18.8 C
Vancouver
Monday, May 25, 2026

ਵੱਧ ਰਹੀ ਬੇਰੁਜ਼ਗਾਰੀ ਕਾਰਨ ਨੌਜਵਾਨਾਂ ਲਈ ਘਰ ਖਰੀਦਣਾ ਹੋਇਆ ‘ਅਸੰਭਵ’

ਸਰੀ (ਏਕਜੋਤ ਸਿੰਘ): ਕੈਨੇਡਾ ਵਿੱਚ ਘਰ ਮਾਲਕੀ ਦਾ ਸੁਪਨਾ ਹੁਣ ਪਹਿਲਾਂ ਨਾਲੋਂ ਵੀ ਵੱਧ ਮੁਸ਼ਕਲ ਬਣਦਾ ਜਾ ਰਿਹਾ ਹੈ। ਮਕਾਨਾਂ ਦੀਆਂ ਚੜ੍ਹਦੀਆਂ ਕੀਮਤਾਂ, ਵੱਧਦੇ ਕਿਰਾਏ ਅਤੇ ਰਿਹਾਇਸ਼ ਦੀ ਘੱਟ ਉਪਲਬਧਤਾ ਨੇ ਕੈਨੇਡੀਅਨ ਲੋਕਾਂ ਦੀ ਚਿੰਤਾ ਬੇਹੱਦ ਵਧਾ ਦਿੱਤੀ ਹੈ। ਤਾਜ਼ਾ ਸਰਵੇਖਣਾਂ ਅਤੇ ਰਾਸ਼ਟਰੀ ਡਾਟਾ ਦਰਸਾਉਂਦਾ ਹੈ ਕਿ ਦੇਸ਼ ਭਰ ਵਿੱਚ ਰਹਾਇਸ਼ੀ ਸੰਕਟ ਡੂੰਘਾ ਹੋ ਰਿਹਾ ਹੈ, ਜਿਸ ਕਾਰਨ ਖਾਸ ਕਰਕੇ ਨੌਜਵਾਨ ਪੀੜ੍ਹੀ ਲਈ ਘਰ ਖਰੀਦਣਾ ”ਲਗਭਗ ਅਸੰਭਵ” ਹੁੰਦਾ ਜਾ ਰਿਹਾ ਹੈ।
ਰਾਸ਼ਟਰੀ ਪੱਧਰ ‘ਤੇ ਕੀਤੇ ਗਏ ਕਈ ਸਰਵੇਖਣਾਂ ਵਿੱਚ ਇਹ ਗੱਲ ਸਾਫ਼ ਕੀਤੀ ਗਈ ਹੈ ਕਿ ਕੈਨੇਡਾ ਦੇ ਵੱਖ-ਵੱਖ ਪ੍ਰਾਂਤਾਂ ਬ੍ਰਿਟਿਸ਼ ਕੋਲੰਬੀਆ, ਓੰਟਾਰੀਓ, ਅਲਬਰਟਾ, ਮੈਨਿਟੋਬਾ ਅਤੇ ਨੋਵਾ ਸਕੋਸ਼ੀਆ ਵਿੱਚ ਰਿਹਾਇਸ਼ ਦੀ ਸਥਿਤੀ ਇੱਕੋ ਜਿਹੀ ਚੁਣੌਤੀ ਬਣੀ ਹੋਈ ਹੈ। ਵੈਂਕੂਵਰ, ਟੋਰਾਂਟੋ ਅਤੇ ਕੈਲਗਰੀ ਵਰਗੇ ਵੱਡੇ ਸ਼ਹਿਰਾਂ ਵਿੱਚ ਜਿੱਥੇ ਮਲਕੀਅਤ ਵਾਲੇ ਘਰਾਂ ਦੀ ਕੀਮਤ ਰਿਕਾਰਡ ਤੋੜ ਪੱਧਰ ‘ਤੇ ਹੈ, ਉੱਥੇ ਕਿਰਾਏ ਦੇ ਘਰ ਵੀ ਆਮ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਨਿਕਲਦੇ ਜਾ ਰਹੇ ਹਨ।
