8 ਕਰੋੜ ਡਾਲਰ ਦੀ ਅਮਰੀਕੀ ਸ਼ਰਾਬ ਗੋਦਾਮਾਂ ਵਿੱਚ ਪਈ
ਸਰੀ, (ਏਕਜੋਤ ਸਿੰਘ): ਓਨਟਾਰੀਓ ਦੀ ਵਿਰੋਧੀ ਲਿਬਰਲ ਪਾਰਟੀ ਨੇ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਤੇ ਦਬਾਅ ਵਧਾ ਦਿੱਤਾ ਹੈ ਕਿ ਉਹ ਗੋਦਾਮਾਂ ਵਿੱਚ ਪਈ ਲਗਭਗ 8 ਕਰੋੜ ਡਾਲਰ ਮੁੱਲ ਦੀ ਅਮਰੀਕੀ ਸ਼ਰਾਬ ਨੂੰ ਵੇਚ ਕੇ ਉਸ ਦੀ ਕਮਾਈ ਫੂਡ ਬੈਂਕਾਂ ਨੂੰ ਦਾਨ ਕਰੇ।
ਲਿਬਰਲ ਪਾਰਲੀਮੈਂਟਰੀ ਲੀਡਰ ਜੌਹਨ ਫਰੇਜ਼ਰ ਨੇ ਬੁੱਧਵਾਰ ਨੂੰ ਕਿਹਾ, ”ਪ੍ਰੀਮੀਅਰ ਫੋਰਡ ਨੂੰ ਐੱਲਸੀਬੀਓ ਨੂੰ ਹੁਕਮ ਦੇਣਾ ਚਾਹੀਦਾ ਹੈ ਕਿ ਉਹ ਇਹ ਸ਼ਰਾਬ ਵੇਚੇ ਅਤੇ ਪੈਸਾ ਓਨਟਾਰੀਓ ਦੀਆਂ ਫੂਡ ਬੈਂਕਾਂ ਨੂੰ ਦੇਵੇ। ਹਜ਼ਾਰਾਂ ਪਰਿਵਾਰ ਭੁੱਖ ਨਾਲ ਲੜ ਰਹੇ ਹਨ, ਇਹ ਪੈਸਾ ਉਹਨਾਂ ਦੀ ਮੱਦਦ ਕਰ ਸਕਦਾ ਹੈ।” ਫੇਜ਼ਰ ਨੇ ਕਿਹਾ ਕਿ ਇਹ ਸ਼ਰਾਬ ਗੋਦਾਮਾਂ ਵਿੱਚ ਸੜ ਰਹੀ ਹੈ ਜਦਕਿ ਲੋਕਾਂ ਨੂੰ ਭੋਜਨ ਦੀ ਲੋੜ ਹੈ। ਓਨਟਾਰੀਓ ਸਰਕਾਰ ਨੇ ਮਾਰਚ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਮਾਲ ਤੇ ਟੈਰਿਫ ਲਾਉਣ ਦੇ ਜਵਾਬ ਵਿੱਚ ਐੱਲਸੀਬੀਓ ਸਟੋਰਾਂ ਤੋਂ ਸਾਰੀ ਅਮਰੀਕੀ ਸ਼ਰਾਬ ਹਟਾ ਲਈ ਸੀ। ਉਸ ਸਮੇਂ ਸਰਕਾਰ ਨੇ ਕਿਹਾ ਸੀ ਕਿ ਇਹ ਕਦਮ ਅਮਰੀਕੀ ਟੈਰਿਫਾਂ ਦਾ ਜਵਾਬ ਹੈ ਅਤੇ ਓਨਟਾਰੀਓ ਦੇ ਵਾਈਨ ਉਤਪਾਦਕਾਂ ਨੂੰ ਸਮਰਥਨ ਦੇਣ ਲਈ ਚੁੱਕਿਆ ਗਿਆ ਹੈ। ਪ੍ਰੋਵਿੰਸ਼ੀਅਲ ਸਰਕਾਰ ਮੁਤਾਬਕ ਗੋਦਾਮਾਂ ਵਿੱਚ ਲਗਭਗ 80 ਮਿਲੀਅਨ ਡਾਲਰ ਮੁੱਲ ਦੀ ਅਮਰੀਕੀ ਸ਼ਰਾਬ ਪਈ ਹੈ ਅਤੇ ਅਗਲੇ ਛੇ ਮਹੀਨਿਆਂ ਵਿੱਚ ਲਗਭਗ 2 ਮਿਲੀਅਨ ਡਾਲਰ ਦੀ ਸ਼ਰਾਬ ਐਕਸਪਾਇਰ ਹੋ ਸਕਦੀ ਹੈ। ਫਾਈਨੈਂਸ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ”ਅਸੀਂ ਸਾਰੇ ਵਿਕਲਪਾਂ ਤੇ ਵਿਚਾਰ ਕਰ ਰਹੇ ਹਾਂ, ਪਰ ਫਿਲਹਾਲ ਅਮਰੀਕੀ ਸ਼ਰਾਬ ਗੋਦਾਮਾਂ ਵਿੱਚ ਹੀ ਰਹੇਗੀ।” ਉਹਨਾਂ ਨੇ ਇਹ ਵੀ ਨਹੀਂ ਰੱਦ ਕੀਤਾ ਕਿ ਸ਼ਰਾਬ ਵੇਚ ਕੇ ਪੈਸਾ ਚੈਰਿਟੀ ਨੂੰ ਦਿੱਤਾ ਜਾ ਸਕਦਾ ਹੈ। ਲਿਬਰਲ ਪਾਰਟੀ ਦਾ ਕਹਿਣਾ ਹੈ ਕਿ ਇਹ ਸ਼ਰਾਬ ਵੇਚ ਕੇ ਸਰਕਾਰ ਨੂੰ ਕਰੋੜਾਂ ਡਾਲਰ ਮਿਲ ਸਕਦੇ ਹਨ ਜੋ ਸਿੱਧੇ ਫੂਡ ਬੈਂਕਾਂ ਤੱਕ ਪਹੁੰਚਾਏ ਜਾ ਸਕਦੇ ਹਨ। ਜੌਹਨ ਫੇਜ਼ਰ ਨੇ ਕਿਹਾ, ”ਫੋਰਡ ਸਰਕਾਰ ਨੇ ਇਹ ਸ਼ਰਾਬ ਗੋਦਾਮਾਂ ਵਿੱਚ ਬੰਦ ਕਰਕੇ ਸਿਆਸੀ ਨਾਟਕ ਕੀਤਾ, ਹੁਣ ਉਹਨਾਂ ਨੂੰ ਇਸ ਨੂੰ ਲੋਕਾਂ ਦੀ ਭਲਾਈ ਲਈ ਵਰਤਣਾ ਚਾਹੀਦਾ ਹੈ।” ਇਸ ਤੋਂ ਪਹਿਲਾਂ ਨਿਊਫਾਊਂਡਲੈਂਡ ਐਂਡ ਲੈਬਰਾਡੋਰ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਆਪਣੀ ਅਮਰੀਕੀ ਸ਼ਰਾਬ ਵੇਚ ਕੇ ਪੈਸਾ ਚੈਰਿਟੀ ਨੂੰ ਦੇਵੇਗੀ। ਮੈਨੀਟੋਬਾ ਤੇ ਨੋਵਾ ਸਕੋਸ਼ੀਆ ਪਹਿਲਾਂ ਹੀ ਇਹੀ ਕਰ ਰਹੇ ਹਨ। ਓਨਟਾਰੀਓ ਲਿਬਰਲਾਂ ਨੇ ਕਿਹਾ ਕਿ ਫੋਰਡ ਸਰਕਾਰ ਨੂੰ ਵੀ ਇਸ ਮਿਸਾਲ ਦੀ ਪਾਲਣਾ ਕਰਨੀ ਚਾਹੀਦੀ ਹੈ। ਫੋਰਡ ਸਰਕਾਰ ਦਾ ਕਹਿਣਾ ਹੈ ਕਿ ਉਹ ਅਮਰੀਕੀ ਟੈਰਿਫਾਂ ਦੇ ਜਵਾਬ ਵਿੱਚ ਇਹ ਕਦਮ ਚੁੱਕਣਗੇ ਤੇ ਓਨਟਾਰੀਓ ਦੀ ਵਾਈਨ ਇੰਡਸਟਰੀ ਨੂੰ ਸਮਰਥਨ ਦੇਣਗੇ। ਪਰ ਵਿਰੋਧੀ ਧਿਰ ਦਾ ਮੰਨਣਾ ਹੈ ਕਿ ਇਹ ਸਿਰਫ਼ ਸਿਆਸੀ ਨਾਟਕ ਹੈ ਅਤੇ ਹੁਣ ਜਦੋਂ ਸ਼ਰਾਬ ਗੋਦਾਮਾਂ ਵਿੱਚ ਪਈ ਹੈ ਤਾਂ ਇਸ ਨੂੰ ਸਮਾਜਿਕ ਭਲਾਈ ਲਈ ਵਰਤਿਆ ਜਾਣਾ ਚਾਹੀਦਾ ਹੈ।
ਓਨਟਾਰੀਓ ਵਿੱਚ ਫੂਡ ਬੈਂਕਾਂ ਦੀ ਮੰਗ ਰਿਕਾਰਡ ਪੱਧਰ ਤੇ ਪਹੁੰਚ ਗਈ ਹੈ। ਫੂਡ ਬੈਂਕਸ ਕੈਨੇਡਾ ਮੁਤਾਬਕ ਪਿਛਲੇ ਸਾਲ ਓਨਟਾਰੀਓ ਵਿੱਚ 10 ਲੱਖ ਤੋਂ ਵੱਧ ਲੋਕਾਂ ਨੇ ਫੂਡ ਬੈਂਕਾਂ ਦਾ ਸਹਾਰਾ ਲਿਆ। ਲਿਬਰਲ ਪਾਰਟੀ ਦਾ ਕਹਿਣਾ ਹੈ ਕਿ 8 ਕਰੋੜ ਡਾਲਰ ਦੀ ਸ਼ਰਾਬ ਵੇਚ ਕੇ ਮਿਲਣ ਵਾਲਾ ਪੈਸਾ ਇਹਨਾਂ ਪਰਿਵਾਰਾਂ ਦੀ ਬਹੁਤ ਵੱਡੀ ਮੱਦਦ ਕਰ ਸਕਦਾ ਹੈ।
ਫੋਰਡ ਸਰਕਾਰ ਨੇ ਹਾਲੇ ਤੱਕ ਇਸ ਪ੍ਰਸਤਾਵ ਤੇ ਸਪੱਸ਼ਟ ਜਵਾਬ ਨਹੀਂ ਦਿੱਤਾ, ਪਰ ਕਿਹਾ ਹੈ ਕਿ ਸਾਰੇ ਵਿਕਲਪਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ।

