11.9 C
Vancouver
Sunday, June 7, 2026

ਮਨੁੱਖਤਾ ਦਾ ਹੜ੍ਹ

ਮਰੀ ਨਹੀਂ ਮਨੁੱਖਤਾ, ਹਾਲੇ ਵੀ ਜ਼ਿੰਦਾ ਹੈ,
ਹੱਥ ਨੂੰ ਹੱਥ ਮਨੁੱਖ, ਹਾਲੇ ਵੀ ਦਿੰਦਾ ਹੈ।

ਮੁਸੀਬਤਾਂ ਦੇ ਪਹਾੜ, ਜਦੋਂ ਵੀ ਟੁੱਟਦੇ ਨੇ,
ਹਮਦਰਦੀ ਦੇ ਦਿਆਲੂ, ਸੋਮੇ ਫੁੱਟਦੇ ਨੇ।

ਇਨਸਾਨੀਅਤ ਦੀ ਸ਼ਮਾ, ਅਜਿਹੀ ਜਗਦੀ ਹੈ,
ਹਰ ਬੇ ਉਮੀਦੀ ਉਮੀਦ ‘ਚ, ਬਦਲਦੀ ਲੱਗਦੀ ਹੈ।

ਗ਼ਰੀਬ ਅਮੀਰ ਦਾ ਪਾੜਾ, ਮਿਟਦਾ ਲੱਗਦਾ ਹੈ,
ਜਦ ਬੰਦੇ ਲਈ ਬੰਦਾ ਹੀ, ਆ ਕੇ ਖੜ੍ਹਦਾ ਹੈ।

ਮੁਜੱਸਮਾ ਇਹ ਕਈ ਵਾਰ ਇੰਝ, ਪਰਗਟ ਹੋਇਆ ਹੈ,
ਹਰ ਵਾਰੀ ਇਸ ਨੇ ਨਵਾਂ ਹੀ, ਨਗ਼ਮਾ ਛੋਹਿਆ ਹੈ।

ਹੜ੍ਹਾਂ ਦੇ ਪਿੱਛੋਂ ਦੁਨੀਆ ਦਾ, ਹੜ੍ਹ ਆਇਆ ਹੈ,
ਜਿਸ ਨੇ ਡੁੱਬਦੀ ਮਾਨਵਤਾ, ਨੂੰ ਬਚਾਇਆ ਹੈ।

ਕੁਦਰਤ ਦੀ ਕਰੋਪੀ ਨੇ, ਸਬਕ ਨਵੇਂ ਸਿਖਾਏ ਨੇ,
ਬੰਦਿਆਂ ਲਈ ਅੰਤ ਬੰਦੇ ਹੀ, ਕੰਮ ਆਏ ਨੇ।

ਬੰਨ੍ਹ ਕਤਾਰਾਂ ਬਾਨ੍ਹਣੂੰ, ਨਵੇਂ ਹੀ ਬੰਨ੍ਹ ਦਿੱਤੇ,
ਬਿਨਾ ਝਿਜਕ ਆਪਣੇ ਤਨ, ਮਨ ‘ਤੇ ਧਨ ਦਿੱਤੇ।

ਅਦੁੱਤੀਆਂ ਕਈ ਮਿਸਾਲਾਂ, ਸਾਹਮਣੇ ਆ ਗਈਆਂ,
ਜੋ ਦਵੈਤ ਭਾਵ ‘ਤੇ ਨਫਰਤਾਂ ਨੂੰ, ਮਾਤਾਂ ਪਾ ਗਈਆਂ।
ਲਿਖਤ : ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ ਯੂ ਕੇ

ਰੁਝਾਨ ਖਬਰਾਂ