8.9 C
Vancouver
Wednesday, May 20, 2026

ਜ਼ਿਲ੍ਹਾ ਗੁਰਦਾਸਪੁਰ ਦੀ ਧੀ ਗਜ਼ਲਦੀਪ ਕੌਰ ਕੈਨੇਡਾ ਪੁਲਿਸ ਵਿੱਚ ਭਰਤੀ ਹੋਈ

ਸਰੀ : ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕੇ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਪਿੰਡ ਚੀਮਾ ਖੁੱਡੀ (ਪੰਜਾਬ) ਦੀ ਧੀ ਗਜ਼ਲਦੀਪ ਕੌਰ ਚੀਮਾ ਨੇ ਕੈਨੇਡਾ ਦੀ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਪਰਿਵਾਰ, ਪਿੰਡ ਅਤੇ ਸਾਰੇ ਪੰਜਾਬ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਗਜ਼ਲਦੀਪ ਕੌਰ, ਪਿੰਡ ਚੀਮਾ ਖੁੱਡੀ ਦੇ ਵਸਨੀਕ ਰਜਿੰਦਰਜੀਤ ਸਿੰਘ ਪਿੰਟੂ ਅਤੇ ਸਾਬਕਾ ਡੀ.ਐੱਸ.ਪੀ. ਮਨਜੀਤ ਸਿੰਘ ਚੀਮਾ ਦੀ ਪੋਤਰੀ ਹੈ। ਉਹ ਇਸ ਵੇਲੇ ਕੈਨੇਡਾ ਵਿੱਚ ਰਹਿ ਰਹੀ ਹੈ ਅਤੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਉਸਨੇ ਉਹ ਮੰਜਲਿ ਹਾਸਲ ਕੀਤੀ ਜਿਸਦਾ ਸੁਪਨਾ ਉਸਨੇ ਬਚਪਨ ਤੋਂ ਦੇਖਿਆ ਸੀ।
ਬੀਤੇ ਦਿਨਾਂ ਗਜ਼ਲਦੀਪ ਕੌਰ ਚੀਮਾ ਨੂੰ ਕੈਨੇਡਾ ਦੀ ਪੁਲਿਸ ਵਿੱਚ ਭਰਤੀ ਕੀਤਾ ਗਿਆ, ਜਿਸ ਦੀ ਖ਼ਬਰ ਮਿਲਦਿਆਂ ਹੀ ਪਿੰਡ ਚੀਮਾ ਖੁੱਡੀ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪਿੰਡ ਦੇ ਹਰ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ, ਢੋਲ ਵੱਜਣ ਲੱਗੇ, ਭੰਗੜੇ ਪਾਏ ਗਏ ਤੇ ਲੋਕਾਂ ਨੇ ਮਿੱਠਾ ਵੰਡ ਕੇ ਇਸ ਖੁਸ਼ੀ ਨੂੰ ਸਾਂਝਾ ਕੀਤਾ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕੀਤੀ ਗਈ ਤੇ ਰਬ ਦਾ ਧੰਨਵਾਦ ਕੀਤਾ ਗਿਆ ਕਿ ਪਿੰਡ ਦੀ ਇਕ ਧੀ ਨੇ ਸਾਰੇ ਇਲਾਕੇ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ।
