15.6 C
Vancouver
Monday, September 7, 2026

ਕਬਜ਼ੇ

ਪਹਿਰੇ ਲਾਉਣੇ ਪੈ ਗਏ ਧਰਮ ਸਥਾਨਾਂ ਤੇ
ਰੱਬ ਜੂ ਵਿਕਦੈ ਅੱਜਕਲ੍ਹ ਕਈ ਦੁਕਾਨਾਂ ਤੇ

ਜ਼ਹਿਰ ਉਗਲਦੇ ਬੰਦੇ ਬਾਣੇ ਸਾਧਾਂ ਦੇ
ਫੰਦਾ ਕੋਈ ਨੀਂ ਲਾਉਂਦਾ ਬਦ ਜ਼ੁਬਾਨਾਂ ਤੇ

ਮਜ਼੍ਹਬਾਂ ਵਾਲੇ ਚੁਬਾਰੇ ਵੀਹ ਵੀਹ ਮੰਜ਼ਲੇ ਨੇ
ਅੱਗ ਲਾਉਣ ਦੇ ਨਾਹਰੇ ਲਿਖੇ ਮਕਾਨਾਂ ਤੇ

ਰਿਕਸ਼ਿਆਂ ਉੱਤੇ ਲਾਸ਼ਾਂ ਲੋਕ ਲਿਜਾਂਦੇ ਨੇ
ਹਾਕਮ ਉੱਡਦੇ ਫਿਰਦੇ ਨੇ ਅਸਮਾਨਾਂ ਤੇ

ਸ਼ਾਮਲਾਟਾਂ ਨੂੰ ਦੱਬ ਕੇ ਵੀ ਰੂਹ ਰੱਜੀ ਨਾ
ਤਾਂਹੀਓਂ ਕਬਜੇ ਹੋ ਗਏ ਨੇ ਸ਼ਮਸ਼ਾਨਾਂ ਤੇ

ਨੱਕ ਰਗੜਦੇ ਲੀਡਰ ਓਥੇ ਜਾਂਦੇ ਨੇ
ਜਿਸ ਬਾਬੇ ਦੇ ਹੋਵੇ ਕੱਠ ਦਿਵਾਨਾਂ ਤੇ

ਭਲੇ ਪੁਰਸ਼ ਲਈ ਡਾਂਗਾਂ ਥੱਪੜ ਠੁੱਡੇ ਨੇ
ਚਾਤਰ ਆਗੂ ਡੋਰੇ ਪਾਉਣ ਸ਼ੈਤਾਨਾਂ ਤੇ

ਚੋਰ ਲੁਟੇਰੇ ਝੁੰਡਾਂ ਦੇ ਵਿੱਚ ਫਿਰਦੇ ਨੇ
ਦਫਾ ਚਤਾਲੀ ਮਾਨੁੱਖਤਾ ਦੀਆਂ ਖਾਨਾਂ ਤੇ

ਬੇ ਇਤਬਾਰਾ ਹੋਇਆ ਕੱਲਾ ਰਾਜ਼ ਨਹੀਂ
ਰੱਬ ਵੀ ਕਰੇ ਭਰੋਸਾ ਨਾ ਇਨਸਾਨਾਂ ਤੇ

ਲੇਖਕ : ਬਲਵਿੰਦਰ ਸਿੰਘ ਰਾਜ਼
ਸੰਪਰਕ : 9872097217

ਰੁਝਾਨ ਖਬਰਾਂ