ਰਾਸ਼ਟਰੀ ਡੇਟਾ ਅਨੁਸਾਰ, ਲਗਭਗ 70 ਫੀਸਦੀ ਗੈਰ-ਮਾਲਕਾਨਾ ਕੈਨੇਡੀਅਨ ਨਾਗਰਿਕਾਂ ਨੂੰ ਲੱਗਦਾ ਹੈ ਕਿ ਉਹ ਆਉਂਦੇ ਸਾਲਾਂ ਵਿੱਚ ਵੀ ਘਰ ਨਹੀਂ ਖਰੀਦ ਸਕਣਗੇ। ਇਸ ਦੇ ਨਾਲ ਹੀ, 18 ਤੋਂ 35 ਸਾਲ ਉਮਰ ਦੇ ਨੌਜਵਾਨਾਂ ਵਿੱਚੋਂ ਤਿੰਨ-ਚੌਥਾਈ ਨੇ ਕਿਹਾ ਕਿ ਘਰ ਖਰੀਦਣਾ ਉਹਨਾਂ ਦੀ ਪਹੁੰਚ ਤੋਂ ਬਿਲਕੁਲ ਬਾਹਰ ਹੋ ਗਿਆ ਹੈ। ਵਧ ਰਹੀਆਂ ਮੌਰਗੇਜ ਦਰਾਂ, ਤਨਖ਼ਾਹਾਂ ਵਿੱਚ ਧੀਮਾ ਵਾਧਾ ਅਤੇ ਘੱਟ ਉਪਲਬਧ ਘਰ ਇਹ ਤਿੰਨੋ ਤੱਤ ਕੈਨੇਡਾ ਦੇ ਰਿਹਾਇਸ਼ ਸੰਕਟ ਨੂੰ ਹੋਰ ਗੰਭੀਰ ਬਣਾ ਰਹੇ ਹਨ।
ਕਈ ਕੈਨੇਡੀਅਨ ਸ਼ਹਿਰਾਂ ਵਿੱਚ ਕਿਰਾਏ ਦੇ ਘਰਾਂ ਦੀ ਘਾਟ ਸਭ ਤੋਂ ਵੱਡਾ ਮੁੱਦਾ ਬਣ ਕੇ ਉੱਭਰਿਆ ਹੈ। ਵੈਂਕੂਵਰ, ਟੋਰਾਂਟੋ ਅਤੇ ਹੈਲੀਫੈਕਸ ਵਰਗੇ ਸ਼ਹਿਰਾਂ ਵਿੱਚ ਇੱਕ ਬੈਡਰੂਮ ਦਾ ਔਸਤ ਕਿਰਾਇਆ 1,800 ਤੋਂ 2,600 ਕੈਨੇਡੀਅਨ ਡਾਲਰ ਤੱਕ ਪਹੁੰਚ ਚੁੱਕਾ ਹੈ, ਜਦਕਿ ਕੁਝ ਖੇਤਰਾਂ ਵਿੱਚ ਦੋ ਬੈਡਰੂਮ ਲਈ 3,000 ਡਾਲਰ ਤੋਂ ਵੱਧ ਭੁਗਤਾਨ ਕਰਨਾ ਪੈਂਦਾ ਹੈ। ਕਈ ਨਿਵਾਸੀਆਂ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਕਿਰਾਏ ਵਿੱਚ 40 ਤੋਂ 60 ਫੀਸਦੀ ਤੱਕ ਵਾਧਾ ਆਇਆ ਹੈ, ਜਿਸ ਨਾਲ ਆਮ ਆਮਦਨੀ ਵਾਲੇ ਪਰਿਵਾਰਾਂ ਲਈ ਸ਼ਹਿਰਾਂ ਵਿੱਚ ਰਹਿਣਾ ਮੁਸ਼ਕਲ ਹੋ ਰਿਹਾ ਹੈ।
