ਸਰੀ, (ਏਕਜੋਤ ਸਿੰਘ): ਤਿਉਹਾਰੀ ਮੌਸਮ ਦੀ ਖਰੀਦਦਾਰੀ ਤੇਜ਼ ਹੋਣ ਅਤੇ Black Friday ਦੀਆਂ ਛੂਟਾਂ ਪੂਰੇ ਜ਼ੋਰ ‘ਚ ਚੱਲਣ ਨਾਲ ਹੀ ਸਾਇਬਰ ਧੋਖਾਧੜੀ ਦੇ ਮਾਮਲਿਆਂ ‘ਚ ਵੀ ਵੱਡਾ ਉਛਾਲ ਆ ਗਿਆ ਹੈ। ਸਾਇਬਰਸੁਰੱਖਿਆ ਮਾਹਿਰਾਂ ਵੱਲੋਂ ਲੋਕਾਂ ਨੂੰ ਹੁਣ ਪਹਿਲਾਂ ਨਾਲੋਂ ਕਈ ਗੁਣਾ ਵਧ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ, ਕਿਉਂਕਿ ਹੁਣ ਧੋਖੇਬਾਜ਼ ਏਆਈ ਤਕਨਾਲੋਜੀ ਦੀ ਮਦਦ ਨਾਲ ਹੋਰ ਵੀ ਖ਼ਤਰਨਾਕ ਠੱਗੀਆਂ ਕਰ ਰਹੇ ਹਨ।
ਸਾਇਬਰ ਸੁਰੱਖਿਆ ਕੰਪਨੀ ਖੳਸਏੳ ਨਾਲ ਜੁੜੇ ਸਾਇਬਰਸੁਰੱਖਿਆ ਮਾਹਿਰ ਮਾਈਲਜ਼ ਵਾਕਰ ਨੇ ਕਿਹਾ ਕਿ ਉਦਯੋਗ ਵਿੱਚ ਹੁਣ ਬਲੈਕ ਫ੍ਰਾਈਡੇ ਨੂੰ ”ਬਲੈਕ ਫ੍ਰਾਡ ਡੇ” ਵੀ ਆਖਿਆ ਜਾਣ ਲੱਗ ਪਿਆ ਹੈ, ਕਿਉਂਕਿ ਇਸ ਸਮੇਂ ਦੌਰਾਨ ਸਭ ਤੋਂ ਵੱਧ ਸਾਇਬਰ ਹਮਲੇ ਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਤੋਂ ਪਹਿਲਾਂ ਵਾਲੇ ਦਿਨਾਂ ਵਿੱਚ ਠੱਗ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਹਰ ਸੰਭਵ ਤਰੀਕਾ ਵਰਤ ਰਹੇ ਹਨ।
ਮਾਈਲਜ਼ ਵਾਕਰ ਅਨੁਸਾਰ ਹੁਣ ਧੋਖੇਬਾਜ਼ ਏਆਈ ਨਾਲ ਬਣੀਆਂ ਡੀਪ ਫੇਕ ਵੀਡੀਓਜ਼, ਫਰਜ਼ੀ ਸੈਲੀਬ੍ਰਿਟੀ ਇਸ਼ਤਿਹਾਰ, ਨਕਲੀ ਆਵਾਜ਼ਾਂ ਦੀ ਨਕਲ ਅਤੇ ਝੂਠੀਆਂ ਰਿਟੇਲ ਵੈੱਬਸਾਈਟਾਂ ਤਿਆਰ ਕਰ ਰਹੇ ਹਨ। ਇਹ ਸਾਰੀਆਂ ਚੀਜ਼ਾਂ ਇਸ ਕਦਰ ਅਸਲੀ ਦਿੱਖ ਦਿੰਦੀਆਂ ਹਨ ਕਿ ਆਮ ਗਾਹਕ ਬਿਨਾਂ ਸ਼ੱਕ ਕੀਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰ ਬੈਠਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਡਾਰਕ ਵੈੱਬ ਤੋਂ ਮਿਲੇ ਵੱਡੇ ਡਾਟਾ ਲਿਸਟਾਂ ਦੇ ਆਧਾਰ ‘ਤੇ ਹੁਣ ਠੱਗ ਚੁਣਿੰਦਾ ਲੋਕਾਂ ‘ਤੇ ਨਿਸ਼ਾਨਾ ਬਣਾਕੇ ਹਮਲੇ ਕਰ ਰਹੇ ਹਨ। ਇਹ ਹਮਲੇ ”ਸਪੀਅਰ ਫਿਸਿੰਗ” ਕਹਲਾਉਂਦੇ ਹਨ, ਜਿਨ੍ਹਾਂ ਵਿੱਚ ਲੋਕਾਂ ਨੂੰ ਨਿੱਜੀ ਜਾਣਕਾਰੀ ਨਾਲ ਡਰਾਕੇ ਫਸਾਇਆ ਜਾਂਦਾ ਹੈ।
