ਦੀਆਂ ਖਬਰਾਂ ਵੀ ਸੁਰਖੀਆਂ ਵਿੱਚ ਰਹੀਆਂ ਹਨ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