ਸਰੀ (ਸੁਰਿੰਦਰ ਸਿੰਘ ਜੱਬਲ) ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ 20 ਅਕਤੂਬਰ ਸੋਮਵਾਰ ਵਾਲੇ ਦਿਨ ਬੰਦੀਛੋੜ ਦਿਵਸ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਸੰਗਤਾਂ ਨੇ ਬੜੀ ਧੂੰਮਧਾਮ ਨਾਲ ਮਨਾਇਆ।ਸਵੇਰ ਤੋਂ ਲੈ ਕੇ ਸ਼ਾਮ ਦੇ ਨੌਂ ਵਜੇ ਤੀਕ ਸਾਰਾ ਦਿਨ ਪਹਿਲਾਂ ਤੋਂ ਉਲੀਕੇ ਹੋਏ ਪ੍ਰੋਗਰਾਮ ਅਨੁਸਾਰ ਕਥਾ ਕੀਰਤਨ ਦਾ ਪ੍ਰਵਾਹ ਚੱਲਿਆ। ਸੋਮਵਾਰ ਦਾ ਦਿਨ ਇਕ ਕੰਮਕਾਰ ਦਾ ਦਿਨ ਭਾਵ ਛੁੱਟੀ ਨਾ ਹੋਣ ਅਤੇ ਥੋੜੀ ਥੋੜੀ ਜਿਹੀ ਕਿਣਮਿਣ ਤੇ ਬੱਦਲਵਾਈ ਦੇ ਬਾਵਜੂਦ ਵੀ ਸੰਗਤਾਂ ਦਰਬਾਰ ਹਾਲ ਵਿਚ ਸਾਰਾ ਦਿਨ ਲਗਾਤਾਰ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਨਤਮਸਤਕ ਹੋਈਆਂ।ਸ਼ਾਮ ਦੇ ਪੰਜ ਵਜੇ ਤੋਂ ਲੈ ਕੇ ਨੌਂ ਵਜੇ ਤੀਕ ਕੰਮਾਂਕਾਰਾਂ ਤੋਂ ਵਿਹਲੇ ਹੋਣ ਬਾਅਦ ਕਈ ਕਈ ਲਾਈਨਾਂ ਵਿਚ ਖੜ੍ਹੋ ਕੇ ਪ੍ਰਕਾਸ਼ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨਮੁੱਖ ਆਪੋਆਪਣੀ ਮਨੋਕਾਮਨਾਵਾਂ ਦੀ ਪੂਰਤੀ ਲਈ ਸ਼ਰਧਾ ਤੇ ਸਤਿਕਾਰ ਨਾਲ ਮੱਥਾ ਟੇਕਿਆ। ਬਾਹਰਵਾਰ ਪੁਸਤਕ ਪ੍ਰਦਸ਼ਨੀ ਨੇ ਪਾਠਕਾਂ ਨੂੰ ਉਤਸ਼ਾਹਤ ਕੀਤਾ ਅਤੇ ਨਿਸ਼ਾਨ ਸਾਹਿਬ ਦੇ ਆਲੇ ਦੁਆਲੇ ਦੀਵੇ ਬਾਲ ਕੇ ਸ਼ਰਧਾਲੂਆਂ ਨੇ ਸਦੀਆਂ ਤੋਂ ਚੱਲੀ ਆ ਰਹੀ ਪ੍ਰਥਾ ਦੀਵਾਲੀ ਦੀ ਹਨੇਰੀ ਰਾਤ ਨੂੰ ਕੁਝ ਪਲਾਂ ਲਈ ਸੰਗਤਾਂ ਵਲੋਂ ਜਗ ਮਗ ਕੀਤਾ ਤੇ ਬੰਦੀਛੋੜ ਦਿਵਸ ਸਨਿਮਰ ਦੀਪਮਾਲਾ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਦੀਵਾਲੀ ਕੀ ਰਾਤ ਦੀਵੇ ਬਾਲੇ ਜਾਂਦੇ ਹਨ ਪਰ ਕੁਝ ਚਿਰ ਬਾਅਦ ਬੁਝ ਜਾਂਦੇ ਹਨ ਦੀ ਉਦਾਹਰਣ ਦਰਸਾ ਕੇ ‘ਗੁਰਮੁਖ ਸੁਖਫਲ ਦਾਤ ਸ਼ਬਦ ਸਮ੍ਹਾਲੀਅਨ’ ਨੂੰ ਗੁਰਦੁਆਰਾ ਸਟੇਜ ਤੋਂ ਗਿਆਨੀ ਜੀ ਅਤੇ ਕੀਰਤਨੀ ਜੱਥਿਆਂ ਰਾਹੀਂ ਪ੍ਰੇਰਨਾ ਸਰੋਤ ਕੀਤਾ। ਇਸੇ ਤਰ੍ਹਾਂ ਹੋਰ ਜਾਣਕਾਰੀ ਲਈ ਸੰਗਤ ਨੂੰ ਸੂਚਿਤ ਕੀਤਾ ਗਿਆ ਕਿ 25 ਅਕਤੂਬਰ ਦਿਨ ਸਨਿਚਰਵਾਰ ਨੂੰ ‘ਫਾਰਮੇਸੀ 24’ ਵਲੋਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਫਲੂਅ ਸ਼ੋਟਸ ਦੀ ਸੇਵਾ ਨਿਭਾਈ ਜਾ ਰਹੀ ਹੈ।ਫਾਰਮੇਸੀ ਵਲੋਂ ਫਲੂਅ ਦੇ ਟੀਕੇ ਸਵੇਰੇ 9:00 ਵਜੇ ਤੋਂ ਬਾਅਦ ਦੁਪਹਿਰ 1.00 ਵਜੇ ਤੀਕ ਲੰਗਰ ਹਾਲ ਵਿਚ ਲਾਏ ਜਾਣਗੇ।ਪ੍ਰਬੰਧਕਾਂ ਵਲੋਂ ਬੇਨਤੀ ਕੀਤੀ ਗਈ ਕਿ ਆਪੋ ਆਪਣੇ ਕੇਅਰ ਕਾਰਡ ਅਪਣੇ ਨਾਲ ਲੈ ਕੇ ਆਉਣਾ ਜੀ।

