ਸਰੀ, (ਏਕਜੋਤ ਸਿੰਘ): ਰਿਜ ਮੀਡੋਜ਼ RCMP ਨੇ ਇਸ ਹਫ਼ਤੇ ਇੱਕ ਖਾਸ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ, ਜਿਸ ਵਿੱਚ ਤਿੰਨ ਨੌਜਵਾਨਾਂ ਨੂੰ ਅਲੂਏਟ ਝੀਲ ਵਿੱਚ ਗਰਮੀ ਦੇ ਮੌਸਮ ਦੌਰਾਨ ਹੋਈ ਦੁਖਦਾਈ ਡੁੱਬਣ ਦੀ ਘਟਨਾ ਦੌਰਾਨ ਦਿਖਾਈ ਗਈ ਬਹਾਦਰੀ, ਸੰਵੇਦਨਾ ਅਤੇ ਮਨੁੱਖਤਾ ਲਈ ਸਨਮਾਨਿਤ ਕੀਤਾ ਗਿਆ। ਇਹ ਘਟਨਾ 31 ਜੁਲਾਈ ਨੂੰ ਗੋਲਡਨ ਇਅਰਜ਼ ਪ੍ਰਾਂਤੀ ਪਾਰਕ ਵਿੱਚ ਹੋਈ ਸੀ, ਜਦੋਂ ਇੱਕ ਵਿਅਕਤੀ ਪੈਡਲ ਬੋਰਡ ਤੋਂ ਅਚਾਨਕ ਡਿੱਗ ਗਿਆ ਅਤੇ ਪਾਣੀ ਵਿੱਚੋਂ ਵਾਪਸ ਨਹੀਂ ਉੱਭਰਿਆ।
ਉਸ ਵੇਲੇ ਇੰਡੀਆ ਜਿਰਾਰਡ, ਕਲੋਈ ਹੀ ਅਤੇ ਸੋਫੀਆ ਜਾਸੇਮੀਆਨਾਸਲ ਨਾਮ ਦੀਆਂ ਤਿੰਨ ਨੌਜਵਾਨ ਕੁੜੀਆਂ ਵੀ ਝੀਲ ਵਿੱਚ ਹੀ ਮੌਜੂਦ ਸਨ। ਪਰਸਥਿਤੀ ਨੂੰ ਦੇਖਦਿਆਂ, ਉਹ ਬਿਲਕੁਲ ਨਹੀਂ ਘਬਰਾਈਆਂ, ਬਲਕਿ ਤੁਰੰਤ ਪੀੜਤ ਦੇ ਪਰਿਵਾਰ ਦੀ ਸਹਾਇਤਾ ਲਈ ਅੱਗੇ ਆ ਗਈਆਂ। ਉਨ੍ਹਾਂ ਦੇ ਇਸ ਕਦਮ ਨੂੰ RCMP ਨੇ ”ਬਹਾਦਰੀ ਅਤੇ ਨਿਰਸਵਾਰਥਤਾ ਦੀ ਮਿਸਾਲ” ਕਰਾਰ ਦਿੱਤਾ।
ਰਿਜ ਮੀਡੋਜ਼ RCMP ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ, ”ਇਹ ਤਿੰਨੋਂ ਨੇ ਸੰਕਟ ਦੇ ਸਮੇਂ ਗਜ਼ਬ ਦੀ ਸ਼ਾਂਤੀ, ਸਹਿਮਤ ਅਤੇ ਮਨੁੱਖੀ ਸਮਝ ਦਿਖਾਈ। ਉਨ੍ਹਾਂ ਨੇ ਨਾ ਸਿਰਫ਼ ਪਰਿਵਾਰ ਨੂੰ ਸੰਭਾਲਿਆ, ਬਲਕਿ ਉਨ੍ਹਾਂ ਨੂੰ ਆਸ ਤੇ ਦਿਲਾਸਾ ਵੀ ਦਿੱਤਾ।” ਘਟਨਾ ਤੋਂ ਬਾਅਦ ਖੋਜ ਅਤੇ ਬਚਾਵ ਟੀਮ, ਅਤੇ RCMP ਦੇ ਅੰਡਰਵਾਟਰ ਰਿਕਵਰੀ ਯੂਨਿਟ ਨੂੰ ਵੀ ਝੀਲ ਵਿੱਚ ਡੁੱਬੇ ਵਿਅਕਤੀ ਦੀ ਤਲਾਸ਼ ਲਈ ਬੁਲਾਇਆ ਗਿਆ। ਇਸ ਕਾਮ ਦੇ ਦੌਰਾਨ ਵੀ ਇਹ ਤਿੰਨ ਨੌਜਵਾਨ ਵਾਪਸ ਪਿੱਛੇ ਨਹੀਂ ਹਟੇ। ਉਹ ਡਾਈਵ ਟੀਮ ਦੀ ਮਦਦ ਕਰਦੇ ਰਹੇ, ਪਾਣੀ ਦੇ ਖੇਤਰਾਂ ਦੀ ਪਛਾਣ ਅਤੇ ਘਟਨਾ ਦੇ ਸਹੀ ਸਥਾਨ ਦੀ ਜਾਣਕਾਰੀ ਦੇਣ ਵਿੱਚ ਸਹਾਇਕ ਬਣੇ। ਰਾਤ ਹੋ ਜਾਣ ਕਾਰਨ ਤਲਾਸ਼ੀ ਕਾਰਵਾਈ ਅੱਗਲੇ ਦਿਨ ਤੱਕ ਜਾਰੀ ਰੱਖੀ ਗਈ। ਦਿਲ ਨੂੰ ਛੂਹਣ ਵਾਲੀ ਗੱਲ ਇਹ ਸੀ ਕਿ ਇਹ ਤਿੰਨੋਂ ਨੌਜਵਾਨ ਅਗਲੇ ਦਿਨ ਵੀ ਮੁੜ ਆਏ ਅਤੇ ਫਿਰ ਖੋਜ ਟੀਮ ਦਾ ਸਾਥ ਦਿੱਤਾ। ਹਾਲਾਂਕਿ, ਦੁਖ ਦੀ ਗੱਲ ਇਹ ਸੀ ਕਿ ਪਾਣੀ ਵਿੱਚੋਂ ਮਿਲੇ ਸ਼ਖ਼ਸ ਨੂੰ ਮ੍ਰਿਤ ਘੋਸ਼ਿਤ ਕਰਨਾ ਪਿਆ। RCMP ਦੇ ਇੰਸਪੈਕਟਰ ਮਾਰਟਿਨ ਗੁਏ ਨੇ ਕਿਹਾ ਕਿ ”ਇਹ ਤਿੰਨ ਨੌਜਵਾਨਾਂ ਨੇ ਆਪਣੀਆਂ ਜ਼ਰੂਰਤਾਂ ਤੋਂ ਪਹਿਲਾਂ ਦੂਜਿਆਂ ਦੀ ਜਿੰਦਗੀ ਅਤੇ ਮਨੁਖਤਾ ਨੂੰ ਤਰਜੀਹ ਦਿੱਤੀ। ਅਜਿਹੇ ਲੋਕ ਹੀ ਸਮਾਜ ਦੀ ਤਾਕਤ ਹੁੰਦੇ ਹਨ।” ਇਸ ਸਨਮਾਨ ਸਮਾਰੋਹ ਦੌਰਾਨ ਉਨ੍ਹਾਂ ਨੂੰ Certificate of Appreciation ਅਤੇ ਸਮੁਦਾਇ ਸੇਵਾ ਮੈਡਲ ਭੇਂਟ ਕੀਤੇ ਗਏ। ਇਹ ਮੈਡਲ ਉਹਨਾਂ ਲੋਕਾਂ ਨੂੰ ਦਿੱਤੇ ਜਾਂਦੇ ਹਨ ਜੋ ਸੰਕਟ ਜਾਂ ਘਟਨਾ ਦੌਰਾਨ ਅਸਧਾਰਣ ਦਿਲੇਰੀ, ਸਹਿਮ-ਸਮਝ ਅਤੇ ਮਨੁੱਖੀ ਮੁੱਲਾਂ ਦਾ ਪ੍ਰਦਰਸ਼ਨ ਕਰਨ। ਇਹ ਘਟਨਾ ਇਹ ਵੀ ਯਾਦ ਦਿਲਾਉਂਦੀ ਹੈ ਕਿ ਕਦੇ-ਕਦੇ ਹੀਰੋ ਬਣਨ ਲਈ ਕਿਸੇ ਵੱਡੇ ਦਰਜੇ ਜਾਂ ਪਦਵੀ ਦੀ ਲੋੜ ਨਹੀਂ ਹੁੰਦੀ। ਕਈ ਵਾਰ ਕੇਵਲ ਸਮੇਂ ਤੇ ਸਹੀ ਫੈਸਲਾ, ਹਿੰਮਤ ਅਤੇ ਦੂਜਿਆਂ ਲਈ ਦਿਲ ਵਿਚ ਸੇਵਾ ਦੀ ਭਾਵਨਾ ਹੀ ਮਨੁੱਖ ਨੂੰ ਸੱਚਾ ਹੀਰੋ ਬਣਾਉਂਦੀ ਹੈ। This report was written by Ekjot Singh as part of the Local Journalism Initiative.
ਝੀਲ ‘ਚ ਡੁੱਬਣ ਦੀ ਘਟਨਾ ਦੌਰਾਨ ਸਰੀ ਦੇ ਤਿੰਨ ਨੌਜਵਾਨਾਂ ਵਲੋਂ ਵਿਖਾਈ ਬਹਾਦਰੀ ਲਈ ਆਰ.ਸੀ.ਐਮ.ਪੀ. ਨੇ ਕੀਤਾ ਸਨਮਾਨ

