ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ Langford ਦੇ ਮੌਜੂਦਾ ਮੇਅਰ ਸਕਾਟ ਗੁੱਡਮੈਨਸਨ ਨੇ ਅਧਿਕਾਰਿਕ ਤੌਰ ‘ਤੇ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਅਗਲੇ ਸਾਲ ਹੋਣ ਜਾ ਰਹੀ ਮਿਉਨਿਸਪਲ ਚੋਣ ਵਿੱਚ ਮੁੜ ਮੇਅਰ ਦਾ ਚੋਣ ਮੈਦਾਨ ਲੜਣਗੇ। ਪਹਿਲੇ ਕਾਰਜਕਾਲ ਦੇ ਤਜਰਬੇ ਤੋਂ ਬਾਅਦ ਉਹ ਦੂਜੇ ਮੌਕੇ ਦੀ ਭਾਲ ਕਰ ਰਹੇ ਹਨ ਤਾਂ ਜੋ ਉਹ ਪਿਛਲੇ 3 ਸਾਲਾਂ ਵਿੱਚ ਸ਼ੁਰੂ ਕੀਤੇ ਵਿਕਾਸੀ ਕੰਮਾਂ ਨੂੰ ਹੋਰ ਅੱਗੇ ਵਧਾ ਸਕਣ।
ਗੁੱਡਮੈਨਸਨ ਨੇ ਕਿਹਾ ਕਿ ਭਾਵੇਂ ਚੋਣ ਨੂੰ ਹਾਲੇ ਕਈ ਮਹੀਨੇ ਬਾਕੀ ਹਨ, ਪਰ ਉਹ ਸ਼ਹਿਰ ਦੇ ਵਸਨੀਕਾਂ ਨਾਲ ਹੁਣ ਤੋਂ ਹੀ ਆਪਣਾ ਮਨਸੂਬਾ ਸਾਂਝਾ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ, ”ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਸਾਡੀ ਕੌਂਸਲ ਨੇ ਜਿਹੜਾ ਮੂਲੱਢਾ ਰੱਖਿਆ ਹੈ, ਉਸ ‘ਤੇ ਹੋਰ ਇਮਾਰਤ ਤਿਆਰ ਕਰਨੀ ਹੈ ਤਾਂ ਕਿ ਲੈਂਗਫੋਰਡ ਦੇ ਵਸਨੀਕਾਂ ਲਈ ਹੋਰ ਮੌਕੇ ਪੈਦਾ ਹੋ ਸਕਣ।”
ਗੁੱਡਮੈਨਸਨ ਅਤੇ ਉਨ੍ਹਾਂ ਦੀ ਕੌਂਸਲ 2022 ਦੀ ਚੋਣ ਤੋਂ ਬਾਅਦ ਲੈਂਗਫੋਰਡ ਲਈ ਇੱਕ ਲੰਬੀ ਦ੍ਰਿਸ਼ਟੀ ਤਿਆਰ ਕਰਨ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਇਸ ਦੌਰਾਨ ਸ਼ਹਿਰ ਦੀ ਅਧਿਕਾਰਿਕ ਕਮਿਊਨਿਟੀ ਯੋਜਨਾ ਨੂੰ ਅੱਪਡੇਟ ਕੀਤਾ ਗਿਆ, ਨਾਲ ਹੀ ਵਿਕਾਸ, ਆਵਾਜਾਈ, ਕਲਾ ਅਤੇ ਸੰਸਕ੍ਰਿਤੀ ਨਾਲ ਸੰਬੰਧਤ ਕਈ ਮਹੱਤਵਪੂਰਣ ਦਸਤਾਵੇਜ਼ ਤਿਆਰ ਕੀਤੇ ਗਏ। ਉਨ੍ਹਾਂ ਮੁਤਾਬਕ ਇਹ ਸਾਰੇ ਕਦਮ ਅਜੇਹੇ ਹਨ, ਜੋ ਸ਼ਹਿਰ ਦੇ ਭਵਿੱਖੀ ਵਿਕਾਸ ਲਈ ਮਜ਼ਬੂਤ ਨੀਂਹ ਦਾ ਕੰਮ ਕਰਦੇ ਹਨ।
