ਮਹਾਰਾਜਾ ਰਣਜੀਤ ਸਿੰਘ ਦਾ ਨਾਮ ਸਿਰਫ਼ ਇੱਕ ਸ਼ਾਹੀ ਪ੍ਰਤੀਕ ਹੀ ਨਹੀਂ, ਸਗੋਂ ਪੰਜਾਬ ਦੀ ਸ਼ਾਨ, ਸ਼ਕਤੀ ਅਤੇ ਦੂਰਦਰਸ਼ਤਾ ਦਾ ਪ੍ਰਤੀਕ ਵੀ ਹੈ। 27 ਜੂਨ 1799 ਨੂੰ, ਇੱਕ ਛੋਟੀ ਉਮਰ ਵਿੱਚ, 19 ਸਾਲ ਦੀ ਉਮਰ ਵਿੱਚ, ਰਣਜੀਤ ਸਿੰਘ ਨੇ ਲਾਹੌਰ ਉੱਤੇ ਕਬਜ਼ਾ ਕਰਕੇ ਸਿਰਫ਼ ਸ਼ਹਿਰ ਹੀ ਨਹੀਂ, ਸਗੋਂ ਸਿੱਖ ਕੌਮ ਦੀ ਇਕਤਾ ਅਤੇ ਤਾਕਤ ਦਾ ਪ੍ਰਤੀਕ ਬਣੇ। ਇਹ ਕਬਜ਼ਾ ਅਤੇ ਉਸ ਸਮੇਂ ਦੀਆਂ ਚੁਣੌਤੀਆਂ, ਰਣਜੀਤ ਸਿੰਘ ਦੀ ਸ਼ਖਸੀਅਤ, ਦੂਰਦਰਸ਼ਤਾ ਅਤੇ ਯੋਧਾ ਸਮਰੱਥਾ ਨੂੰ ਬਹੁਤ ਹੀ ਵਿਆਪਕ ਤਰੀਕੇ ਨਾਲ ਦਰਸਾਉਂਦੀਆਂ ਹਨ।
ਜਨਮ ਅਤੇ ਸ਼ੁਰੂਆਤੀ ਜੀਵਨ
ਰਣਜੀਤ ਸਿੰਘ ਦਾ ਜਨਮ 2 ਨਵੰਬਰ 1780 ਨੂੰ ਸ੍ਰੀ ਮਹਾਂ ਸਿੰਘ ਸ਼ੁਕਰਚੱਕੀਏ ਦੇ ਘਰ ਗੁਜ਼ਰਾਂਵਾਲੇ ਵਿੱਚ ਹੋਇਆ। ਛੋਟੀ ਉਮਰ ਤੋਂ ਹੀ ਉਹ ਗੁਰਸਿੱਖੀ, ਸਹਿਯੋਗ, ਦਿਲੀਰੀ ਅਤੇ ਆਜ਼ਾਦ ਹਸਤੀ ਵਾਲੇ ਗੁਣਾਂ ਨਾਲ ਪਰਿਚਿਤ ਹੋਏ। ਪਿਤਾ ਮਹਾਂ ਸਿੰਘ ਅਤੇ ਦਾਦਾ ਚੜਤ ਸਿੰਘ ਦੇ ਪ੍ਰਭਾਵ ਹੇਠ ਉਹ ਘੋੜ ਸਵਾਰੀ, ਸ਼ਾਸਤਰ ਵਿਦਿਆ ਅਤੇ ਸਮਾਜਕ ਨੈਤਿਕਤਾ ਵਿੱਚ ਪ੍ਰਵੀਣ ਹੋਏ। ਇਸਦੇ ਨਾਲ ਹੀ ਉਨ੍ਹਾਂ ਦੇ ਮਨ ਵਿੱਚ ਗੁਰੂ, ਗੁਰਬਾਣੀ ਅਤੇ ਸਿੱਖ ਕੌਮ ਲਈ ਪਿਆਰ ਦਾ ਬੀਜ ਬੀਜਿਆ ਗਿਆ।
ਪਰ ਛੋਟੀ ਉਮਰ ਵਿੱਚ ਹੀ ਰਣਜੀਤ ਸਿੰਘ ਲਈ ਦੁੱਖਦਾਇਕ ਘੜੀਆਂ ਆਈਆਂ। ਉਹ ਸਿਰਫ਼ 12 ਸਾਲ ਦੀ ਉਮਰ ਵਿੱਚ ਪਿਤਾ ਦੇ ਸਾਇਆ ਤੋਂ ਬਿਨਾਂ ਰਹਿ ਗਏ ਅਤੇ ਸ਼ੁਕਰਚੱਕੀਏ ਮਿਸਲ ਦੀ ਜੰਿਮੇਵਾਰੀ ਆਪਣੇ ਮੋਢਿਆਂ ‘ਤੇ ਆ ਗਈ। ਇਸ ਸਮੇਂ ਸਰਦਾਰਨੀ ਸਦਾ ਕੌਰ ਨੇ ਆਪਣੀ ਸਿਆਣਪ ਅਤੇ ਯੋਗਦਾਨ ਨਾਲ ਮਿਸਲ ਨੂੰ ਦੁਬਾਰਾ ਸੰਭਾਲਿਆ। ਉਹਨਾਂ ਨੇ ਯੋਗ ਆਗੂਆਂ ਨੂੰ ਅਹੁੱਦੇ ਸੌਂਪੇ ਅਤੇ ਮਿਸਲ ਦੇ ਬੰਦਿਆਂ ਨੂੰ ਜਿੰਮੇਵਾਰੀਆਂ ਦਿੱਤੀਆਂ, ਜਿਸ ਨਾਲ ਰਣਜੀਤ ਸਿੰਘ ਇੱਕ ਕਾਬਲ ਯੋਧਾ ਅਤੇ ਆਗੂ ਬਣੇ।
ਲਾਹੌਰ ਉੱਤੇ ਕਬਜ਼ਾ
ਜਦੋਂ ਰਣਜੀਤ ਸਿੰਘ ਜਵਾਨ ਹੋਏ, ਸੰਨ 1799 ਵਿੱਚ, ਸ਼ਾਹ ਜ਼ਮਾਨ ਵਾਲੀ-ਏ-ਕਾਬਲ ਨੇ ਪੰਜਾਬ ‘ਤੇ ਹਮਲਾ ਕੀਤਾ। ਬਿਨਾਂ ਕਿਸੇ ਵਿਰੋਧ ਦੇ ਸ਼ਹਿਰ ਨੂੰ ਲੁੱਟ ਕੇ ਤਬਾਹ ਕਰ ਦਿੱਤਾ ਗਿਆ।
ਇਸ ਹਮਲੇ ਨੂੰ ਦੇਖ ਕੇ ਰਣਜੀਤ ਸਿੰਘ ਦੇ ਮਨ ਵਿੱਚ ਇਕ ਦ੍ਰਿੜ ਪ੍ਰਣ ਉਤਪੰਨ ਹੋਇਆ ਉਹ ਪੰਜਾਬ ਨੂੰ ਗੈਰਾਂ ਦੀ ਗੁਲਾਮੀ ਤੋਂ ਸਦਾ ਲਈ ਆਜ਼ਾਦ ਕਰਵਾਉਣਗੇ।
ਲਾਹੌਰ ਉੱਤੇ ਕਬਜ਼ਾ ਕਰਨ ਲਈ, ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਦੋ ਹਿੱਸਿਆਂ ਵਿੱਚ ਵੰਡਿਆ। ਇੱਕ ਦੀ ਅਗਵਾਈ ਸਦਾ ਕੌਰ ਨੇ ਕੀਤੀ ਅਤੇ ਦੂਜੇ ਦੀ ਰਣਜੀਤ ਸਿੰਘ। ਦੋਹਾਂ ਨੇ ਆਪਣੀਆਂ ਫੌਜਾਂ ਨਾਲ ਸ਼ਹਿਰ ਦੇ ਮੁੱਖ ਦਰਵਾਜਿਆਂ ਉੱਤੇ ਹੱਲਾ ਕੀਤਾ। ਦਿੱਲੀ ਦਰਵਾਜੇ ਤੇ ਸਦਾ ਕੌਰ ਨੇ ਆਪਣੀ ਫੌਜ ਨਾਲ ਸ਼ਹਿਰ ਵਿੱਚ ਦਾਖਲ ਹੋ ਕੇ ਸ਼ਹਿਰ ਨੂੰ ਕਬਜ਼ੇ ਵਿੱਚ ਲਿਆਇਆ, ਜਦਕਿ ਰਣਜੀਤ ਸਿੰਘ ਵਜ਼ੀਰ ਖਾਨ ਬਾਗ ਤੋਂ ਲਾਹੌਰੀ ਦਰਵਾਜੇ ਦੀ ਜੰਿਮੇਵਾਰੀ ਸੰਭਾਲੇ।
ਉਤਕ੍ਰਿਸ਼ਟ ਯੋਜਨਾਬੰਦੀ, ਨੈਤਿਕਤਾ ਅਤੇ ਜਾਨ-ਦਿਲੀ ਦੇ ਕਾਰਨ ਸ਼ਹਿਰ ਦੇ ਵਾਸੀਆਂ ਨੇ ਪਹਿਲੀ ਵਾਰ ਵੇਖਿਆ ਕਿ ਕੋਈ ਵੀ ਬੇਕਸੂਰ ਹਾਨੀ ਜਾਂ ਲੁੱਟਪੱਟ ਦਾ ਸ਼ਿਕਾਰ ਨਹੀਂ ਹੋਈ। ਇਸ ਕਾਰਜ ਨੇ ਰਣਜੀਤ ਸਿੰਘ ਨੂੰ ਲੋਕਾਂ ਲਈ ਪ੍ਰਮੁੱਖ ਅਤੇ ਪ੍ਰਸਿੱਧ ਸ਼ਾਸਕ ਬਣਾਇਆ।
ਸਿੱਖ ਕੌਮ ਦਾ ਇਕਜੁੱਟਤਾ ਅਤੇ ਪੰਥਕ ਸ਼ਕਤੀ
ਰਣਜੀਤ ਸਿੰਘ ਅਤੇ ਸਦਾ ਕੌਰ ਨੇ ਸਿੱਖ ਕੌਮ ਦੀ ਖਿੰਡੀ ਸ਼ਕਤੀ ਨੂੰ ਇੱਕ ਨਿਸ਼ਾਨ ਥੱਲੇ ਇਕੱਠਾ ਕਰਨ ਲਈ ਯਤਨ ਸ਼ੁਰੂ ਕੀਤੇ। ਸਾਡੀ ਕੌਮ ਦੀ ਸ਼ਕਤੀ ਅਤੇ ਮਿਸਲਾਂ ਦੀ ਆਗਵਾਈ ਨੂੰ ਇੱਕ ਥਾਂ ਇਕੱਠਾ ਕਰਕੇ, ਉਹਨਾਂ ਨੇ ਲੋਕਾਂ ਵਿਚ ”ਇੱਕ ਦਾ ਦੁੱਖ ਸਭ ਦਾ ਦੁੱਖ, ਇੱਕ ਦਾ ਲਾਭ ਸਭ ਦਾ ਲਾਭ” ਦਾ ਸੰਦੇਸ਼ ਫੈਲਾਇਆ। ਇਹ ਕਾਰਜ ਸਿਰਫ਼ ਸ਼ਾਹੀ ਸ਼ਕਤੀ ਦਾ ਪ੍ਰਤੀਕ ਨਹੀਂ, ਸਗੋਂ ਲੋਕਾਂ ਦੇ ਭਲੇ ਲਈ ਵੀ ਮਹੱਤਵਪੂਰਨ ਸੀ।
ਪੰਜਾਬ ਦੇ ਦਰਿਆਵਾਂ ਅਤੇ ਅੰਗਰੇਜ਼ੀ ਯੋਜਨਾ
ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਬਜ਼ੇ ਤੋਂ ਕੁਝ ਦਹਾਕਿਆਂ ਬਾਅਦ, 1831 ਵਿੱਚ ਅੰਗਰੇਜ਼ਾਂ ਨੇ ਇੱਕ ਜਾਸੂਸੀ ਯੋਜਨਾ ਚਲਾਈ। ਕਿੰਗ ਵਿਲੀਅਮ ਚੌਥੇ ਵੱਲੋਂ ਭੇਜੇ ਪੰਜ ਘੋੜੇ ਅਤੇ ਦਰਿਆਵਾਂ ਦੀ ਯਾਤਰਾ ਇਹ ਜਾਣਚ ਕਰਨ ਲਈ ਸੀ ਕਿ ਕੀ ਸਿੰਧ ਅਤੇ ਹੋਰ ਦਰਿਆਵਾਂ ਰਾਹੀਂ ਲਾਹੌਰ ਤੱਕ ਜਹਾਜ਼ ਜਾਂ ਸਟੀਮਰ ਚਲਾਇਆ ਜਾ ਸਕਦਾ ਹੈ। ਐਲਗਜ਼ੈਂਡਰ ਬਰਨਜ਼ ਦੇ ਨਿਗਰਾਨੀ ਹੇਠ, ਇਹ ਯੋਜਨਾ ਸੰਪੂਰਨ ਤੌਰ ‘ਤੇ ਅੰਕਿਤ ਕੀਤੀ ਗਈ। ਪਤਾ ਲੱਗਾ ਕਿ ਲਾਹੌਰ ਤੱਕ 700 ਮੀਲ ਦੀ ਆਵਾਜਾਈ ਸੰਭਵ ਹੈ, ਪਰ ਦਰਿਆਵਾਂ ਦੀ ਚੰਚਲ ਸੁਭਾ, ਰੇਤ-ਪੱਥਰ ਦੇ ਢੇਰ ਅਤੇ ਡੂੰਘਾਈ ਵਿੱਚ ਅਸਮਾਨਤਾ ਕਾਰਨ ਇਹ ਸਟ੍ਰੀਟਜੀ ਪੂਰੀ ਤਰ੍ਹਾਂ ਕਾਰਗਰ ਨਹੀਂ ਸੀ।
ਇਸ ਤੋਂ ਇਲਾਵਾ, ਮੀਂਹ ਵਾਲੇ ਮੌਸਮ ਅਤੇ ਦਰਿਆਵਾਂ ਦੇ ਬਦਲਦੇ ਰਾਹਾਂ ਨੇ ਸਟੀਮਰ ਦੀ ਆਵਾਜਾਈ ਵਿੱਚ ਦਿੱਕਤ ਪੈਦਾ ਕੀਤੀ। ਇਸ ਲਈ ਸਟੀਮਰ ਮੁਲਤਾਨ ਤੱਕ ਹੀ ਚੱਲੇ ਅਤੇ ਅੱਗੇ ਸਮਾਨ ਦੀ ਆਵਾਜਾਈ ਸਥਾਨਕ ਬੇੜੀਆਂ ਰਾਹੀਂ ਕੀਤੀ ਗਈ। ਬ੍ਰਿਟਿਸ਼ ਸਰਕਾਰ ਨੇ 1862 ਵਿੱਚ ਦਰਿਆਵਾਂ ‘ਤੇ ਆਵਾਜਾਈ ਲਈ ਵਿਭਾਗ ਬਣਾਇਆ, ਪਰ ਆਮਦਨੀ ਘੱਟ ਅਤੇ ਖਰਚ ਵੱਧ ਹੋਣ ਕਾਰਨ ਇਹ ਯੋਜਨਾ 1871 ਵਿੱਚ ਰੱਦ ਕਰ ਦਿੱਤੀ ਗਈ।
ਰੇਲਵੇ ਅਤੇ ਨਹਿਰਾਂ ਦਾ ਵਿਕਾਸ
