ਵੈਨਕੂਵਰ (ਏਕਜੋਤ ਸਿੰਘ): ਅਮਰੀਕਾ ਦੇ ਏਰੀਜ਼ੋਨਾ ਰਾਜ ਵਿੱਚ ਸਥਿਤ ਗ੍ਰੈਂਡ ਕੈਨਯਨ ਵੈਸਟ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ 65 ਸਾਲਾ ਮਰਦ ਦੀ ਮੌਤ ਹੋ ਗਈ। ਮੋਹਾਵੇ ਕਾਊਂਟੀ ਸ਼ੇਰਿਫ਼ਜ਼ ਦਫ਼ਤਰ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਹਫ਼ਤੇ ਗੁਆਨੋ ਪਾਇੰਟ ਖੇਤਰ ਵਿੱਚ ਫਿਸਲਣ ਕਾਰਨ ਇਹ ਸੈਲਾਨੀ ਖੱਡ ਵਿੱਚ ਡਿੱਗ ਗਿਆ ਅਤੇ ਮੌਕੇ ‘ਤੇ ਹੀ ਉਸ ਦੀ ਜਾਨ ਚਲੀ ਗਈ।
ਸ਼ੇਰਿਫ਼ ਦਫ਼ਤਰ ਦੇ ਸਰਚ ਐਂਡ ਰੈਸਕਿਊ ਯੂਨਿਟ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ 6 ਨਵੰਬਰ ਨੂੰ ਦੁਪਹਿਰ ਲਗਭਗ 2 ਵਜੇ ਉਹਨਾਂ ਨੂੰ ਹੁਆਲਾਪਾਈ ਨੇਸ਼ਨ ਵੱਲੋਂ ਕਾਲ ਪ੍ਰਾਪਤ ਹੋਈ ਕਿ ਇੱਕ ਮਰਦ ਚੱਤੀਰ ਤੋਂ ਫਿਸਲ ਕੇ ਹੇਠਾਂ ਡਿੱਗ ਗਿਆ ਹੈ ਅਤੇ ਉਸਦਾ ਤਕਨੀਕੀ ਰੀਕਵਰੀ ਓਪਰੇਸ਼ਨ ਕਰਨਾ ਲਾਜ਼ਮੀ ਹੈ। ਟੀਮ ਨੇ ਮੌਕੇ ‘ਤੇ ਪਹੁੰਚ ਕੇ ਪਤਾ ਲਗਾਇਆ ਕਿ ਮਰਹੂਮ ਲਗਭਗ 130 ਫੁੱਟ ਹੇਠਾਂ ਪਥਰਾਂ ਦੀ ਢਲਾਨ (scree pile) ‘ਤੇ ਮਿਲਿਆ। ਹੁਆਲਾਪਾਈ ਟ੍ਰਾਈਬਲ ਪੁਲਿਸ, ਟ੍ਰਾਈਬਲ ਫ਼ਾਇਰ ਡਿਪਾਰਟਮੈਂਟ ਅਤੇ ਗ੍ਰੈਂਡ ਕੈਨਯਨ ਵੈਸਟ ਸਿਕਿਊਰਟੀ ਨੇ ਸਾਂਝੀ ਤੌਰ ‘ਤੇ ਰੌਪ ਤਕਨੀਕੀ ਟੀਮ ਦੀ ਮਦਦ ਕੀਤੀ। ਰੋਪ ਸਿਸਟਮ ਦੀ ਮਦਦ ਨਾਲ ਇੱਕ ਲੋਇਰਿੰਗ ਅਤੇ ਰੇਜ਼ਿੰਗ ਪ੍ਰਣਾਲੀ ਤਿਆਰ ਕੀਤੀ ਗਈ, ਜਿਸ ਰਾਹੀਂ ਮਰਹੂਮ ਦੀ ਲਾਸ਼ ਨੂੰ ਸੁਰੱਖਿਅਤ ਤਰੀਕੇ ਨਾਲ ਉੱਪਰ ਲਿਆ ਕੇ ਰੀਕਵਰ ਕੀਤਾ ਗਿਆ।
