ਸਰੀ, (ਏਕਜੋਤ ਸਿੰਘ): ਕੈਨੇਡਾ ਲਈ ਸਿਹਤ ਖੇਤਰ ਵਿੱਚ ਇੱਕ ਵੱਡੀ ਚਿੰਤਾ ਵਾਲੀ ਗੱਲ ਸਾਹਮਣੇ ਆਈ ਹੈ। ਹੈਲਥ ਕੈਨੇਡਾ ਨੇ ਸੋਮਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਹੈ ਕਿ ਪੈਨ ਅਮਰੀਕਨ ਹੈਲਥ ਔਰਗਨਾਈਜ਼ੇਸ਼ਨ (PAHO) ਨੇ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ (PHAC) ਨੂੰ ਸੂਚਿਤ ਕੀਤਾ ਹੈ ਕਿ ਹੁਣ ਕੈਨੇਡਾ ਖਸਰਾ-ਮੁਕਤ ਦੇਸ਼ ਨਹੀਂ ਰਿਹਾ। ਇਹ ਦਰਜਾ ਹਟਾਉਣ ਦਾ ਕਾਰਨ ਦੇਸ਼ ਵਿੱਚ ਇੱਕੋ ਸਟ੍ਰੇਨ ਵਾਲੇ ਖਸਰਾ ਵਾਇਰਸ ਦਾ ਲਗਾਤਾਰ 12 ਮਹੀਨਿਆਂ ਤੋਂ ਵੱਧ ਸਮੇਂ ਤੱਕ ਫੈਲਣਾ ਹੈ।
PAHO ਦੁਆਰਾ ਕੀਤੀ ਤਾਜ਼ਾ ਮਹਾਮਾਰੀ ਅਤੇ ਲੈਬੋਰਟਰੀ ਡਾਟਾ ਦੀ ਸਮੀਖਿਆ ਵਿੱਚ ਇਹ ਸਪਸ਼ਟ ਹੋਇਆ ਕਿ ਕੈਨੇਡਾ ਵਿੱਚ ਖਸਰਾ ਪਿਛਲੇ ਸਾਲ ਦੇ ਫ਼ੌਲ ਤੋਂ ਲਗਾਤਾਰ ਫੈਲ ਰਿਹਾ ਹੈ ਅਤੇ ਕਈ ਪ੍ਰਾਂਤ ਇਸ ਦੀ ਚਪੇਟ ਵਿੱਚ ਹਨ। ਐਲਬਰਟਾ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਨਿਊ ਬ੍ਰੰਜ਼ਵਿਕ, ਨੋਵਾ ਸਕੋਸ਼ੀਆ, ਓਨਟੇਰਿਓ, ਪ੍ਰਿੰਸ ਐਡਵਰਡ ਆਇਲੈਂਡ, ਕਿਊਬੈਕ, ਸਸਕੈਚਵਨ ਅਤੇ ਨੌਰਥਵੈਸਟ ਟੈਰੀਟ੍ਰੀਜ਼ ਵਿੱਚ ਖਸਰਾ ਦੇ ਸੈਂਕੜੇ ਮਾਮਲੇ ਦਰਜ ਹੋ ਚੁੱਕੇ ਹਨ। ਹੈਲਥ ਕੈਨੇਡਾ ਨੇ ਕਿਹਾ ਹੈ ਕਿ ਹੁਣ ਭਾਵੇਂ ਵਾਇਰਸ ਦੇ ਫੈਲਣ ਦੀ ਗਤੀ ਕੁਝ ਹੱਦ ਤੱਕ ਘੱਟੀ ਹੈ, ਪਰ ਪ੍ਰਕੋਪ 12 ਮਹੀਨਿਆਂ ਤੋਂ ਵੱਧ ਸਮੇਂ ਤੱਕ ਜਾਰੀ ਰਿਹਾ ਹੈ, ਜੋ ਮਹਾਮਾਰੀ ਵਿਗਿਆਨਕ ਪਰਿਭਾਸ਼ਾ ਅਨੁਸਾਰ ”ਖਸਰਾ-ਮੁਕਤ ਦਰਜੇ” ਨੂੰ ਖਤਮ ਕਰਦਾ ਹੈ। ਖ਼ਾਸ ਤੌਰ ‘ਤੇ ਉਹਨਾਂ ਭਾਈਚਾਰਿਆਂ ਵਿੱਚ ਸਥਿਤੀ ਹੋਰ ਗੰਭੀਰ ਬਣੀ ਜਿੱਥੇ ਟੀਕਾਕਰਨ ਦੀ ਦਰ ਘੱਟ ਹੈ ਅਤੇ ਜਿੱਥੇ ਵਾਇਰਸ ਨੂੰ ਰੋਕਣ ਦੀ ਸਮਰੱਥਾ ਘੱਟ ਦਿੱਖੀ।
ਇਹ ਪਹਿਲੀ ਵਾਰ ਨਹੀਂ ਹੈ ਕਿ ਸਿਹਤ ਮਾਹਰਾਂ ਨੇ ਚਿਤਾਵਨੀ ਦਿੱਤੀ ਹੋਵੇ। ਪਿਛਲੇ ਸਾਲ ਤੋਂ ਹੀ ਕਈ ਰਿਸਰਚਰਾਂ ਨੇ ਕਿਹਾ ਸੀ ਕਿ ਜੇਕਰ ਦੇਸ਼ ਭਰ ਵਿੱਚ ਟੀਕਾਕਰਨ ਦੀ ਦਰ ਨੂੰ ਨਹੀਂ ਵਧਾਇਆ ਗਿਆ, ਤਾਂ ਇੱਕ ਵੱਡਾ ਪ੍ਰਕੋਪ ਆ ਸਕਦਾ ਹੈ। 2024 ਦੀ ਸ਼ੁਰੂਆਤ ਵਿੱਚ ਕੈਨੇਡਾ ਵਿੱਚ ਕਈ ਦਹਾਕਿਆਂ ਵਿੱਚ ਪਹਿਲੀ ਵਾਰ ਖਸਰੇ ਨਾਲ ਇੱਕ ਮੌਤ ਵੀ ਦਰਜ ਕੀਤੀ ਗਈ ਸੀ, ਜਿਸ ਨਾਲ ਚਿੰਤਾ ਹੋਰ ਗਹਿਰੀ ਹੋ ਗਈ ਸੀ।
ਬ੍ਰਿਟਿਸ਼ ਕੋਲੰਬੀਆ ਦੇ ਵਿਗਿਆਨੀਆਂ ਦੁਆਰਾ ਤਿਆਰ ਕੀਤੇ ਮਾਡਲਾਂ ਨੇ ਵੀ ਸਪੱਸ਼ਟ ਕੀਤਾ ਸੀ ਕਿ ਦੇਸ਼ ਵੱਡੇ ਖਤਰੇ ਵੱਲ ਵੱਧ ਰਿਹਾ ਹੈ। ਮਾਹਰਾਂ ਦਾ ਮੰਨਣਾ ਸੀ ਕਿ ਖਸਰਾ-ਮੁਕਤ ਦਰਜੇ ਨੂੰ ਬਰਕਰਾਰ ਰੱਖਣ ਲਈ ਟੀਕਾਕਰਨ ਮੁਹਿੰਮਾਂ ਨੂੰ ਮਜ਼ਬੂਤ ਕਰਨਾ ਅਤੇ ਗਲਤ ਜਾਣਕਾਰੀ ਦੇ ਫੈਲਾਅ ਨੂੰ ਰੋਕਣਾ ਬਹੁਤ ਜ਼ਰੂਰੀ ਹੈ।
ਹੁਣ, ਜੇਕਰ ਕੈਨੇਡਾ ਖਸਰਾ ਦੇ ਫੈਲਾਅ ਨੂੰ ਪੂਰੀ ਤਰ੍ਹਾਂ ਰੋਕ ਲੈਂਦਾ ਹੈ ਅਤੇ ਲਗਾਤਾਰ 12 ਮਹੀਨਿਆਂ ਤੱਕ ਕੋਈ ਨਵਾਂ ਮਾਮਲਾ ਦਰਜ ਨਹੀਂ ਹੁੰਦਾ, ਤਾਂ ਦੇਸ਼ ਮੁੜ ਆਪਣਾ ਖਸਰਾ-ਮੁਕਤ ਦਰਜਾ ਹਾਸਲ ਕਰ ਸਕਦਾ ਹੈ। ਪਰ ਮੌਜੂਦਾ ਸਥਿਤੀ ਨੇ ਸਿਹਤ ਏਜੰਸੀਆਂ ਨੂੰ ਟੀਕਾਕਰਨ ਮੁਹਿੰਮਾਂ ਨੂੰ ਹੋਰ ਤੀਬਰ ਕਰਨ ਅਤੇ ਭਾਈਚਾਰਿਆਂ ਵਿੱਚ ਜਾਗਰੂਕਤਾ ਵਧਾਉਣ ਲਈ ਮਜਬੂਰ ਕਰ ਦਿੱਤਾ ਹੈ।
ਕੈਨੇਡਾ ਨੇ ਗੁਆਇਆ ਖਸਰਾ-ਮੁਕਤ ਦੇਸ਼ ਦਾ ਦਰਜਾ, ਪੈਨ ਅਮਰੀਕਨ ਹੈਲਥ ਔਰਗਨਾਈਜ਼ੇਸ਼ਨ ਦੀ ਪੁਸ਼ਟੀ