ਇਸ ਮੌਸਮ ਵਿੱਚ ਆਨਲਾਈਨ ਆਰਡਰ ਵਧਣ ਕਾਰਨ ਡਿਲਿਵਰੀ ਸੰਬੰਧੀ ਠੱਗੀਆਂ ਵੀ ਤੇਜ਼ੀ ਨਾਲ ਵਧ ਰਹੀਆਂ ਹਨ। ਵਾਕਰ ਅਨੁਸਾਰ ਸਾਇਬਰ ਅਪਰਾਧੀ ਵੱਡੀਆਂ ਕੋਰੀਅਰ ਕੰਪਨੀਆਂ ਦੇ ਨਾਂ ਹੇਠ ਨਕਲੀ ਮੈਸੇਜ ਭੇਜ ਕੇ ਲੋਕਾਂ ਨੂੰ ਫਸਾਉਂਦੇ ਹਨ। ਉਹ ਅਕਸਰ ਲਿਖਦੇ ਹਨ ਕਿ ਤੁਹਾਡਾ ਪਾਰਸਲ ਅਟਕ ਗਿਆ ਹੈ ਜਾਂ ਤੁਹਾਡਾ ਪਾਸਵਰਡ ਖ਼ਤਰੇ ‘ਚ ਹੈ।
ਲੋਕ ਡਰ ਦੇ ਮਾਹੌਲ ਵਿੱਚ ਜਦੋਂ ਮੈਸੇਜ ‘ਚ ਦਿੱਤੇ ਲਿੰਕ ‘ਤੇ ਕਲਿੱਕ ਕਰਦੇ ਹਨ ਤਾਂ ਉਨ੍ਹਾਂ ਦੀ ਨਿੱਜੀ ਜਾਣਕਾਰੀ ਅਤੇ ਪਾਸਵਰਡ ਠੱਗਾਂ ਦੇ ਹੱਥ ਲੱਗ ਜਾਂਦੇ ਹਨ। ਵਾਕਰ ਨੇ ਕਿਹਾ ਕਿ ਠੱਗ ਲੋਕਾਂ ਦੀ ਭਾਵਨਾ ਅਤੇ ਡਰ ਦਾ ਫ਼ਾਇਦਾ ਉਠਾਉਂਦੇ ਹਨ।
ਵਾਕਰ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਲੋਕਾਂ ਨੂੰ ਸੋਸ਼ਲ ਮੀਡੀਆ ਉੱਤੇ ਆਉਣ ਵਾਲੇ ਇਸ਼ਤਿਹਾਰਾਂ ‘ਤੇ ਬਿਨਾਂ ਜਾਂਚ ਪਰਖ ਕਲਿੱਕ ਨਹੀਂ ਕਰਨਾ ਚਾਹੀਦਾ। ਉਨ੍ਹਾਂ ਮੁਤਾਬਕ Facebook, TikTok ਅਤੇ Instagram ਵਰਗੇ ਪਲੇਟਫਾਰਮ ਠੱਗਾਂ ਲਈ ਸਭ ਤੋਂ ਵੱਡੇ ਨਿਸ਼ਾਨੇ ਬਣ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਠੱਗ ਲੋਕ ਨਕਲੀ ਇਸ਼ਤਿਹਾਰ ਬਣਾ ਕੇ ਆਮ ਲੋਕਾਂ ਨੂੰ ਵੱਡੀ ਛੂਟ ਦਾ ਲਾਲਚ ਦਿੰਦੇ ਹਨ।
ਵੈੱਬਸਾਈਟ ਅਸਲੀ ਕੰਪਨੀ ਵਰਗੀ ਦਿੱਖ ਦਿੰਦੀ ਹੈ, ਪਰ ਅਸਲ ਵਿੱਚ ਉਹ ਫਰਜ਼ੀ ਹੁੰਦੀ ਹੈ। ਜਿਵੇਂ ਹੀ ਗਾਹਕ ਆਪਣੀ ਕਾਰਡ ਜਾਣਕਾਰੀ ਭਰਦਾ ਹੈ, ਉਹ ਡਾਟਾ ਚੋਰੀ ਹੋ ਜਾਂਦਾ ਹੈ।
ਸਾਇਬਰ ਮਾਹਿਰਾਂ ਦਾ ਕਹਿਣਾ ਹੈ ਕਿ ਤਿਉਹਾਰੀ ਮੌਸਮ ਲੋਕਾਂ ਲਈ ਖੁਸ਼ੀ ਦਾ ਸਮਾਂ ਹੁੰਦਾ ਹੈ, ਪਰ ਇਹ ਸਮਾਂ ਠੱਗਾਂ ਲਈ ਵੀ ਸੋਨੇ ਦਾ ਮੌਕਾ ਬਣ ਜਾਂਦਾ ਹੈ। ਇਸ ਲਈ ਹਰ ਗਾਹਕ ਨੂੰ ਆਪਣੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਲਈ ਖੁਦ ਜਿੰਮੇਵਾਰ ਬਣਨਾ ਪਵੇਗਾ।
544 ਮਿਲੀਅਨ ਡਾਲਰ ਦੀ ਸਾਲਾਨਾ ਧੋਖਾਧੜੀ, ਬਲੈਕ ਫ੍ਰਾਈਡੇ ਬਣਿਆ ”ਬਲੈਕ ਫ੍ਰਾਡ ਡੇਅ

