15.7 C
Vancouver
Wednesday, May 20, 2026

ਕੈਨੇਡਾ ਨੇ ਈਰਾਨ ਦੇ ਚਾਰ ਸੀਨੀਅਰ ਅਧਿਕਾਰੀਆਂ ’ਤੇ ਲਗਾਈਆਂ ਨਵੀਆਂ ਪਾਬੰਦੀਆਂ

ਸਰੀ, (ਏਕਜੋਤ ਸਿੰਘ): ਕੈਨੇਡਾ ਦੀ ਫੈਡਰਲ ਸਰਕਾਰ ਨੇ ਈਰਾਨ ਸਰਕਾਰ ਦੇ ਚਾਰ ਸੀਨੀਅਰ ਅਧਿਕਾਰੀਆਂ ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਵਿਦੇਸ਼ ਮਾਮਲਿਆਂ ਦੀ ਮੰਤਰੀ ਅਨੀਤਾ ਆਨੰਦ ਨੇ ਇੱਕ ਬਿਆਨ ਵਿੱਚ ਇਸ ਦਾ ਐਲਾਨ ਕੀਤਾ। ਇਹ ਪਾਬੰਦੀਆਂ ਸਪੈਸ਼ਲ ਇਕਾਨਮਿਕ ਮੈਜ਼ਰਜ਼ (ਈਰਾਨ) ਰੈਗੂਲੇਸ਼ਨਜ਼ ਅਧੀਨ ਲਗਾਈਆਂ ਗਈਆਂ ਹਨ। ਆਨੰਦ ਨੇ ਬਿਆਨ ਵਿੱਚ ਕਿਹਾ, “ਇਹ ਚਾਰੇ ਵਿਅਕਤੀ ਈਰਾਨੀ ਸੀਨੀਅਰ ਅਧਿਕਾਰੀ ਹਨ, ਜੋ ਈਰਾਨ ਵਿੱਚ ਵੱਡੇ ਪੱਧਰ ਤੇ ਤੇ ਨਿਯਮਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿੱਚ ਸ਼ਾਮਲ ਰਹੇ ਹਨ ਅਤੇ ਦਮਨਕਾਰੀ ਨੀਤੀਆਂ ਨੂੰ ਲਾਗੂ ਕਰਨ ਤੇ ਨਿਰਦੇਸ਼ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।”
ਪਾਬੰਦੀਆਂ ਲੱਗੇ ਅਧਿਕਾਰੀਆਂ ‘ਚ ਮੋਹਸੈਨ ਕਰੀਮੀ, ਅਹਿਮਦ ਕਾਦੇਮ ਸੈਯੇਦੋਸ਼ੋਹਾਦਾ, ਮੁਸਤਫਾ ਮੋਹੇਬੀ, ਹਸਨ ਅਖਾਰੀਅਨ ਦੇ ਨਾਮ ਜ਼ਿਕਰਯੋਗ ਹਨ।
ਅਕਤੂਬਰ 2022 ਤੋਂ ਹੁਣ ਤੱਕ ਕੈਨੇਡਾ ਨੇ ਈਰਾਨੀ ਅਧਿਕਾਰੀਆਂ ਤੇ ਸੰਸਥਾਵਾਂ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਇਲਜ਼ਾਮਾਂ ਅਧੀਨ 18 ਵਾਰ ਪਾਬੰਦੀਆਂ ਲਗਾਈਆਂ ਹਨ। ਇਸ ਨਾਲ ਸੈਂਕਸ਼ਨਡ ਈਰਾਨੀ ਵਿਅਕਤੀਆਂ ਦੀ ਗਿਣਤੀ 210 ਤੇ ਸੰਸਥਾਵਾਂ ਦੀ ਗਿਣਤੀ 254 ਹੋ ਗਈ ਹੈ। ਆਨੰਦ ਨੇ ਅੱਗੇ ਕਿਹਾ, “ਈਰਾਨ ਵਿੱਚ ਵਿਰੋਧ ਪ੍ਰਦਰਸ਼ਨਾਂ ਤੇ ਅਸਹਿਮਤੀ ਨੂੰ ਦਬਾਉਣਾ ਜਾਰੀ ਹੈ, ਜੋ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਵਾਅਦਿਆਂ ਦੀ ਉਲੰਘਣਾ ਹੈ। ਸੁਰੱਖਿਆ ਬਲਾਂ, ਜਿਨ੍ਹਾਂ ਵਿੱਚ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਵੀ ਸ਼ਾਮਲ ਹੈ, ਨੇ ਵਿਰੋਧਾਂ ਨੂੰ ਦਬਾਉਣ ਲਈ ਅਤਿਅਧਿਕ ਤੇ ਜਾਨਲੇਵਾ ਬਲ ਵਰਤਿਆ ਹੈ। ਇਸ ਨਾਲ ਈਰਾਨੀ ਨਾਗਰਿਕਾਂ ਦੇ ਰਾਏ ਤੇ ਅਭਿਵਿਅਕਤੀ ਦੀ ਆਜ਼ਾਦੀ, ਸ਼ਾਂਤੀਪੂਰਨ ਇਕੱਠ ਤੇ ਸੰਗਠਨ ਦੇ ਅਧਿਕਾਰਾਂ ਤੇ ਪਾਬੰਦੀਆਂ ਲੱਗੀਆਂ ਹਨ।”
2012 ਵਿੱਚ ਕੈਨੇਡਾ ਨੇ ਈਰਾਨ ਨੂੰ ਸਟੇਟ ਇਮਿਊਨਿਟੀ ਐਕਟ ਅਧੀਨ “ਅੱਤਵਾਦ ਦਾ ਸਮਰਥਕ ਰਾਜ” ਐਲਾਨਿਆ ਸੀ। ਇਸ ਨਾਲ ਜਸਟਿਸ ਫਾਰ ਵਿਕਟਿਮਜ਼ ਆਫ਼ ਟੈਰਰਿਜ਼ਮ ਐਕਟ ਅਧੀਨ ਪੀੜਤਾਂ ਨੂੰ ਈਰਾਨ ਵੱਲੋਂ ਸਮਰਥਿਤ ਅੱਤਵਾਦੀ ਕਾਰਵਾਈਆਂ ਕਾਰਨ ਹੋਏ ਨੁਕਸਾਨ ਲਈ ਸਿਵਲ ਮੁਕੱਦਮੇ ਦਾਇਰ ਕਰਨ ਦਾ ਅਧਿਕਾਰ ਮਿਲਦਾ ਹੈ, ਭਾਵੇਂ ਉਹ ਕਾਰਵਾਈ ਦੁਨੀਆਂ ਵਿੱਚ ਕਿਤੇ ਵੀ ਵਾਪਰੀ ਹੋਵੇ।
ਇਹ ਨਵੀਆਂ ਪਾਬੰਦੀਆਂ ਈਰਾਨ ਵਿੱਚ ਜਾਰੀ ਮਨੁੱਖੀ ਅਧਿਕਾਰਾਂ ਦੀ ਸਥਿਤੀ ਤੇ ਕੈਨੇਡਾ ਦੇ ਸਖ਼ਤ ਰੁਖ ਨੂੰ ਦਰਸਾਉਂਦੀਆਂ ਹਨ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