ਡਾ. ਪੂਰਨ ਸਿੰਘ ਗਿੱਲ, (778-998-5733) ਕੈਨੇਡਾ ਦੇ ਸਿੱਖ ਇਤਿਹਾਸ ਵਿੱਚ ਭਾਈ ਮੇਵਾ ਸਿੰਘ ਜੀ ਦੀ ਸ਼ਹੀਦੀ ਇੱਕ ਮਹਾਨ ਸਿਦਕੀ ਕਾਰਨਾਮਾ ਸੀ, ਜੋ ਤਕਰੀਬਨ 107 ਸਾਲ ਪਹਿਲਾਂ ਵਾਪਰਿਆ ਆਪ ਜੀ ਦਾ ਪਿੰਡ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਸੀ ਅਤੇ ਆਪ ਭਾਈ ਵਰਿਆਮ ਸਿੰਘ ਜੀ ਨਾਲ 1906 ਵਿਚ ਸ਼ੰਘ-ਹਾਈ (ਚੀਨ) ਤੋਂ ਵੈਨਕੂਵਰ ਪਹੁੰਚੇ ਵੈਨਕੂਵਰ ਪਹੁੰਚਕੇ, ਆਪ ਜੀ ਨੇ ਖੰਡੇ ਬਾਟੇ ਦੀ ਪਹੁਲ ਲਈ ਅਤੇ ਪੰਥਕ ਕਾਰਜਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਗੇ । ਜਿਥੋਂ ਤੱਕ ਭਾਈ ਮੇਵਾ ਸਿੰਘ ਜੀ ਦੀ ਸ਼ਖਸ਼ੀਅਤ ਬਾਰੇ ਪਤਾ ਲਗਦਾ ਹੈ, ਆਪ ਸ਼ਾਂਤ ਚਿੱਤ ਅਤੇ ਪਰਉਪਕਾਰੀ ਸੁਭਾਅ ਦੇ ਮਾਲਕ ਸਨ । ਇੱਸ ਤੱਥ ਬਾਰੇ ਕੋਈ ਭੁਲੇਖਾ ਨਹੀਂ ਕਿ ਵੀਹਵੀਂ ਸਦੀ ਦੇ ਮੁਢਲੇ ਦਹਾਕੇ ਤੋਂ ਏਸ਼ੀਅਨ ਲੋਕਾਂ ਨਾਲ ਨਸਲੀ ਵਿਤਕਰਾ ਬਹੁਤ ਜਿਆਦਾ ਸੀ। ਭਾਵੇਂ 1904 ਤੋਂ 1907 ਤੱਕ ਸਿੱਖਾਂ ਨਾਲ ਕੋਈ ਨਸਲੀ ਹਾਦਸੇ ਨਹੀਂ ਵਾਪਰੇ ਪਰ ਜਦੋਂ 1908 ਵਿਚ ਸਿੱਖਾਂ ਦੀ ਗਿਣਤੀ ਵਿੱਚ ਵਾਧਾ ਹੋਣ ਲੱਗਾ, ਤਾਂ ਨਸਲੀ ਹਾਦਸੇ ਹੋਣ ਲੱਗੇ। ਇਸ ਨਾਲ ਹੀ ਭਾਰਤੀ ਲੋਕਾਂ ਦੇ ਦਾਖਲੇ ਤੇ ਪੂਰੀ ਪਬੰਦੀ ਲਗਾਉਣੀ ਲਈ ਇੱਕ ਵਿਸ਼ੇਸ਼ ਕਨੂੰਨ ਪਾਸ ਕੀਤਾ ਗਿਆ । ਕੈਨੇਡਾ ਸਰਕਾਰ ਦੇ ਇਸ ਕਨੂੰਨ ਅਨੁਸਾਰ ਉਹੀ ਵਿਅੱਕਤੀ ਕੈਨੇਡਾ ਦਾਖਲ ਹੋ ਸਕਦਾ ਸੀ ਜੋ ਆਪਣੀ ਜਨਮ-ਭੂਮੀ ਤੋਂ ਸਿੱਧੀ ਟਿੱਕਟ ਖਰੀਦ ਲਗਾਤਾਰ ਸਫ਼ਰ ਰਾਹੀਂ ਪਹੁੰਚੇ। ਮੰਦਭਾਗੀਂ ਉਸ ਸਮੇਂ ਕੋਈ ਵੀ ਜਹਾਜ-ਕੰਪਨੀ ਪਾਸ ਕਲਕੱਤੇ ਜਾਂ ਹੋਰ ਬੰਦਰਗਾਹ ਤੋਂ ਕੈਨੇਡਾ ਜਾਣ ਲਈ ਸਿੱਧਾ ਰੂਟ ਪਰਮਿੱਟ ਨਹੀਂ ਸੀ । ਭਾਵੇਂ ਇਸ ਵਿਸ਼ੇਸ਼ ਕਨੂੰਨ ਵਿੱਚ ਕਿਸੇ ਦੇਸ਼ ਜਾਂ ਕੌਮ ਦਾ ਸੰਕੇਤ ਨਹੀਂ ਸੀ, ਪਰ ਕੈਨੇਡਾ ਸਰਕਾਰ ਦੀ ਅਸਲ ਭਾਵਨਾ ਭਾਰਤੀ ਲੋਕਾਂ ਦਾ ਦਾਖਲਾ ਬੰਦ ਕਰਨਾ ਸੀ ਅਤੇ ਸਰਕਾਰ ਨੂੰ ਜਹਾਜ-ਕੰਪਨੀਆਂ ਦੇ ਰੂਟਾਂ ਬਾਰੇ ਪੂਰਾ ਭੇਤ ਸੀ । ਨਤੀਜਾ ਇਹ ਹੋਇਆ ਕਿ ਭਾਰਤੀ ਲੋਕਾਂ ਲਈ ਕੈਨੇਡਾ ਪਹੁੰਚਣਾ ਅਤਿ ਅਸੰਭਵ ਹੋਇਆ । 1908 ਵਿੱਚ ਹੀ ਕੈਨੇਡਾ ਸਰਕਾਰ ਵਲੋਂ ਇੱਕ ਹੋਰ ਸਾਜ਼ਸ਼ ਰੱਚੀ ਗਈ । ਇਸ ਸਾਜ਼ਸ਼ ਨਾਲ ਸਰਕਾਰ ਸਮੂਹ ਭਾਰਤੀ ਲੋਕਾਂ ਨੂੰ ਪ੍ਰੇਰਕੇ ਹਾਂਡੂਰਸ ਭੇਜਣਾ ਚਹੁੰਦੀ ਸੀ ਅਤੇ ਇਥੋਂ ਸਭ ਨੂੰ ਬਾਹਰ ਕੱਢਣਾ ਚਹੁੰਦੇ ਸਨ । ਉਸ ਸਮੇਂ ਭਾਰਤੀ ਲੋਕਾਂ ‘ਚ 95 ਫੀਸਦੀ ਸਿੱਖ ਹੀ ਸਨ। ਪਰ ਚੰਗੇ ਭਾਗਾਂ ਨੂੰ ਇਸ ਸੰਕਟ ਦੌਰਾਨ ਪ੍ਰੋਫੈਸਰ (ਸੰਤ) ਤੇਜਾ ਸਿੰਘ ਜੀ ਵੈਨਕੂਵਰ ਪਹੁੰਚੇ, ਜਿਨ੍ਹਾਂ ਨੇ ਬਹੁਤ ਸਿਆਣਪ ਨਾਲ ਹਾਂਡੂਰਸ ਵਾਲੀ ਸਰਕਾਰ ਦੀ ਗੁਪਤ ਸਕੀਮ ਨੂੰ ਫੇਲ੍ਹ ਕਰ ਦਿੱਤਾ। ਸ਼ਾਇਦ ਬਹੁਤ ਲੋਕ ਮੇਰੀ ਗੱਲ ਨਾਲ ਸਹਿਮਤ ਨਹੀਂ ਹੋਣਗੇ ਕਿ ਅੱਜ ਵੀ ਕੈਨੇਡਾ ਸਰਕਾਰ ਵਲੋਂ
