17.8 C
Vancouver
Monday, May 25, 2026

ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ’ਚ ਯੂਰੇਨੀਅਮ ਦਾ ਵਾਧਾ

ਲਿਖਤ : ਦਵਿੰਦਰ ਸਿੰਘ ਕੋਸ਼ਲ ਧਾਲੀਵਾਲ
ਸੰਪਰਕ: 88472-27740
ਇੱਕ ਗੰਭੀਰ ਰਿਪੋਰਟ ਬੀਤੇ ਦਿਨੀਂ ਸਾਡੇ ਸਾਹਮਣੇ ਆਈ ਹੈ। ‘ਸੈਂਟਰਲ ਗਰਾਊਂਡ ਵਾਟਰ ਰਿਪੋਰਟ’ ਵੱਲੋਂ ਇਹ ਤੱਥ ਸਾਂਝੇ ਕੀਤੇ ਗਏ ਹਨ ਕਿ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੋਂ ਜ਼ਮੀਨ ਹੇਠਲੇ ਪਾਣੀ ਦੇ ਲਏ ਗਏ ਨਮੂਨਿਆਂ ਵਿੱਚੋਂ 62 ਫ਼ੀਸਦੀ ਨਮੂਨਿਆਂ ਵਿੱਚ ਲੋੜ ਤੋਂ ਬਹੁਤ ਜ਼ਿਆਦਾ ਯੂਰੇਨੀਅਮ ਮੌਜੂਦ ਹੈ। ਇਸ ਰਿਪੋਰਟ ਅਨੁਸਾਰ ਭਾਰਤ ਦੇ ਸਾਰੇ ਸੂਬਿਆਂ ’ਚੋਂ ਸਭ ਤੋਂ ਵੱਧ ਬੁਰਾ ਹਾਲ ਪੰਜਾਬ ਦਾ ਹੈ ਜਿੱਥੇ ਵੱਖ-ਵੱਖ ਇਲਾਕਿਆਂ ਦੇ 62 ਫ਼ੀਸਦੀ ਨਮੂਨੇ ਖ਼ਤਰੇ ਦੇ ਨਿਸ਼ਾਨ ਨੂੰ ਟੱਪ ਚੁੱਕੇ ਹਨ।
ਯੂਰੇਨੀਅਮ ਦੀ ਮਾਤਰਾ ਦਾ ਪੈਮਾਨਾ 30 ਪੀ ਪੀ ਬੀ (ਪਾਰਟ ਪਰ ਬਿਲੀਅਨ) ਹੈ। ਇੱਕ ਬਿਲੀਅਨ ਦਾ ਭਾਵ ਹੈ ਸੌ ਕਰੋੜ, ਜਿਸ ਦਾ ਭਾਵ ਹੈ ਕਿ ਪਾਣੀ ਦੇ ਸੌ ਕਰੋੜ ਕਣਾਂ ਵਿੱਚ 30 ਕਣ ਯੂਰੇਨੀਅਮ ਦੇ ਹੋਣਾ ਖ਼ਤਰਨਾਕ ਨਹੀਂ ਹੈ ਪਰ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਇਹ ਪੈਮਾਨਾ 30 ਪੀ ਪੀ ਬੀ ਟੱਪ ਚੁੱਕਿਆ ਹੈ।
ਇਸ ਤੋਂ ਇਲਾਵਾ ਆਰਸੈਨਿਕ, ਫਲੋਰਾਈਡ, ਨਾਈਟ੍ਰੇਟ ਆਦਿ ਜਿਹੇ ਰਸਾਇਣਕ ਪਦਾਰਥਾਂ ਨਾਲ ਭਾਰੂ ਧਾਤਾਂ ਦੀ ਮਾਤਰਾ ਵੀ ਲੋੜ ਤੋਂ ਵੱਧ ਪਾਈ ਗਈ ਹੈ। ਪੰਜਾਬ ਦੇ ਦਰਿਆ ਤਾਂ ਫੈਕਟਰੀਆਂ ਦੇ ਗੰਦੇ ਪਾਣੀ ਕਾਰਨ ਪਹਿਲਾਂ ਹੀ ਜ਼ਹਿਰੀ ਹੋ ਚੁੱਕੇ ਸਨ ਤੇ ਹੁਣ ਪਾਣੀ ਵੀ ਪੀਣ ਯੋਗ ਨਹੀਂ ਬਚਿਆ। ਪਾਣੀ ਨੂੰ ਜੀਵਨ ਕਿਹਾ ਜਾਂਦਾ ਹੈ, ਪਰ ਅੱਜ ਇਹੋ ਪਾਣੀ ਵੱਡੀ ਗਿਣਤੀ ਲੋਕਾਂ ਲਈ ਕੈਂਸਰ ਦਾ ਕਾਰਨ ਬਣ ਰਿਹਾ ਹੈ।