ਰਿਹਾਇਸ਼ ਦੀ ਮਹਿੰਗਾਈ ਦੇ ਮੁੱਖ ਕਾਰਨਾਂ ਬਾਰੇ ਲੋਕਾਂ ਦੀ ਰਾਇ ਵਿਚਕਾਰ ਵੱਡਾ ਫਰਕ ਹੈ। ਲਗਭਗ 60 ਤੋਂ 65 ਫੀਸਦੀ ਕੈਨੇਡੀਅਨ ਲੋਕਾਂ ਨੇ ਕਿਹਾ ਕਿ ਵੱਧਦੀ ਆਬਾਦੀ, ਇਮੀਗ੍ਰੇਸ਼ਨ ਅਤੇ ਨਵੇਂ ਆਏ ਲੋਕਾਂ ਦੀ ਰਿਹਾਇਸ਼ ਦੀ ਮੰਗ ਘਰਾਂ ‘ਤੇ ਦਬਾਅ ਵਧਾ ਰਹੀ ਹੈ। ਦੂਜੀ ਪਾਸੇ, ਲਗਭਗ 30 ਫੀਸਦੀ ਲੋਕਾਂ ਨੇ ਸਰਕਾਰਾਂ ਦੀਆਂ ਰਿਹਾਇਸ਼ੀ ਨੀਤੀਆਂ, ਘੱਟ ਘਰ ਨਿਰਮਾਣ ਅਤੇ ਵਿਕਾਸਕਾਰਾਂ ਦੇ ਮੋਟੇ ਮੁਨਾਫ਼ੇ ਨੂੰ ਇਸ ਸਥਿਤੀ ਲਈ ਜੰਿਮੇਵਾਰ ਠਹਿਰਾਇਆ ਹੈ।
ਹਾਊਸਿੰਗ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਰਿਹਾਇਸ਼ੀ ਨੀਤੀਆਂ ਵਿੱਚ ਵੱਡੇ ਬਦਲਾਅ ਨਾ ਕੀਤੇ ਗਏ ਤਾਂ ਕੈਨੇਡਾ ਵਿੱਚ ਮਾਲਕੀ ਵਾਲੇ ਘਰਾਂ ਦਾ ਸੁਪਨਾ ਹੋਰ ਵੱਧ ਦੂਰੀ ਤੇ ਚਲਾ ਜਾਵੇਗਾ। ਕਈ ਵਿਦਵਾਨਾਂ ਦੇ ਅਨੁਸਾਰ, ਕੈਨੇਡਾ ਨੂੰ ਆਰਥਿਕ ਹਾਲਾਤ, ਇਮੀਗ੍ਰੇਸ਼ਨ ਟਾਰਗੇਟ, ਘਰ ਨਿਰਮਾਣ ਦੀ ਰਫ਼ਤਾਰ ਅਤੇ ਕਿਰਾਏ ਦੇ ਨਿਯਮਾਂ ਬਾਰੇ ਤੁਰੰਤ ਕਦਮ ਚੁੱਕਣ ਦੀ ਲੋੜ ਹੈ।
ਕੁੱਲ ਮਿਲਾ ਕੇ, ਕੈਨੇਡਾ ਵਿੱਚ ਰਿਹਾਇਸ਼ੀ ਸੰਕਟ ਹੁਣ ਸਿਰਫ਼ ਇੱਕ ਆਰਥਿਕ ਸਮੱਸਿਆ ਨਹੀਂ ਰਹਿ ਗਿਆ ਇਹ ਨੌਜਵਾਨਾਂ ਦੇ ਭਵਿੱਖ, ਪਰਿਵਾਰਾਂ ਦੀ ਸੁਰੱਖਿਆ ਅਤੇ ਦੇਸ਼ ਦੀ ਮਜ਼ਬੂਤ ਸਮਾਜਿਕ ਸੰਰਚਨਾ ਲਈ ਵੱਡੀ ਚੁਣੌਤੀ ਬਣ ਚੁੱਕਾ ਹੈ।

ਰੁਝਾਨ ਖਬਰਾਂ