ਅਜਿਹੇ ਲੋਕਾਂ ਨੂੰ ਭਾਰਤ ਅੰਦਰ ਇਮੀਗਰੇਸ਼ਨ ਅਫਸਰ ਬਣਾਕੇ ਭੇਜਿਆ ਜਾ ਰਿਹਾ ਹੈ, ਜੋ ਭਾਰਤੀ ਲੋਕਾਂ ਦਾ ਕੈਨੇਡਾ ਆਉਣਾ ਔਖਾ ਕਰਨ। ਅੱਜ ਭਾਰਤੀ ਲੋਕ ਜਿਆਦਾ ਗਿਣਤੀ ਵਿਚ ਕੈਨੇਡਾ ਆਉਣਾ ਚਾਹੁੰਦੇ ਹਨ ਤੇ ਅੰਦਰੂਨੀ ਤੌਰ ਤੇ ਕੈਨੇਡਾ ਸਰਕਾਰ ਚਿੱਟੇ ਲੋਕਾਂ ਦੇ ਦੇਸ਼ਾਂ ਤੋਂ ਜਿਆਦਾ ਅਵਾਸੀ ਮੰਗਾਉਣਾ ਚਾਹੁੰਦੇ ਹਨ
ਕੈਨੇਡਾ ਸਰਕਾਰ ਨੇ ਸਿੱਖਾਂ ਅੰਦਰ ਏਕਤਾ ਭੰਗ ਕਰਨ ਲਈ ਗਦਾਰ ਵੀ ਭਰਤੀ ਕੀਤੇ। ਗਦਾਰ ਭਰਤੀ ਕਰਨ ਵਾਲਾ ਇਕ ਗੋਰਾ ਹਾਪਕਿਨਸਨ ਬਹੁਤ ਚੁਸਤ ਆਦਮੀ ਸੀ ਜੋ ਕਿ ਹਿੰਦੀ ਬੋਲੀ ਵੀ ਬੋਲਦਾ ਤੇ ਸਮਝਦਾ ਸੀ । ਗਦਾਰਾਂ ਦੀ ਜੁੰਡਲੀ ਦਾ ਮੁੱਖੀ ਬੇਲਾ ਸਿੰਘ ਸੀ, ਜੋ ਹਾਪਕਿਨਸਨ ਦੇ ਇਸ਼ਾਰੇ ਤੇ ਹਰ ਕੰਮ ਕਰਦਾ । ਸਿੱਖਾਂ ਦੇ ਨੇਤਾ ਬਹੁਤ ਕਾਬਲ ਤੇ ਸਿਦਕੀ ਵਿਅੱਕਤੀ ਸਨ, ਜਿਨ੍ਹਾਂ ਵਿੱਚ ਸਭ ਤੋਂ ਵੱਧ ਹਰਮਨ ਪਿਆਰੇ ਭਾਈ ਭਾਗ ਸਿੰਘ ਭਿਖੀਵਿੰਡ, ਜ਼ਿਲ੍ਹਾ ਅੰਮ੍ਰਿਤਸਰ, ਭਾਈ ਬਲਵੰਤ ਸਿੰਘ ਜੀ, ਖੁਰਦਪੁਰ (ਜਲੰਧਰ) ਭਾਈ ਮਿੱਤ ਸਿੰਘ ਪੰਡੋਰੀ (ਲੁਧਿਆਣਾ) ਆਦਿ । ਇਨ੍ਹਾਂ ਨੇਤਾਵਾਂ ਨੂੰ ਕਰਨ ਦੀ ਸਕੀਮ ਪਿੱਛੇ ਕੈਨੇਡਾ ਦੀ ਖੁਫ਼ੀਆ ਵਿਭਾਗ ਦਾ ਹੱਥ ਸੀ। ਆਖ਼ਰ 5 ਸਤੰਬਰ 1914 ਨੂੰ ਬੇਲਾ ਸਿੰਘ ਨੇ ਅਣਮਨੁੱਖੀ ਵਰਤਾਰਾ ਵਰਤਾ ਦਿੱਤਾ । ਉਸਨੇ ਗੁਰਦੁਆਰਾ ਸਾਹਿਬ ਅੰਦਰ ਭਾਈ ਭਾਗ ਸਿੰਘ ਪਿਖੀਵਿੰਡ ਦੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ (ਮਾਨਸਾ) ਨੂੰ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ, ਪਰ ਬੇਲਾ ਸਰਕਾਰੀ ਗਦਾਰ ਹੋਣ ਕਰਕੇ ਸਾਫ਼ ਬਰੀ ਹੋ ਗਿਆ। ਇਸ ਸਮੁੱਚੀ ਸਾਜਸ਼ ਦਾ ਘਾੜਕ ਹਾਪਕਿਨਸਨ ਸੀ । ਇਸ ਦੁਖਾਂਤਕ ਹਾਦਸੇ ਨੇ ਭਾਈ ਮੇਵਾ ਸਿੰਘ ਜੀ ਦੇ ਖੂਨ ਨੂੰ ਗਰਮਾਇਆ ਅਤੇ ਉਸਨੇ ਕੌਮੀ ਹੀਰਿਆਂ ਦੀ ਮੌਤ ਦਾ ਬਦਲਾ ਲੈਣ ਲਈ ਪ੍ਰਣ ਕੀਤਾ ।
21 ਅਕਤੂਬਰ 1914 ਨੂੰ ਭਾਈ ਮੇਵਾ ਸਿੰਘ ਜੀ ਨੇ ਕਚਹਿਰੀ ਦੇ ਅੰਦਰ ਹੀ ਹਾਪਕਿਨਸਨ ਨੂੰ ਗੋਲੀਆਂ ਨਾਲ ਛਾਣਨੀ ਕਰਕੇ ਆਪਨੇ ਆਪ ਨੂੰ ਪੁਲਸ ਦੇ ਹਵਾਲੇ ਕਰਦਿੱਤਾ । ਭਾਵੇਂ ਪੁਲਸ ਨੇ ਹੋਰ ਕੌਮ ਨਾਇਕਾਂ ਨੂੰ ਤੰਗ ਕਰਨ ਲਈ ਹਿਰਾਸਤ ਵਿਚ ਲੈ ਲਿਆ, ਜਿਵੇਂ ਹਸਨ ਰਹੀਮ, ਭਾਈ ਬਲਵੰਤ ਸਿੰਘ, ਭਾਈ ਮਿੱਤ ਸਿੰਘ ਪੰਡੋਰੀ, ਪਰ ਭਾਈ ਮੇਵਾ ਸਿੰਘ ਜੀ ਨੇ ਡੱਟ ਕੇ ਬਿਆਨ ਦਿੱਤਾ ਤੇ ਇਕਬਾਲ ਕੀਤਾ ਕਿ ਉਸਨੇ ਇਕੱਲੇ ਨੇ ਹੀ ਹਾਪਕਿਨਸਨ ਦੁਸ਼ਟ ਦਾ ਕਤਲ ਕੀਤਾ ਹੈ । ਉਸਨੇ ਆਪਣਾ ਇਤਿਹਾਸਕ ਬਿਆਨ ਕਚਹਿਰੀ ਅੰਦਰ ਬਹੁਤ ਠਰੰਮੇ ਤੇ ਚੜ੍ਹਦੀ ਕਲ੍ਹਾ ਵਿਚ ਦਿੱਤਾ ਤੇ ਬਿਆਨ ਮਿਸਟਰ ਵੁਡਜ਼ ਨੇ ਪੜ੍ਹਕੇ ਸੁਣਾਇਆ।