ਰਿਪੋਰਟ ਮੁਤਾਬਿਕ ਜ਼ਿਲ੍ਹੇਵਾਰ ਅੰਕੜੇ ਇਸ ਪ੍ਰਕਾਰ ਹਨ: ਬਰਨਾਲਾ ਦੇ 18 ਨਮੂਨਿਆਂ ਵਿੱਚ 30 ਪੀ ਪੀ ਬੀ ਦੇ ਪੈਮਾਨੇ ਨਾਲੋਂ ਯੂਰੇਨੀਅਮ ਦੀ ਮਾਤਰਾ 89 ਫ਼ੀਸਦੀ ਵੱਧ ਹੈ। ਇਸੇ ਤਰ੍ਹਾਂ ਇਹ ਫ਼ਤਹਿਗੜ੍ਹ ਸਾਹਿਬ ਦੇ 11 ਨਮੂਨਿਆਂ ਵਿੱਚ 82 ਫ਼ੀਸਦੀ, ਮੋਗਾ ’ਚ 84 ਫ਼ੀਸਦੀ, ਜਲੰਧਰ ’ਚ 69 ਫ਼ੀਸਦੀ, ਬਠਿੰਡਾ ’ਚ 63 ਫ਼ੀਸਦੀ, ਸੰਗਰੂਰ ’ਚ 67 ਫ਼ੀਸਦੀ, ਲੁੁਧਿਆਣਾ ’ਚ 59 ਫ਼ੀਸਦੀ, ਫਿਰੋਜ਼ਪੁਰ ’ਚ 56 ਫ਼ੀਸਦੀ, ਪਟਿਆਲਾ ’ਚ 54 ਫ਼ੀਸਦੀ ਅਤੇ ਤਰਨ ਤਾਰਨ ’ਚ 57 ਫ਼ੀਸਦੀ ਵੱਧ ਹੈ। ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੁਹਾਲੀ, ਗੁਰਦਾਸਪੁਰ ਇਲਾਕੇ ਇਸ ਮਾਰ ਤੋਂ ਬਚੇ ਹੋਏ ਹਨ। ਬਾਕੀ ਬਚਦੇ ਸਾਰੇ ਜ਼ਿਲ੍ਹਿਆਂ ਵਿੱਚ ਯੂਰੇਨੀਅਮ ਦੀ ਮਾਤਰਾ 20-50 ਫ਼ੀਸਦੀ ਮਿਲੀ ਹੈ। ਮੁੱਖ ਰੂਪ ਵਿੱਚ ਦੱਖਣੀ-ਪੂਰਬੀ ਪੰਜਾਬ ਅਤੇ ਕੇਂਦਰੀ ਪੰਜਾਬ ਦੇ ਵਸਨੀਕ ਇਹ ਸੰਤਾਪ ਹੰਢਾ ਰਹੇ ਹਨ। ਕੈਂਸਰ ਪੀੜਤਾਂ ਦੀ ਗਿਣਤੀ ਵੀ ਇਨ੍ਹਾਂ ਇਲਾਕਿਆਂ ਵਿੱਚ ਹੀ ਵੱਧ ਹੈ। ਇਸ ਲਈ ਹੁਣ ਖੋਜ ਕੇਂਦਰਾਂ ਦਾ ਕੰਮ ਇਹ ਵੇਖਣਾ ਹੈ ਕਿ ਕੀ ਇਨ੍ਹਾਂ ਦੋਵੇਂ ਵਰਤਾਰਿਆਂ ’ਚ ਆਪਸੀ ਸਬੰਧ ਹੈ? ਜੇਕਰ ਅਜਿਹਾ ਹੈ ਤਾਂ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਹੀ ਇੱਕ ਕੰਮ ਨਹੀਂ ਰਹਿ ਜਾਵੇਗਾ ਸਗੋਂ ਭਵਿੱਖ ਵਿੱਚ ਕੈਂਸਰ ਦੀ ਮਾਰ ਨੂੰ ਖ਼ਤਮ ਕਰਨ ਲਈ ਯੂਰੇਨੀਅਮ ਵਰਗੀ ਅਲਾਮਤ ਦਾ ਵੀ ਹੱਲ ਲੱਭਣਾ ਪਵੇਗਾ।
ਯੂਰੇਨੀਅਮ ਕੀ ਹੈ ਤੇ ਇਹ ਕਿਉਂ ਖ਼ਤਰਨਾਕ ਹੈ?
ਸਾਡੀ ਧਰਤੀ ਅਤੇ ਸਾਡਾ ਸਰੀਰ ਵੱਖ-ਵੱਖ ਅਣੂਆਂ ਤੋਂ ਬਣੇ ਹਨ ਜਿਨ੍ਹਾਂ ਦੇ ਵੱਖੋ ਵੱਖਰੇ ਗੁਣ ਹੁੰਦੇ ਹਨ। ਜਿਵੇਂ ਸਾਡਾ ਸਰੀਰ ਕਾਰਬਨ, ਹਾਈਡ੍ਰੋਜਨ, ਆਕਸੀਜਨ, ਕੈਲਸ਼ੀਅਮ, ਫਾਸਫੋਰਸ ਆਦਿ ਵਰਗੇ 30 ਤੋਂ ਵੱਧ ਤੱਤਾਂ ਦੀ ਰਚਨਾ ਹੈ। ਕੁਦਰਤ ਵਿੱਚ 100 ਤੋਂ ਵੱਧ ਤੱਤ ਹਨ ਜਿਨ੍ਹਾਂ ਵਿੱਚੋਂ ਕਾਫ਼ੀ ਸਾਡੇ ਸਰੀਰ ਲਈ ਨੁਕਸਾਨਦਾਇਕ ਹਨ। ਇਨ੍ਹਾਂ ਤੱਤਾਂ ਵਿੱਚ ਸਭ ਤੋਂ ਵੱਧ ਖ਼ਤਰਨਾਕ ਉਹ ਮੰਨੇ ਜਾਂਦੇ ਹਨ ਜੋ ਰੇਡੀਏਸ਼ਨ ਛੱਡਦੇ ਹਨ। ਭਾਵ ਇਨ੍ਹਾਂ ਤੱਤਾਂ ਦੀ ਊਰਜਾ ਕਿਰਨਾਂ ਦੇ ਰੁੂਪ ’ਚ ਨਿਕਲਦੀ ਰਹਿੰਦੀ ਹੈ ਜੋ ਖ਼ਤਰਨਾਕ ਹੁੰਦੀਆਂ ਹਨ।
ਇਨ੍ਹਾਂ ਨੂੰ ਰੇਡੀਓਐਕਟਿਵ ਐਲੀਮੈਂਟ ਵੀ ਕਿਹਾ ਜਾਂਦਾ ਹੈ। ਯੂਰੇਨੀਅਮ ਵੀ ਇੱਕ ਰੇਡੀਓਐਕਟਿਵ ਐਲੀਮੈਂਟ ਹੈ। ਇਸ ਤੱਤ ਤੋਂ ਅਜਿਹਾ ਪ੍ਰਮਾਣੂ ਬੰਬ ਤਿਆਰ ਕੀਤਾ ਗਿਆ ਸੀ, ਜਿਸ ਨੇ ਕੁਝ ਹੀ ਪਲਾਂ ਵਿੱਚ ਜਾਪਾਨ ਵਿੱਚ ਲੱਖਾਂ ਜ਼ਿੰਦਗੀਆਂ ਖ਼ਤਮ ਕਰ ਦਿੱਤੀਆਂ ਸਨ।
ਧਮਾਕੇ ਤੋਂ ਪੰਜਾਹ ਸਾਲਾਂ ਬਾਅਦ ਵੀ ਹੀਰੋਸ਼ੀਮਾ ਅਤੇ ਨਾਗਾਸਾਕੀ ’ਚ ਯੂਰੇਨੀਅਮ ਦੀਆਂ ਖ਼ਤਰਨਾਕ ਰੇਡੀਓਐਕਟਿਵ ਕਿਰਨਾਂ ਕਰਕੇ ਬੱਚੇ ਸਰੀਰਕ ਤੌਰ ’ਤੇ ਅਸਮਰੱਥ ਪੈਦਾ ਹੁੰਦੇ ਰਹੇ ਅਤੇ ਨੌਜਵਾਨ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਗ੍ਰਸਤ ਰਹੇ। ਅੱਜ ਇਹੋ ਯੂਰੇਨੀਅਮ ਸਾਡੇ ਪੀਣ ਵਾਲੇ ਪਾਣੀ ’ਚ ਘੁਲ ਚੁੱਕਿਆ ਹੈ। ਇੱਕ ਹੋਰ ਰਿਪੋਰਟ ਅਨੁਸਾਰ ਅੱਜ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੇ ਦੁੱਧ ਵਿੱਚ ਵੀ ਯੂਰੇਨੀਅਮ ਮੌਜੂਦ ਹੈ। ਇਹ ਬਹੁਤ ਹੀ ਖ਼ਤਰਨਾਕ ਵਰਤਾਰਾ ਹੈ।
ਪੰਜਾਬ ਦੇ ਪਾਣੀਆਂ ’ਚ ਵਧਦੇ
ਯੂਰੇਨੀਅਮ ਲਈ ਦੋਸ਼ੀ ਕੌਣ ਹੈ?
ਪੰਜਾਬ ਨਾਲ ਲਗਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਹਿਮਾਚਲ ਦੇ ਪਹਾੜਾਂ ਵਿੱਚ ਯੂਰੇਨੀਅਮ ਪਾਇਆ ਜਾਂਦਾ ਹੈ ਜੋ ਨਦੀਆਂ ਰਾਹੀਂ ਮੈਦਾਨਾਂ ਤੱਕ ਆਉਂਦਾ ਹੈ ਅਤੇ ਰਿਸਦਾ ਹੋਇਆ ਜ਼ਮੀਨ ਹੇਠਲੇ ਪਾਣੀ ਵਿੱਚ ਜਾ ਰਲਦਾ ਹੈ। ਇਹ ਕੁਦਰਤੀ ਪੱਧਰ ’ਤੇ ਹੋਣ ਵਾਲਾ ਵਰਤਾਰਾ ਹੈ ਪਰ ਨਾਜਾਇਜ਼ ਖਣਨ ਨੇ ਇਸ ਪ੍ਰਕਿਰਿਆ ਨੂੰ ਕਈ ਗੁਣਾ ਤੇਜ਼ ਕਰ ਦਿੱਤਾ ਹੈ। ਪਹਾੜਾਂ ਦੀ ਬਰਬਾਦੀ ਤੇ ਜੰਗਲਾਂ ਦੀ ਕਟਾਈ ਨੇ ਹੋਰ ਬਹੁਤ ਗੰਭੀਰ ਸਮੱਸਿਆ ਪੈਦਾ ਕੀਤੀ ਹੈ ਜੋ ਸਾਨੂੰ ਹੜ੍ਹ, ਬੱਦਲ ਫਟਣ ਤੇ ਪਹਾੜ ਖਿਸਕਣ ਵਰਗੇ ਤਬਾਹਕੁੰਨ ਵਰਤਾਰਿਆਂ ਵਿੱਚ ਦਿਖਾਈ ਦਿੰਦੀ ਹੈ। ਪੰਜਾਬ ਦੀ ਜ਼ਮੀਨ ਦੀਆਂ ਹੇਠਲੀਆਂ ਪਰਤਾਂ ਵਿੱਚ ਵੀ ਯੂਰੇਨੀਅਮ ਦੀ ਮੌਜੂਦਗੀ ਮਿਲੀ ਹੈ।