ਉਨ੍ਹਾਂ ਕਿਹਾ ਕਿ ਕਈ ਵਾਰ ਇਹ ਕੰਮ ਲੋਕਾਂ ਨੂੰ ਸਿਰਫ਼ ਫਾਈਲਾਂ ਅਤੇ ਦਫ਼ਤਰੀ ਕਾਰਵਾਈ ਤੱਕ ਹੀ ਸੀਮਤ ਲੱਗਦੇ ਹਨ, ਪਰ ਅਸਲ ਵਿੱਚ ਇਹ ਫੈਸਲੇ ਸ਼ਹਿਰ ਦੇ ਭਵਿੱਖ ਨੂੰ ਸਹੀ ਦਿਸ਼ਾ ਦੇਣ ਲਈ ਬੇਹੱਦ ਜ਼ਰੂਰੀ ਹੁੰਦੇ ਹਨ। ”ਜੇ ਅਸੀਂ ਅੱਜ ਮੂਲ ਢਾਂਚਾ ਤਿਆਰ ਨਾ ਕਰੀਏ, ਤਾਂ ਕੱਲ੍ਹ ਦਾ ਵਿਕਾਸ ਬਿਨਾਂ ਰਾਹਦਾਰੀ ਦੇ ਹੋਵੇਗਾ,” ਉਨ੍ਹਾਂ ਕਿਹਾ।
ਗੁੱਡਮੈਨਸਨ ਨੇ ਇਹ ਵੀ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਕਈ ਵੱਡੇ ਫੈਸਲੇ ਕਰਨੇ ਪਏ, ਜੋ ਹਰ ਕਿਸੇ ਨੂੰ ਤੁਰੰਤ ਪਸੰਦ ਨਹੀਂ ਆਏ। ਪਰ ਉਨ੍ਹਾਂ ਦਾ ਮੰਨਣਾ ਹੈ ਕਿ ਅਸਲ ਨੇਤ੍ਰਿਤਵ ਉਹ ਹੁੰਦਾ ਹੈ ਜੋ ਹਰ ਫੈਸਲੇ ਨਾਲ ਸਾਰਿਆਂ ਨੂੰ ਖੁਸ਼ ਕਰਨ ਦੀ ਬਜਾਏ ਸ਼ਹਿਰ ਦੇ ਲੰਬੇ ਸਮੇਂ ਦੇ ਫ਼ਾਇਦੇ ਨੂੰ ਪਹਿਲ ਦੇਵੇ।
ਉਨ੍ਹਾਂ ਦੀ ਨਿੱਜੀ ਜੰਿਦਗੀ ਵੀ ਕਾਫ਼ੀ ਚਰਚਾ ਵਿੱਚ ਰਹੀ ਹੈ। ਹਾਲ ਹੀ ਵਿੱਚ ਉਹ ਆਪਣੀ ਪਤਨੀ ਕੇਟੀ ਅਤੇ 8 ਸਾਲਾ ਧੀ ਹੇਜ਼ਲ ਨਾਲ ਲੈਂਗਫੋਰਡ ਵਿੱਚ ਆ ਵਸੇ ਹਨ। ਹਾਲਾਂਕਿ ਉਹ ਪਹਿਲਾਂ ਵੀ ਸਾਨੀਚ ਖੇਤਰ ਵਿੱਚ ਰਹਿੰਦੇ ਸਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਲੈਂਗਫੋਰਡ ਨਾਲ ਉਨ੍ਹਾਂ ਦਾ ਰਿਸ਼ਤਾ ਸਾਲਾਂ ਪੁਰਾਣਾ ਹੈ। ਉਨ੍ਹਾਂ ਦਾ ਪਰਿਵਾਰ ਲੈਂਗਫੋਰਡ ਲੇਕ ਦੇ ਨੇੜੇ 100 ਸਾਲਾਂ ਤੋਂ ਵੱਸਦਾ ਆ ਰਿਹਾ ਹੈ ਅਤੇ ਉਹਨਾਂ ਦੀ ਪਰਵਿਰਸ਼ ਵੀ ਇੱਥੇ ਹੀ ਹੋਈ।
