ਸਰੀ (ਸੁਰਿੰਦਰ ਸਿੰਘ ਜੱਬਲ) ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਸਰਪ੍ਰਸਤ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਬੰਧਕਾਂ ਅਤੇ ਸਮੂਹ ਸੰਗਤ ਨੇ ਰਲਮਿਲ ਕੇ ਧੰਨ ਧੰਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ, 2026 ਨੂੰ ਬੜੀ ਸ਼ਰਧਾ ਨਾਲ ਮਨਾਇਆ।ਸੰਗਤ ਵਿਚ ਬੇਸ਼ੱਕ ਵਿਵਾਦ ਖੜ੍ਹਾ ਕਰ ਦਿੱਤਾ ਗਿਆ ਸੀ ਕਿ ਇਹ ਪ੍ਰਕਾਸ਼ ਦਿਵਸ ਬਿਕਰਮੀ ਕੈਲੰਡਰ ਅਨੁਸਾਰ 27 ਦਸੰਬਰ ਨੂੰ ਮਨਾਇਆ ਜਾਵੇ ਜਾਂ ਕਿਸੇ ਹੋਰ ਦਿਨ। ਬੱਸ਼ੱਕ ਬਿਕਰਮੀ ਕੈਲੰਡਰ ਅਨੁਸਾਰ ਅਗਲੇ ਸਾਲ 2027 ਵਿਚ ਇਹ ਦਿਨ ਮਿਥਿਆ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ।ਸਾਲ 1990 ਦੇ ਦਹਾਕੇ ਵਾਲੇ ਸਮੇਂ ਦੇ ਪ੍ਰਬੰਧਕ ਭਲੀਭਾਂਤ ਜਾਣੂੰ ਹਨ ਕਿ ਇਹ ਮੁਸ਼ਕਿਲ ਸਾਨੂੰ ਪਹਿਲਾਂ ਵੀ ਆ ਚੁਕੀ ਹੈ ਜਦੋਂ ਕੈਨੇਡਾ ਦੀ ਫੈਡਰਲ ਸਰਕਾਰ ਨੇ ਇਕ ਮੁਲਟੀਕਲਚਰਲ ਕੈਲੰਡਰ ਛਾਪਣ ਵੇਲੇ ਇਸ ਪੁਰਬ ਦੀ ਜਾਣਕਾਰੀ ਪ੍ਰਾਪਤ ਕਰਨੀ ਚਾਹੀ ਸੀ।ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਸਾਰੇ ਸਮਾਗਮ ਸ਼ੁਰੂ ਤੋਂ ਹੀ ਮੁਢਲੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਏ ਜਾਂਦੇ ਹਨ ਤੇ ਇਸ ਵਾਰ ਵੀ ਤਿੰਨ ਦਿਨਾਂ ਸਮਾਗਮ ਰਾਹੀਂ 5 ਜਨਵਰੀ ਨੂੰ ਹੀ ਮਨਾਇਆ ਗਿਆ।ਸਨਿਚਰਵਾਰ 3 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ ਅਤੇ 4 ਜਨਵਰੀ ਦਿਨ ਐਤਵਾਰ ਨੂੰ ਕਲਗੀਆਂ ਵਾਲੇ, ਸਰਬੰਸ ਦਾਨੀ ਆਪੇ ਗੁਰੂ ਆਪੇ ਗੁਰ ਚੇਲਾ ਦਸਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਐਤਵਾਰ ਸਵੇਰੇ ਦਰਬਾਰ ਹਾਲ ਵਿਚ ਗੁਰੂ ਸਾਹਿਬ ਜੀ ਦੀ ਯਾਦ ਵਿਚ ਸਫਲ ਕਵੀ ਦਰਬਾਰ ਕੇਂਦਰੀ ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ ਦੇ ਸਹਿਯੋਗ ਨਾਲ ਕਵੀਆਂ ਦੀਆਂ ਆਪੂੰ ਲਿਖੀਆਂ ਰਚਨਾਵਾਂ ਨਾਲ ਸਾਂਝਾ ਕੀਤਾ ਗਿਆ ਤਾਂ ਕਿ ਇਥੇ ਵਸ ਰਹੇ ਕਵੀ ਆਪੋ ਅਪਣੀਆਂ ਕਵਿਤਾ ਰੂਪੀ ਰਚਨਾਵਾਂ ਨੂੰ ਹੋਰ ਵੀ ਸੁਚੱਜਾ ਬਣਾ ਕੇ ਦਸਮੇਸ਼ ਪਿਤਾ ਜੀ ਦੇ ਗੁਣਗਾਣ ਹਾਜ਼ਰ ਸੰਗਤ ਨਾਲ ਸਾਂਝੇ ਕਰ ਸਕਣ।ਇਸੇ ਤਰ੍ਹਾਂ 5 ਜਨਵਰੀ ਸੋਮਵਾਰ ਵਾਲੇ ਦਿਨ ਸ੍ਰੀ ਅਖੰਡਪਾਠ ਜੀ ਦੀ ਸੰਪੂਰਨਤਾ ਉਪਰੰਤ ਕਥਾ ਕੀਰਤਨ ਦੀਵਾਨ ਸਜੇ ਅਤੇ ਗੁਰਦੁਆਰਾ ਸਾਹਿਬ ਬਰੁੱਕਸਾਈਡ ਦੇ ਹਜ਼ੂਰੀ ਰਾਗੀ ਜੱਥਿਆਂ ਭਾਈ ਸਰਬਜੀਤ ਸਿੰਘ ਰਮਦਾਸਵਾਲੇ ਅਤੇ ਭਾਈ ਇਕਬਾਲ ਸਿੰਘ ਲੁਧਿਆਣੇਵਾਲੇ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਅਤੇ ਗਿਆਨੀ ਸਤਵਿੰਦਰਪਾਲ ਸਿੰਘ ਨੇ ਗੁਰੂ ਸਾਹਿਬਾਂ ਦੇ ਜੀਵਨ ਗਾਥਾਵਾਂ ਨੂੰ ਸੰਗਤ ਨਾਲ ਸਾਂਝਾ ਕੀਤਾ।ਚਾਰ ਜਨਵਰੀ ਐਤਵਾਰ ਵਾਲੇ ਦਿਨ ਕਵੀ ਦਰਬਾਰ ਵਾਲੇ ਦਿਨ ਸਟੇਜ ਦੀ ਜਿੰਮੇਵਾਰੀ ਸੁਸਾਇਟੀ ਦੇ ਪਬਲਿਕ ਰੀਲੇਸ਼ਨ ਸੁਰਿੰਦਰ ਸਿੰਘ ਜੱਬਲ ਨੇ ਨਿਭ੍ਹਾਈ ਤੇ ਆਪਣੀ ਲਿਖੀ ਕਵਿਤਾ ਨਾਲ ਕਵੀ ਦਰਬਾਰ ਵਿਚ ਸਾਂਝ ਵੀ ਪਾਈ। ਕਵੀ ਦਰਬਾਰ ਦੀ ਸਮਾਪਤੀ ਉਪਰੰਤ ਪ੍ਰਬੰਧਕ ਕਮੇਟੀ ਵਲੋਂ ਇਸ ਖਾਸ ਦਿਨ ਦੇ ਕਵੀ ਦਰਬਾਰ ਵਿਚ ਹਿੱਸਾ ਲੈਣ ਵਾਲੇ ਕਵੀਆਂ ਨੂੰ ਟਰਾਫੀਆਂ ਭੇਂਟ ਕਰ ਕੇ ਸਾਰਿਆਂ ਦਾ ਮਾਨ ਸਨਮਾਨ ਕੀਤਾ ਗਿਆ। ਜਿਨ੍ਹਾਂ ਨੇ ਇਸ ਕਵੀ ਦਰਬਾਰ ਵਿਚ ਹਿੱਸਾ ਲਿਆ ਉਹਨਾਂ ਦੇ ਨਾਉਂ ਇਸ ਪਰਕਾਰ ਹਨ।ਪਲਵਿੰਦਰ ਸਿੰਘ ਰੰਧਾਵਾ, ਹਰਸ਼ਰਨ ਕੌਰ, ਬਲਬੀਰ ਸਿੰਘ ਸੰਘਾ, ਪ੍ਰਮਜੀਤ ਕੌਰ ਜੱਬਲ, ਬਿੱਕਰ ਸਿੰਘ ਖੋਸਾ, ਸੁਰਜੀਤ ਸਿੰਘ ਮਾਧੋਪੁਰੀ, ਹਰਚੰਦ ਸਿੰਘ ਬਾਗੜੀ, ਕਵਿੰਦਰ ਚਾਂਦ, ਬੰਤਾ ਸਿੰਘ ਸੱਭਰਵਾਲ, ਪ੍ਰਿਤਪਾਲ ਸਿੰਘ ਗਿੱਲ, ਹਰਚੰਦ ਸਿੰਘ ਗਿੱਲ, ਤਰਸੇਮ ਸਿੰਘ ਜੱਬਲ, ਤਰਸੇਮ ਸਿੰਘ ਭਲੂਰੀਆ, ਗੁਰਮੀਤ ਸਿੰਘ ਕਾਲਕਟ, ਗੁਰਦਰਸ਼ਨ ਸਿੰਘ ਬਾਦਲ ਅਤੇ ਸੁਰਿੰਦਰ ਸਿੰਘ ਜੱਬਲ।