ਬ੍ਰਿਟਿਸ਼ ਅਧਿਕਾਰਾਂ ਦੌਰਾਨ, ਦਰਿਆਵਾਂ ‘ਤੇ ਵਪਾਰਕ ਆਵਾਜਾਈ ਦੀ ਮਹੱਤਤਾ ਨੂੰ ਵੇਖਦੇ ਹੋਏ, ਉਹਨਾਂ ਨੇ ਨਹਿਰਾਂ ਬਣਾਉਣ ਤੇ ਜ਼ੋਰ ਦਿੱਤਾ। ਇਸ ਕਾਰਨ ਦਰਿਆਵਾਂ ਦਾ ਪਾਣੀ ਘੱਟ ਹੋ ਗਿਆ, ਜਿਸ ਨਾਲ ਸਟੀਮਰ ਯੋਜਨਾ ਹੋਰ ਕੰਮਯਾਬ ਨਹੀਂ ਰਹੀ। ਰੇਲਵੇ ਦਾ ਵਿਕਾਸ ਵੀ ਇਸ ਸਮੇਂ ਤੇਜ਼ੀ ਨਾਲ ਹੋਇਆ, ਜਿਸ ਕਾਰਨ ਦਰਿਆਵਾਂ ਰਾਹੀਂ ਵਪਾਰ ਦੀ ਲੋੜ ਅਤੇ ਲਾਭ ਘਟ ਗਿਆ।
ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ
ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਸਿੱਖ ਕੌਮ ਦੀ ਇਕਤਾ, ਸੁਰੱਖਿਆ ਅਤੇ ਵਪਾਰਕ ਤਰੱਕੀ ਦਾ ਪ੍ਰਤੀਕ ਹੈ। ਉਹ ਇੱਕ ਨਿਡਰ ਯੋਧਾ, ਨੈਤਿਕ ਅਤੇ ਦੂਰਦਰਸ਼ੀ ਸ਼ਾਸਕ ਸਾਬਤ ਹੋਏ। ਲਾਹੌਰ ਉੱਤੇ ਕਬਜ਼ਾ ਅਤੇ ਦਰਿਆਵਾਂ ਦੀ ਯੋਜਨਾ ਉਸ ਦੀ ਸਮਰੱਥਾ, ਸਿਆਣਪ ਅਤੇ ਦੂਰਦਰਸ਼ਤਾ ਦਾ ਸਰਬੋਤਮ ਉਦਾਹਰਨ ਹੈ। 27 ਜੂਨ 1839 ਨੂੰ ਉਹ ਇਸ ਸੰਸਾਰ ਤੋਂ ਰਵਾਨਾ ਹੋ ਗਏ, ਪਰ ਉਹਨਾਂ ਦੀ ਵਿਰਾਸਤ ਪੰਜਾਬ ਵਿੱਚ ਸਦਾ ਲਈ ਯਾਦਗਾਰ ਰਹੀ।
ਰਣਜੀਤ ਸਿੰਘ ਦੀ ਯੋਜਨਾਬੰਦੀ, ਸ਼ਾਹੀ ਤਾਕਤ, ਲੋਕ ਪ੍ਰਤੀ ਦਿਆਲੁਤਾ ਅਤੇ ਸਿੱਖ ਕੌਮ ਦੀ ਇਕਤਾ ਦੀ ਨੀਵ ਰੱਖਣ ਵਾਲਾ ਕੰਮ, ਹਰੇਕ ਪੰਨੇ ‘ਤੇ ਇਤਿਹਾਸਕ ਪ੍ਰਤੀਕ ਬਣਦਾ ਹੈ। ਉਹ ਸਿਰਫ਼ ਇੱਕ ਮਹਾਨ ਸ਼ਾਸਕ ਹੀ ਨਹੀਂ, ਸਗੋਂ ਪੰਜਾਬ ਦੀ ਸ਼ਾਨ ਅਤੇ ਸਮਰੱਥਾ ਦਾ ਪ੍ਰਤੀਕ ਵੀ ਹਨ।