ਪੁਲਿਸ ਨੇ ਕਿਹਾ ਹੈ ਕਿ ਹਾਦਸੇ ਸਬੰਧੀ ਇਸ ਤੋਂ ਵੱਧ ਕੋਈ ਜਾਣਕਾਰੀ ਇਸ ਵੇਲੇ ਜਾਰੀ ਨਹੀਂ ਕੀਤੀ ਜਾ ਰਹੀ। ਮਰਹੂਮ ਦਾ ਨਾਮ ਵੀ ਪਰਿਵਾਰ ਦੀ ਗੋਪਨੀਯਤਾ ਦਾ ਸਨਮਾਨ ਕਰਦਿਆਂ ਸਰਕਾਰੀ ਤੌਰ ‘ਤੇ ਸਾਹਮਣੇ ਨਹੀਂ ਲਿਆਂਦਾ ਗਿਆ। ”ਸਾਡੀਆਂ ਸੰਵੇਦਨਾਵਾਂ ਉਸਦੇ ਪਰਿਵਾਰ ਦੇ ਨਾਲ ਹਨ। ਕਿਰਪਾ ਕਰਕੇ ਇਸ ਮੁਸ਼ਕਲ ਸਮੇਂ ਉਹਨਾਂ ਦੀ ਨਿੱਜਤਾ ਦਾ ਆਦਰ ਕਰੋ,” ਸ਼ੇਰਿਫ਼ ਦਫ਼ਤਰ ਨੇ ਕਿਹਾ।
ਗ੍ਰੈਂਡ ਕੈਨਯਨ ਵੈਸਟ, ਜੋ ਹੁਆਲਾਪਾਈ ਰਿਜ਼ਰਵੇਸ਼ਨ ‘ਤੇ ਸਥਿਤ ਹੈ, ਗ੍ਰੈਂਡ ਕੈਨਯਨ ਨੈਸ਼ਨਲ ਪਾਰਕ ਤੋਂ ਵੱਖਰਾ ਹੈ ਅਤੇ ਇਸਦਾ ਪ੍ਰਬੰਧ ਹੁਆਲਾਪਾਈ ਟ੍ਰਾਈਬ ਖੁਦ ਕਰਦੀ ਹੈ। ਗੁਆਨੋ ਪਾਇੰਟ, ਜਿੱਥੇ ਇਹ ਹਾਦਸਾ ਵਾਪਰਿਆ, ਆਪਣੀਆਂ 360-ਡਿਗਰੀ ਦੇ ਦਿਲਕਸ਼ ਦ੍ਰਿਸ਼ਾਂ ਅਤੇ ਖੁੱਲ੍ਹੇ, ਬਿਨਾਂ ਰੇਲਿੰਗ ਵਾਲੇ ਟ੍ਰੇਲਾਂ ਲਈ ਮਸ਼ਹੂਰ ਹੈ। ਇਹ ਉਹੀ ਥਾਂ ਹੈ ਜਿੱਥੇ ਕਦੇ 1957 ਵਿੱਚ 7,500 ਫੁੱਟ ਲੰਬੀ ਏਰੀਅਲ ਟ੍ਰਾਮਵੇ ਪ੍ਰਣਾਲੀ ਬਣਾਈ ਗਈ ਸੀ, ਜੋ ਹੁਣ ਬੰਦ ਕੀਤੀ ਜਾ ਚੁੱਕੀ ਹੈ। ਇਲਾਕਾ ਆਪਣੀ ਕੁਦਰਤੀ ਸੁੰਦਰਤਾ ਲਈ ਪ੍ਰਸਿੱਧ ਹੈ, ਪਰ ਨਾਲ ਹੀ ਇੱਥੇ ਕਈ ਵਰ੍ਹਿਆਂ ਤੋਂ ਸੁਰੱਖਿਆ ਬਾਰੇ ਚਿੰਤਾਵਾਂ ਵੀ ਪ੍ਰਗਟ ਕੀਤੀਆਂ ਜਾਂਦੀਆਂ ਹਨ, ਕਿਉਂਕਿ ਖੁੱਲ੍ਹੀਆਂ ਚੱਟਾਨਾਂ ਅਤੇ ਗਹਿਰੀਆਂ ਖੱਡਾਂ ਦੌਰਾਨ ਸੈਲਾਨੀਆਂ ਲਈ ਖ਼ਤਰਾ ਵਧ ਜਾਂਦਾ ਹੈ।
ਇਹ ਹਾਦਸਾ ਇਕ ਵਾਰ ਫਿਰ ਸੈਲਾਨੀਆਂ ਨੂੰ ਸਾਵਧਾਨ ਰਹਿਣ ਦੀ ਯਾਦ ਦਿਲਾਉਂਦਾ ਹੈ।