‘’ਮੇਰਾ ਨਾਂ ਮੇਵਾ ਸਿੰਘ ਹੈ ਅਤੇ ਮੈਂ ਅੱਜ ਤੱਕ ਰੱਬੀ ਬੰਦਗੀ ਕਰਨ ਵਾਲਾ ਅਤੇ ਰੱਬ ਦੇ ਭੈਅ ਵਿੱਚ ਰਹਿਣ ਵਾਲਾ ਆਦਮੀ ਹਾਂ। ਮੇਰੇ ਕੋਲ ਸ਼ਬਦ ਨਹੀਂ ਹਨ, ਜਿਨ੍ਹਾਂ ਰਾਹੀਂ ਮੈਂ ਦੁੱਖ, ਫਿਕਰ ਤੇ ਮੁਸ਼ਕਲਾਂ ਨੂੰ ਬਿਆਨ ਕਰ ਸਕਾਂ, ਜੋ ਮੈਂ ਵੈਨਕੂਵਰ ਰਹਿਣ ਸਮੇਂ ਹੰਢਾਇਆ। ਅਸੀਂ ਸਾਰੇ ਸਿੱਖ ਜਦੋਂ ਵੀ ਗੁਰਦੁਆਰਾ ਸਾਹਿਬ ਜਾਂਦੇ ਸਾਂ ਤਾਂ ਸਾਡਾ ਉਥੇ ਜਾ ਕੇ ਮੁੱਖ ਮੰਤਵ ਰੱਬੀ ਬੰਦਗੀ ਕਰਨਾ ਸੀ, ਪਰ ਕੁੱਝ ਲੋਕਾਂ ਨੇ ਇਸ ਵਾਤਾਵਰਣ ਨੂੰ ਭੰਗ ਕਰਨ ਲਈ ਅਥਵਾ ਇਸ ਪ੍ਰੰਪਰਾ ਵਿਚ ਵਿਘਨ ਪਾਉਣ ਲਈ, ਉਥੇ ਗੋਲੀਆਂ ਚਲਾਈਆਂ ਅਤੇ ਵਿਅੱਕਤੀ ਕਤਲ ਕੀਤੇ। ਗੁਰਦੁਆਰਾ ਸਾਹਿਬ ਵਿਚ 5 ਸਤੰਬਰ 1914 ਨੂੰ ਬੇਲਾ ਸਿੰਘ ਨੇ ਗੁਰਦੁਆਰਾ ਸਾਹਿਬ ਜਾਕੇ ਕਤਲ ਕੀਤੇ,
ਪਰ ਪੁਲਸ ਨੇ ਮੈਨੂੰ ਗ੍ਰਿਫਤਾਰ ਕਰ ਲਿਆ ਤੇ ਪੁੱਛਿਆ ‘’ਕੀ ਤੂੰ ਗੋਲੀ ਚਲਾਈ ਹੈ?’’ ਜਦੋਂ ਉਨ੍ਹਾਂ ਨੇ ਬੇਲਾ ਸਿੰਘ ਫੜਿਆ ਤਾਂ ਉਸਨੇ ਕਿਹਾ, ‘’ ਮੈਂ ਇਹ ਕਤਲ ਕਿਉਂ ਕੀਤਾ ?’’ ਇਸ ਬਾਰੇ ਪੂਰੀ ਜਾਣਕਾਰੀ ਮਿਸਟਰ ਰੀਡ ਤੇ ਹਾਪਕਿਨਸਨ ਨੂੰ ਹੈ, ਉਨ੍ਹਾਂ ਨੂੰ ਪਤਾ ਹੈ ਕਿ ਮੈਂ ਇਹ ਕਤਲ ਕਿਉਂ ਕੀਤੇ।’’
ਜਦੋਂ ਬੇਲਾ ਸਿੰਘ ਨੇ ਗੋਲੀਆਂ ਚਲਾਈਆਂ, ਅਸੀਂ ਅਰਦਾਸ ਵਿੱਚ ਜੁੜੇ ਹੋਏ ਸੀਸਭ ਤੋਂ ਪਹਿਲਾਂ ਬੇਲਾ ਸਿੰਘ ਨੇ ਭਾਗ ਸਿੰਘ ਦੇ ਗੋਲੀਆਂ ਮਾਰੀਆਂ, ਬੇਲਾ ਸਿੰਘ ਨੇ ਬਿਨ੍ਹਾਂ ਸੋਚੇ ਭਾਗ ਨੂੰ ਮਾਰ ਦਿੱਤਾ ਤੇ ਉਸਦੇ ਬੱਚੇ ਅਨਾਥ ਹੋ ਗਏ। ਭਾਗ ਸਿੰਘ ਦੀ ਪਤਨੀ ਪਹਿਲਾਂ ਹੀ ਮਰ ਚੁੱਕੀ ਸੀ, ਸਿਰਫ ਦੋ ਬੱਚੇ ਹਨ। ਮੈਂ ਅਜਿਹੇ ਦੁਖਾਂਤ ਨੂੰ ਅੱਖੀਂ ਦੇਖਿਆ ਅਤੇ ਬੇ-ਕਸੂਰ ਲੋਕਾਂ ਦਾ ਕਤਲ ਦੇਖਕੇ ਮੇਰਾ ਖੂਨ ਖੌਲਿਆ । ਅਸੀਂ ਸਿਪਾਹੀ ਵੀ ਹਾਂ ਅਤੇ ਬਤੌਰ ਸਿਪਾਹੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਕਸਮ ਖਾਂਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ ਤੇ ਰੇਸ਼ਮੀ ਰੁਮਾਲਾਂ ਵਿਚ ਉਸਨੂੰ ਰਖਦੇ ਹਾਂ। ਇਸਤਰਾਂ ਦਿਲੀ ਸਤਿਕਾਰ ਕਰਨਾ ਸਾਡੀ ਪ੍ਰੰਪਰਾ ਹੈ। ਇਸ ਕਤਲ ਤੋਂ ਪਹਿਲਾਂ, ਗੁਰਦੁਆਰਾ ਸਾਹਿਬ ਵਿਚ ਦੋ ਸੌ ਤੋਂ ਵੱਧ ਸੰਗਤ ਹਾਜ਼ਰੀ ਭਰਦੀ ਸੀ, ਪਰ ਕਤਲ ਪਿਛੋਂ ਥੋੜੇ ਕੁ ਲੋਕ ਹੀ ਗੁਰਦੁਆਰੇ ਜਾਂਦੇ ਹਨ। ਇਸ ਦੁਖਾਂਤਕ ਘਟਣਾ ਪਿਛੇ ਮਿਸਟਰ ਰੀਡ ਤੇ ਹਾਪਕਿਨਸਨ ਦਾ ਹੱਥ ਹੈ ਅਤੇ ਮੈਂ ਸਿੱਖ ਧਰਮ ਦੀ ਮਾਣ-ਮਰਯਾਦਾ ਅਤੇ ਸਤਿਕਾਰ ਖ਼ਾਤਰ ਉਪਰੰਤ ਆਪਣੇ ਹਮਵਤਨੀਆਂ ਅਤੇ ਧਰਮ ਲਈ ਹਾਪਕਿਨਸਨ ਦਾ ਕਤਲ ਕੀਤਾ ਹੈ ਕਿਉਂਕਿ ਮੇਰੇ ਲਈ ਹੋਰ ਜ਼ੁਲਮ ਬਰਦਾਸ਼ਤ ਕਰਨਾ ਅਸੰਭਵ ਸੀ । (ਇਹ ਬਿਆਨ 31 ਅਕਤੂਬਰ 1914 ਨੂੰ ਵੈਨਕੂਵਰ ਸਨ ਵਿਚ ਛਪਿਆ ਸੀ) ‘’ਮੇਰਾ ਧਰਮ ਮੈਨੂੰ ਕਿਸੇ ਨਾਲ ਦੁਸ਼ਮਣੀ ਕਰਨੀ ਨਹੀਂ ਸਿਖਾਉਂਦਾ । ਨਾ ਹੀ ਮੇਰੀ ਹਾਪਕਿਨਸਨ ਨਾਲ ਕੋਈ ਜਾਤੀ ਦੁਸ਼ਮਣੀ ਸੀ। ਪਰ ਉਹ ਮੇਰੀ ਕੌਮ ਦੇ ਲੋਕਾਂ ਨੂੰ ਹਦੋਂ ਵੱਧ ਦੁੱਖ ਦਿੰਦਾ ਸੀ । ਮੈਂ ਇਕ ਪੱਕਾ ਸਿੱਖ ਹੋਣ ਦੀ ਹੈਸੀਅਤ ਵਿਚ ਇਹ ਨਹੀਂ ਸੀ ਸਹਾਰ ਸਕਦਾ ਕਿ ਮੇਰੇ ਭੋਲੇ ਭਾਲੇ ਬੇ-ਗੁਨਾਹ ਲੋਕਾਂ ਨਾਲ ਧੱਕਾ ਉਪਰੰਤ ਕੈਨੇਡਾ ਲਈ ਵੀ ਕੋਈ ਗਲਤ ਕੰਮ ਕਰੇ । ਇਸ ਕਰਕੇ ਹੀ ਮੈਂ ਉਸਦਾ ਕਤਲ ਕੀਤਾ ਹੈ ਅਤੇ ਮੈਂ ਖੁਸ਼ੀ ਖੁਸ਼ੀ ਆਪਣੀ ਜਿੰਦ ਵਾਰ ਰਿਹਾ ਹਾਂ। ਮੈਂ ਇਕ ਸੱਚੇ ਸਿੱਖ ਦਾ ਫਰਜ਼ ਨਿਭਾਉਂਦਾ, ਪਰਮਾਤਮਾ ਨੂੰ ਯਾਦ ਕਰਦਾ ਫਾਂਸੀ ਦੇ ਰੱਸੇ ਨੂੰ ਚੁੰਮਾਂਗਾ, ਜਿਵੇਂ ਇੱਕ ਭੁੱਖਾ ਬੱਚਾ ਆਪਣੀ ਮਾਂ ਕੋਲ ਜਾਂਦਾ ਹੈ । ਮੇਰਾ ਵਿਸ਼ਵਾਸ ਹੈ ਕਿ ਵਾਹਿਗੁਰੂ ਮੈਨੂੰ ਆਪਣੀ ਬੁੱਕਲ ਵਿਚ ਲਵੇਗਾ।’’
ਭਾਈ ਮੇਵਾ ਸਿੰਘ ਜੀ ਨੂੰ ਫਾਂਸੀ ਦੀ ਸਜਾ 30 ਅਕਤੂਬਰ 1914 ਨੂੰ ਹੋਈ ਅਤੇ ਜੇਲ ਅੰਦਰ ਭਾਈ ਸਾਹਿਬ ਨੇ ਸੈਂਚੀਆਂ ਦੁਆਰਾ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ । ਆਖਰ ਇਹ ਮਹਾਨ ਦੇਸ਼ ਭਗਤ ਤੇ ਪਰਉਪਕਾਰੀ ਹਸਤੀ 11 ਜਨਵਰੀ 1915 ਨੂੰ ਸੁਵੇਰ ਦੇ ਵੇਲੇ 7 ਕੁ ਵਜੇ ਫਾਂਸੀ ਚੜ੍ਹੇ । ਅੱਜ ਅਸੀਂ ਸਮੂਹ ਪੰਜਾਬੀ ਤੇ ਭਾਰਤੀ ਲੋਕ ਜੋ ਖੁਸ਼ਹਾਲੀ ਵਾਲਾ ਜੀਵਨ ਜੀ ਰਹੇ ਹਾਂ, ਇਹ ਉਨ੍ਹਾਂ ਸਿਦਕੀ ਸਿੱਖਾਂ ਦੀ ਕੁਰਬਾਨੀ ਅਤੇ ਘਾਲਣਾ ਸਦਕਾ ਹੈ । ਉਨ੍ਹਾਂ ਦੀ ਯਾਦ ਨੂੰ ਹਮੇਸ਼ਾਂ ਆਪਣੇ ਹਿਰਦਿਆਂ ਵਿਚ ਵਸਾਈਏ ਅਤੇ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਸਭ ਸੀਸ ਝੁਕਾਈਏ।
ਆਓ! ਯਾਦ ਕਰੀਏ ਭਾਈ ਮੇਵਾ ਸਿੰਘ ਲੋਪੋਕੇ ਦੀ ਕੁਰਬਾਨੀ ਨੂੰ…