ਇਸ ਮੌਕੇ ਰਜਿੰਦਰਜੀਤ ਸਿੰਘ ਪਿੰਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਧੀ ਗਜ਼ਲਦੀਪ ਕੌਰ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਹ ਕੈਨੇਡਾ ਵਰਗੇ ਅਗਾਂਹ ਵਧੂ ਦੇਸ਼ ਦੀ ਪੁਲਿਸ ਵਿੱਚ ਸੇਵਾ ਕਰੇ। ਉਹ ਕਹਿੰਦੇ ਹਨ ਕਿ ਗਜ਼ਲਦੀਪ ਨੇ ਹਮੇਸ਼ਾ ਮਿਹਨਤ ਤੇ ਅਨੁਸ਼ਾਸਨ ਨੂੰ ਆਪਣਾ ਮੰਤ੍ਰ ਬਣਾਇਆ ਅਤੇ ਕਦੇ ਹਿੰਮਤ ਨਹੀਂ ਹਾਰੀ। ”ਅੱਜ ਜਦੋਂ ਮੇਰੀ ਧੀ ਕੈਨੇਡਾ ਪੁਲਿਸ ਦਾ ਹਿੱਸਾ ਬਣੀ ਹੈ, ਮੇਰੇ ਲਈ ਇਸ ਤੋਂ ਵੱਡਾ ਮਾਣ ਹੋਰ ਕੋਈ ਨਹੀਂ ਹੋ ਸਕਦਾ,” ਉਨ੍ਹਾਂ ਨੇ ਖੁਸ਼ੀ ਜਤਾਈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਬਲਾਕ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਆਗੂਆਂ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ ਤੇ ਪਿੰਡ ਵਿੱਚ ਇਕ ਛੋਟਾ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਸੈਂਕੜਿਆਂ ਲੋਕਾਂ ਨੇ ਸ਼ਿਰਕਤ ਕੀਤੀ। ਪਿੰਟੂ ਪਰਿਵਾਰ ਦੇ ਘਰ ਲੋਕਾਂ ਦਾ ਤਾਂਤਾ ਲੱਗਾ ਰਿਹਾ ਤੇ ਸਾਰਾ ਦਿਨ ਲੰਗਰ ਚਲਦਾ ਰਿਹਾ। ਪਿੰਡ ਦੇ ਬਜ਼ੁਰਗਾਂ ਨੇ ਕਿਹਾ ਕਿ ਇਹ ਸਿਰਫ ਇਕ ਪਰਿਵਾਰ ਦੀ ਨਹੀਂ, ਸਾਰੇ ਗੁਰਦਾਸਪੁਰ ਜ਼ਿਲ੍ਹੇ ਦੀ ਸਾਂਝੀ ਖੁਸ਼ੀ ਹੈ।
ਗਜ਼ਲਦੀਪ ਕੌਰ ਨੇ ਆਪਣੇ ਸਫ਼ਰ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਉਹ ਕਦੇ ਹਾਰ ਨਹੀਂ ਮੰਨੀ। ਉਸਨੇ ਸਿੱਖਿਆ ਦੌਰਾਨ ਸਮਾਜ ਸੇਵਾ ਵਿੱਚ ਭਾਗ ਲਿਆ ਤੇ ਸੁਰੱਖਿਆ ਸੇਵਾਵਾਂ ਵਿੱਚ ਆਪਣੀ ਰੁਚੀ ਜਤਾਈ। ਅੱਜ ਉਹ ਕੈਨੇਡਾ ਦੀ ਪੁਲਿਸ ਦਾ ਹਿੱਸਾ ਬਣ ਕੇ ਹੋਰ ਨੌਜਵਾਨ ਕੁੜੀਆਂ ਲਈ ਪ੍ਰੇਰਣਾ ਦਾ ਸਰੋਤ ਬਣ ਗਈ ਹੈ।
ਗਜ਼ਲਦੀਪ ਕੌਰ ਦੀ ਇਸ ਪ੍ਰਾਪਤੀ ਨੇ ਸਿਰਫ ਉਸਦੇ ਪਰਿਵਾਰ ਨੂੰ ਹੀ ਨਹੀਂ ਸਗੋਂ ਸਾਰੇ ਪੰਜਾਬੀਆਂ ਨੂੰ ਮਾਣ ਦਾ ਅਹਿਸਾਸ ਕਰਵਾਇਆ ਹੈ। ਪਿੰਡ ਚੀਮਾ ਖੁੱਡੀ ਦਾ ਹਰ ਵਸਨੀਕ ਅੱਜ ਖੁਸ਼ੀ ਨਾਲ ਝੂਮ ਰਿਹਾ ਹੈ ਤੇ ਗਜ਼ਲਦੀਪ ਕੌਰ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦੇ ਰਿਹਾ ਹੈ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਏ ਤੇ ਪੰਜਾਬ ਦਾ ਨਾਂ ਹੋਰ ਵੀ ਚਮਕਾਏ।

ਰੁਝਾਨ ਖਬਰਾਂ