ਵੈਨਕੂਵਰ (ਰਸਪਾਲ ਸਿੰਘ ਗਿੱਲ): ਪੰਜਾਬੀ ਭਾਈਚਾਰੇ ਦੀ ਅੰਜ਼ੀਮ ਸ਼ਖਸੀਅਤ ਜਨਾਬ ਤਰਲੋਕ ਸਬਲੋਕ ਦੇ ਪਰਿਵਾਰ ਵੱਲੋਂ ਲੰਘੇ ਵਰ੍ਹੇ ਵਾਂਗ ਫੇਰ ਸਨਸੈੱਟ ਕਮਿਊਨਿਟੀ ਸੈਂਟਰ ਵੈਨਕਵਰ ਵਿੱਚ ਗੁਰੂ ਪਾਤਸ਼ਾਹ ਜਗਤ ਗੁਰੂ ਬਾਬਾ ਨਾਨਕ ਦੇਵ ਜੀ ਦਾ ਅਵਤਾਰ ਦਿਹਾੜਾ ਬਹੁਤ ਹੀ ਧੂਮ-ਧਾਮ ਅਤੇ ਸ਼ਰਧਾਪੂਰਵਕ ਮਨਾਇਆ ਗਿਆ। ਸਬਲੋਕ ਪਰਿਵਾਰ ਇਸ ਸਮੇਂ ਪਹੁੰਚੀਆਂ ਸੰਗਤਾਂ ਦੀ ਸੇਵਾ ਬੜੇ ਚਾਵਾਂ ਨਾਲ ਖਾਣ -ਪੀਣ ਦੇ ਵੰਨ-ਸਵੰਨੇ ਲੰਗਰਾਂ ਨਾਲ ਕਰਦਾ ਰਿਹਾ। ਸਬਲੋਕ ਪਰਿਵਾਰ ਗੁਰੂ ਪਾਤਸ਼ਾਹੀਆਂ ਦਾ ਅਤੀ ਸ਼ਰਧਾਲੂ ਪਰਿਵਾਰ ਹੈ। ਉਨਾਂ ਦੀ ਧਰਮ ਪਤਨੀ ਸ਼ਬਨਮ ਦੀ ਵੀ ਪ੍ਰਸੰਸਾ ਕਰਨੀ ਬਣਦੀ ਹੈ ਜਿਨਾਂ ਕਰਕੇ ਵੱਡੀ ਗਿਣਤੀ ਵਿੱਚ ਭੈਣਾਂ ਹਾਜ਼ਰੀ ਲਗਵਾਈ। ਭੈਣਾਂ ਨੂੰ ਵੱਧ ਤੋਂ ਵੱਧ ਬੋਲਣ ਲਈ ਸਮਾਂ ਦਿੱਤਾ ਗਿਆ। ਜ਼ਿਆਦਾਤਰ ਗੁਰੂ ਬਾਬੇ ਦੀ ਉਸਤਤ ਵਿੱਚ ਕਵਿਤਾਵਾਂ ਦਾ ਦੌਰ ਖੂਬ ਚੱਲਿਆ। ਪ੍ਰੋਗਰਾਮ ਇੰਨਾ ਸ਼ਾਂਤ-ਚਿੱਤ ਸੀ ਕਿ ਸਥਾਨਕ ਐਮ.ਐਲ.ਏ. ਮੈਡਮ ਸੁਨੀਤਾ ਨੂੰ ਕਹਿਣਾ ਪਿਆ ਕਿ ਮੈਂ ਆਪਣੇ ਰੁਝੇਵੇਂ ਛੱਡ ਕੇ ਅੱਜ ਦਾ ਪ੍ਰੋਗਰਾਮ ਸੁਣਨ ਆਈ ਅਤੇ ਸਾਰਾ ਪ੍ਰੋਗਰਾਮ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਅਨੰਦ ਮਾਣਿਆ। ਸੁਨੀਤਾ ਜੀ ਦਾ ਪਿਛੋਕੜ ਜਗਰਾਉਂ ਸ਼ਹਿਰ ਦਾ ਹੈ, ਲੋਕ ਸੇਵਾ ਦੀ ਭਾਵਨਾ ਵਾਲੀ ਸੁਨੀਤਾ ਜੀ ਦਾ ਪਰਿਵਾਰ ਗੁਰੂਆਂ ਤੋਂ ਵਾਰੇ ਵਾਰੇ ਜਾ ਰਿਹਾ ਹੈ। ਸਬਲੋਕ ਜੀ ਨੇ ਖੁਦ ਵੀ ਗੁਰੂ ਜੀ ਦੀਆਂ ਸਿੱਖਿਆ ਬਾਰੇ ਆਪਣੇ ਸੋਹਣੇ ਸੋਹਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਸਾਰਿਆਂ ਦੇ ਮਨ ਖੇੜੇ ਖੁਸ਼ੀਆਂ ਨਾਲ ਸਰਸਾਰ ਸਨ। ਸਨਸੈਟ ਸੈਂਟਰ ਦੇ ਪ੍ਰਬੰਧਾਂ ਦੀ ਪ੍ਰਸੰਸਾ ਵੀ ਕੀਤੀ ਗਈ। ਪ੍ਰੋਗਰਾਮ ਗੁਰੂਆਂ ਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਸਿਧਾਂਤ ਦੀ ਵਿਆਖਿਆ ਤੇ ਕੇਂਦਰਿਤ ਸੀ।