ਮੁਨਾਫ਼ੇ ਦੀ ਦੌੜ ’ਚ ਪੰਜਾਬ ਨੇ ਦੋਹਾਂ ਪੱਖਾਂ ਤੋਂ ਬਰਬਾਦੀ ਝੱਲੀ ਹੈ। ਪੰਜਾਬ ਦੀ ਸਨਅਤ, ਖ਼ਾਸ ਕਰਕੇ ਲੁਧਿਆਣੇ ਦੀਆਂ ਫੈਕਟਰੀਆਂ ਬੁੱਢਾ ਦਰਿਆ ਅਤੇ ਸਤਲੁਜ ਨੂੰ ਜ਼ਹਿਰ ਬਣਾ ਚੁੱਕੀਆਂ ਹਨ। ਇਨ੍ਹਾਂ ਤੋਂ ਬਿਨਾਂ ਹੋਰ ਕਈ ਫੈਕਟਰੀਆਂ ਹਨ ਜਿਹੜੀਆਂ ਦੂਸ਼ਿਤ ਪਾਣੀ ਬੋਰ ਕਰਕੇ ਜ਼ਮੀਨ ਹੇਠਲੇ ਪਾਣੀ ਵਿੱਚ ਰਲਾ ਰਹੀਆਂ ਹਨ। ਲੁਧਿਆਣੇ ਦੀ ਚਮੜੇ ਦੀ ਸਨਅਤ, ਕੈਮੀਕਲ ਪੇਂਟ (ਰੰਗਾਂ) ਦੀ ਸਨਅਤ ਆਦਿ ਪਾਣੀ ਵਿੱਚ ਆਰਸੈਨਿਕ, ਲੈੱਡ, ਕਰੋਮੀਅਮ ਵਰਗੀਆਂ ਜ਼ਹਿਰੀਲੀਆਂ ਭਾਰੀ ਧਾਤਾਂ ਮਿਲਾ ਰਹੀਆਂ ਹਨ। ਇਸ ਨੂੰ ਐਫਲੂਐਂਟ ਕਿਹਾ ਜਾਂਦਾ ਹੈ ਜਿਸ ਵਿੱਚ ਭਾਰੀ ਧਾਤਾਂ ਦੇ ਨਾਲ-ਨਾਲ ਕਈ ਤਰ੍ਹਾਂ ਦੇ ਰਸਾਇਣ ਹੁੰਦੇ ਹਨ। ਇਸ ਵਿੱਚ ਕਈ ਹੋਰ ਅਜਿਹੇ ਪਦਾਰਥ ਵੀ ਸ਼ਾਮਲ ਹੁੰਦੇ ਹਨ ਜੋ ਮਿੱਟੀ ’ਚ ਮੌਜੂਦ ਯੂਰੇਨੀਅਮ ਨੂੰ ਖੋਰ ਕੇ ਪਾਣੀ ’ਚ ਰਲਾਉਣ ’ਚ ਮਦਦ ਕਰਦੇ ਹਨ।
ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਵਧਣ ਦਾ ਕਾਰਨ ਖੇਤੀ ਵੀ ਹੈ। ਝੋਨੇ ਵਰਗੀਆਂ ਫ਼ਸਲਾਂ ਲਈ ਪਾਣੀ ਬੇਹਿਸਾਬ ਵਰਤਿਆ ਜਾਂਦਾ ਹੈ। ਇਸ ਨਾਲ ਪਾਣੀ ਧਰਤੀ ਦੀਆਂ ਬਹੁਤ ਡੂੰਘੀਆਂ ਪਰਤਾਂ ਵਿੱਚੋਂ ਕੱਢਿਆ ਜਾਣ ਲੱਗਾ ਹੈ, ਜਿੱਥੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਵੱਧ ਹੈ। ਰਸਾਇਣਕ ਖਾਦਾਂ ਨੇ ਵੀ ਪਾਣੀ ਵਿੱਚ ਭਾਰੀਆਂ ਧਾਤਾਂ ਦੀ ਭਰਮਾਰ ਕੀਤੀ ਹੈ। ਫਾਸਫੇਟ ਯੁਕਤ ਕੀਟਨਾਸ਼ਕ ਨਾਲ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ’ਚ ਕਾਫ਼ੀ ਵਾਧਾ ਹੋਇਆ ਹੈ। ਇਸੇ ਤਰ੍ਹਾਂ ਅੱਜ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਜੋ ਆਰ-ਓ ਫਿਲਟਰ ਲੱਗੇ ਹੋਏ ਹਨ, ਉਹ ਜਦੋਂ ਪਾਣੀ ਸਾਫ਼ ਕਰ ਦਿੰਦੇ ਹਨ ਤਾਂ ਸਾਰਾ ਯੂਰੇਨੀਅਮ ਅਤੇ ਹੋਰ ਗੰਦਗੀ ਉਸ ਦੇ ਫਿਲਟਰਾਂ ਵਿੱਚ ਜਮ੍ਹਾਂ ਹੋ ਜਾਂਦੀ ਹੈ। ਇਸ ਨਾਲ ਫਿਲਟਰ ਵਿੱਚ ਖ਼ਤਰਨਾਕ ਧਾਤਾਂ ਅਤੇ ਕੈਮੀਕਲਾਂ ਦੀ ਮਾਤਰਾ ਵੱਧ ਹੁੰਦੀ ਹੈ। ਇਨ੍ਹਾਂ ਫਿਲਟਰਾਂ ਨੂੰ ਆਮ ਕੂੜੇ ਨਾਲ ਸੁੱਟਣ ਦੀ ਥਾਂ ਸਹੀ ਢੰਗ ਨਾਲ ਨਿਪਟਾਰਾ ਕਰਨਾ ਬਹੁਤ ਜ਼ਰੂਰੀ ਹੈ। ਇਸ ਨਿਪਟਾਰੇ ਲਈ ਸਰਕਾਰ ਨੂੰ ਕੁਝ ਕੇਂਦਰ ਬਣਾਉਣੇ ਚਾਹੀਦੇ ਹਨ। ਸੂਬਾ ਸਰਕਾਰ ਦੇ ਖੋਜ ਕੇਂਦਰਾਂ ਅਤੇ ਯੂਨੀਵਰਸਿਟੀਆਂ ਵਰਗੇ ਖੋਜ ਅਦਾਰਿਆਂ ਨੂੰ ਇਸ ਗੰਭੀਰ ਸਮੱਸਿਆ ਨੂੰ ਧਿਆਨ ’ਚ ਰੱਖ ਕੇ ਹੁਣ ਤੋਂ ਹੀ ਕੰਮ ਸ਼ੁਰੁੂ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਵੀ ਵੱਖ ਵੱਖ ਪੱਧਰ ’ਤੇ ਹੀਲੇ ਕਰਨ ਦੀ ਲੋੜ ਹੈ। ਅਜੋਕੇ ਸਮੇਂ ਵਿੱਚ ਸਨਅਤ ਅਤੇ ਖੇਤੀ ਦੀ ਪੈਦਾਵਾਰ ਪਿਛਲਾ ਮੁੱਖ ਮਕਸਦ ਮੁਨਾਫ਼ਾ ਕਮਾਉਣਾ ਹੈ ਜਿਸ ਲਈ ਵਾਤਾਵਰਨ ਨਾਲ ਵੀ ਵੱਡੇ ਪੱਧਰ ’ਤੇ ਖਿਲਵਾੜ ਕੀਤਾ ਜਾਂਦਾ ਹੈ। ਸਾਫ਼ ਵਾਤਾਵਰਨ ਤੇ ਸਾਫ਼ ਪੌਣ-ਪਾਣੀ ਹਰ ਮਨੁੱਖ ਦਾ ਬੁਨਿਆਦੀ ਹੱਕ ਹੈ, ਜੋ ਹਰੇਕ ਨੂੰ ਮਿਲਣਾ ਚਾਹੀਦਾ ਹੈ।

ਰੁਝਾਨ ਖਬਰਾਂ