ਗੁੱਡਮੈਨਸਨ ਨੇ ਕਿਹਾ, ”ਜੇ ਮੇਰਾ ਦਿਲ ਲੈਂਗਫੋਰਡ ਵਿੱਚ ਨਾ ਹੁੰਦਾ, ਤਾਂ ਮੈਂ ਇੱਥੇ ਚੋਣ ਕਦੇ ਨਹੀਂ ਲੜਦਾ। ਮੈਂ ਇੱਥੇ ਦੇ ਬਦਲਾਅ ਵੀ ਵੇਖੇ ਹਨ ਅਤੇ ਉਹ ਵੀ ਜੋ ਅਜੇ ਬਦਲਣੇ ਬਾਕੀ ਹਨ।”
2022 ਵਿੱਚ ਜਦੋਂ ਉਹ ਚੁਣੇ ਗਏ ਸਨ, ਤਾਂ ਲਗਭਗ 30 ਸਾਲਾਂ ਤੱਕ ਚੱਲੇ ਆ ਰਹੇ ਪੁਰਾਣੇ ਨੇਤ੍ਰਿਤਵ ਦਾ ਅੰਤ ਹੋਇਆ ਸੀ। ਹੁਣ ਕਈ ਸਾਲਾਂ ਬਾਅਦ, ਸਾਬਕਾ ਨੇਤਾ ਵੀ ਮੁੜ ਮੈਦਾਨ ਵਿੱਚ ਆਉਣ ਬਾਰੇ ਸੋਚ ਰਹੇ ਹਨ। ਉਨ੍ਹਾਂ ਨੇ ਸ਼ਹਿਰ ਦੀ ਮੌਜੂਦਾ ਦਿਸ਼ਾ ਅਤੇ ਖ਼ਾਸ ਕਰਕੇ ਘਰਾਂ ‘ਤੇ ਵੱਧ ਰਹੇ ਟੈਕਸ ਨੂੰ ਲੈ ਕੇ ਚਿੰਤਾ ਜਤਾਈ ਹੈ।
ਗੁੱਡਮੈਨਸਨ ਨੇ ਇਨ੍ਹਾਂ ਆਲੋਚਨਾਵਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਵਧੇਰੇ ਟੈਕਸ ਵਾਧਾ ਵਿਕਾਸ ਅਤੇ ਸ਼ਹਿਰੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਲਾਜ਼ਮੀ ਹੋਇਆ ਹੈ। ਉਨ੍ਹਾਂ ਦੇ ਮਤਾਬਕ, ਬੁਨਿਆਦੀ ਢਾਂਚੇ, ਸੜਕਾਂ, ਪਾਰਕਾਂ ਅਤੇ ਸੇਵਾਵਾਂ ਵਿੱਚ ਨਿਵੇਸ਼ ਬਿਨਾਂ ਸ਼ਹਿਰ ਦਾ ਸੰਤੁਲਿਤ ਵਿਕਾਸ ਸੰਭਵ ਨਹੀਂ।
ਉਨ੍ਹਾਂ ਆਖ਼ਰ ਵਿੱਚ ਕਿਹਾ ਕਿ ਜੇ ਲੋਕ ਉਨ੍ਹਾਂ ਨੂੰ ਦੂਜਾ ਮੌਕਾ ਦਿੰਦੇ ਹਨ, ਤਾਂ ਉਹ ਲੈਂਗਫੋਰਡ ਨੂੰ ਇੱਕ ਅਜਿਹਾ ਸ਼ਹਿਰ ਬਣਾਉਣਾ ਚਾਹੁੰਦੇ ਹਨ, ਜੋ ਵਿਕਾਸ, ਵਾਤਾਵਰਣੀ ਸੰਤੁਲਨ ਅਤੇ ਜੀਵਨ ਦੀ ਗੁਣਵੱਤਾ ਵਿਚਾਲੇ ਬਿਹਤਰੀਨ ਤਾਲਮੇਲ ਪੈਦਾ ਕਰੇ।
ਲੈਂਗਫੋਰਡ ਦੇ ਮੇਅਰ ਸਕਾਟ ਗੁੱਡਮੈਨਸਨ ਨੇ ਅਗਲੀ ਮਿਉਨਿਸਪਲ ਚੋਣ ਲੜਨ ਦਾ ਕੀਤਾ ਅਧਿਕਾਰਿਕ ਐਲਾਨ

