8.3 C
Vancouver
Saturday, April 4, 2026

ਖ਼ੁਦਕੁਸ਼ੀ ਨਹੀਂ ਹੈ ਹੱਲ

ਲਿਖਤ : ਹਰਪ੍ਰੀਤ ਕੌਰ ਘੁੰਨਸ

ਜ਼ਿੰਦਗੀ ਸੈਂਕੜੇ ਸਹੂਲਤਾਂ ਦੇ ਬਾਵਜੂਦ ਦਿਨ-ਬ-ਦਿਨ ਹੋਰ ਸੰਘਰਸ਼ਮਈ ਅਤੇ ਗੁੰਝਲਦਾਰ ਹੁੰਦੀ ਜਾ ਰਹੀ ਹੈ। ਬੇਸ਼ੱਕ ਆਰਥਿਕਤਾ ਹਮੇਸ਼ਾ ਹੀ ਖ਼ੁਦਕੁਸ਼ੀਆਂ ਦਾ ਕਾਰਨ ਰਹੀ ਹੈ ਪਰ ਅੱਜ ਦੇ ਦੌਰ ‘ਚ ਮਾਨਸਿਕ ਦਬਾਅ ਨਾਲ ਜਿੰਨੀਆਂ ਮੌਤਾਂ ਹੁੰਦੀਆਂ ਹਨ,ਓਨੀਆਂ ਆਰਥਿਕਤਾ ਕਾਰਨ ਨਹੀਂ ਹੁੰਦੀਆਂ। ਅੱਜਕੱਲ੍ਹ ਲੋਕ ਸਾਹਮਣੇ ਵਾਲੇ ਤੋਂ ਮਾਨਸਿਕ ਦਬਾਅ ਦਾ ਸ਼ਿਕਾਰ ਹੁੰਦੇ ਹਨ ਬੇਸ਼ੱਕ ਉਹ ਦੋਸਤ ਹੋਣ, ਪਰਿਵਾਰਕ ਮੈਂਬਰ ਜਾਂ ਕੋਈ ਹੋਰ। ਜਦੋਂ ਕਿਸੇ ਨੂੰ ਆਪਣੀ ਗੱਲ ਮਨਵਾਉਣ ਲਈ ਵਾਰ -ਵਾਰ ਤੰਗ ਕੀਤਾ ਜਾਂਦਾ ਹੈ, ਭਾਵਨਾਤਮਕ ਤੌਰ ‘ਤੇ ਡਰਾਇਆ ਧਮਕਾਇਆ ਜਾਂਦਾ ਹੈ ਤੇ ਉਸ ਨੂੰ ਖ਼ੁਦ ਲਈ ਹਰ ਰਸਤਾ ਬੰਦ ਜਾਪਦਾ ਹੈ ਤਾਂ ਉਹ ਇਸ ਜੋਰ ਜਬਰਦਸਤੀ ਦੇ ਚੱਕਰਵਿਊ ‘ਚੋਂ ਬਾਹਰ ਨਿਕਲਣ ਲਈ ਮੌਤ ਨੂੰ ਗਲੇ ਲਾ ਲੈਂਦਾ ਹੈ। ਭਾਵੇਂ ਸਾਹਮਣੇ ਵਾਲਿਆਂ ਨੇ ਇਹ ਕਦੇ ਚਾਹਿਆ ਨਹੀਂ ਹੁੰਦਾ ਪਰ ਇਹ ਉਨ੍ਹਾਂ ਲੋਕਾਂ ਵੱਲੋਂ ਅਸਿੱਧੇ ਤੌਰ ‘ਤੇ ਕੀਤਾ ਗਿਆ ਕਤਲ ਹੁੰਦਾ ਹੈ, ਜਿਸ ਕਾਰਨ ਫਿਰ ਉਹੀ ਲੋਕ ਸਾਰੀ ਉਮਰ ਉਸ ਵਿਅਕਤੀ ਦੀ ਮੌਤ ਦਾ ਕਾਰਨ ਖ਼ੁਦ ਨੂੰ ਮੰਨਦੇ ਹੋਏ ਇਕ ਬੋਝ ਹੇਠ ਜਿਉਣ ਲਈ ਮਜਬੂਰ ਹੋ ਜਾਂਦੇ ਹਨ। ਕੁਦਰਤ ਦੀ ਬਖ਼ਸ਼ੀ ਅਨਮੋਲ ਜ਼ਿੰਦਗੀ ‘ਚ ਸਾਲਾਂ ਤਕ ਦੀ ਯੋਜਨਾ ਬਣਾ ਕੇ ਚੱਲਣ ਵਾਲਾ ਮਨੁੱਖ ਕਿਹੜੇ ਪਲ ਅਲਵਿਦਾ ਕਹਿ ਜਾਵੇ, ਇਹ ਤਾਂ ਕੁਦਰਤ ਹੀ ਜਾਣਦੀ ਹੈ ਪਰ ਹਾਸੇ, ਖ਼ੁਸ਼ੀਆਂ ਤੇ ਮਿਲ-ਜੁਲ ਕੇ ਜਿਉਈ ਜਾ ਸਕਣ ਵਾਲੀ ਜ਼ਿੰਦਗੀ ਨੂੰ ਕਦੇ ਵੀ ਅਜਿਹੀ ਸਥਿਤੀ ‘ਚ ਘਿਰਨ ਨਹੀਂ ਦੇਣਾ ਚਾਹੀਦਾ ਕਿ ਜੀਵਨ ਤੋਂ ਪਿਆਰੀ ਮੌਤ ਲੱਗਣ ਲੱਗੇ। ਜ਼ਿੰਦਗੀ ਦੀ ਬਾਜ਼ੀ ਅੱਗੇ ਹਾਰ ਮੰਨ ਕੇ ਹੱਥ ਖੜ੍ਹੇ ਕਰਨ ਵਾਲੇ ਵਿਅਕਤੀ ਲੋਕਾਂ ਨੂੰ ਉਂਝ ਤਾਂ ਪ੍ਰੇਰਿਤ ਨਹੀਂ ਕਰਦੇ ਪਰ ਆਪਣੇ ਵਰਗਿਆਂ ਨੂੰ ਅਜਿਹੀ ਬੁਜ਼ਦਿਲੀ ਨੂੰ ਅੰਜਾਮ ਦੇਣ ਲਈ ਜ਼ਰੂਰ ਪ੍ਰੇਰਿਤ ਕਰਦੇ ਹਨ। ਹਾਲਾਤ ਕਿੰਨੇ ਵੀ ਮਾੜੇ ਕਿਉਂ ਨਾ ਹੋਣ, ਖ਼ੁਦਕੁਸ਼ੀ ਹੱਲ ਨਹੀਂ ਹੈ। ਆਪਣੇ ਬੱਚਿਆਂ ਨੂੰ ਲੜਨਾ ਸਿਖਾਓ, ਡਰਨਾ ਨਹੀਂ। ਜੀਵਨ ‘ਚ ਤਰ੍ਹਾਂ-ਤਰ੍ਹਾਂ ਦੇ ਮੋੜ ਆਉਂਦੇ ਹਨ। ਅਕਸਰ ਮੋਹ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਹੀ ਅਸਲ ‘ਚ ਬੰਦੇ ਦੀ ਆਜ਼ਾਦੀ ਖੋਹ ਲੈਂਦੀਆਂ ਹਨ, ਜਿਸ ਵਿਚ ਫਸ ਕੇ ਉਹ ਪਤਾ ਨਹੀਂ ਕਿੰਨੀਆਂ ਕੁ ਚੀਜ਼ਾਂ ਦੀ ਕੁਰਬਾਨੀ ਦਿੰਦਾ ਹੈ। ਇਹੀ ਨਾਤੇ, ਇਹੀ ਚੀਜ਼ਾਂ ਫਿਰ ਉਸ ਦੇ ਮਾਨਸਿਕ ਦਬਾਅ ਦਾ ਕਾਰਨ ਬਣਦੀਆਂ ਹਨ। ਜ਼ਿੰਦਗੀ ਇਕ ਨਹੀਂ ਸਗੋਂ ਅਨੇਕਾਂ ਮੌਕੇ ਦਿੰਦੀ ਹੈ ਕਿ ਵਿਅਕਤੀ ਖ਼ੁਦ ਨੂੰ ਸਾਬਿਤ ਕਰ ਸਕੇ ਪਰ ਇਹ ਸਾਹਮਣੇ ਵਾਲੇ ‘ਤੇ ਹੈ ਕਿ ਉਹ ਕਿਹੜਾ ਰਸਤਾ ਚੁਣਦਾ ਹੈ। ਇਕ ਇਨਸਾਨ ਦੇ ਮਰਨ ਨਾਲ ਕਿੰਨੇ ਹੀ ਚਾਅ ਤੇ ਰਿਸ਼ਤੇ ਨਾਲ ਹੀ ਖ਼ਤਮ ਹੋ ਜਾਂਦੇ ਹਨ। ਮਾਨਸਿਕ ਦਬਾਅ ਹੇਠ ਚੱਲ ਰਹੇ ਵਿਅਕਤੀ ਨੂੰ ਦਿੱਤੀ ਸਹੀ ਗਾਈਡੈਂਸ ਉਸ ਨੂੰ ਮਰਨ ਤੋਂ ਬਚਾ ਸਕਦੀ ਹੈ, ਉਸੇ ਤਰ੍ਹਾਂ ਹੀ ਗੁੱਸੇ ‘ਚ ਭੜਕ ਕੇ ਬੋਲੇ ਕੁਝ ਸ਼ਬਦ ਕਿਸੇ ਦੀ ਮੌਤ ਦਾ ਕਾਰਨ ਬਣ ਸਕਦੇ ਹਨ। ਸਾਨੂੰ ਇਸ ਜੀਵਨ ਦੇ ਰਸਤੇ ਨੂੰ ਮਿਲ-ਜੁਲ ਕੇ ਪੂਰਾ ਕਰਨਾ ਚਾਹੀਦਾ ਹੈ ਕਿਉਂਕਿ ਇੱਥੇ ਸਦਾ ਕਿਸੇ ਨੇ ਨਹੀਂ ਰਹਿਣਾ ਪਰ ਖ਼ੁਦਕੁਸ਼ੀ ਦਾ ਕਾਰਨ ਬਣ ਕੇ ਵਿਅਕਤੀ ਨੂੰ ਉੱਥੇ ਖ਼ੁਦ ਨਹੀਂ ਭੇਜਣਾ ਚਾਹੀਦਾ, ਜਿੱਥੇ ਲਿਜਾਣ ਲਈ ਮੌਤ ਕਿਸੇ ਹੋਰ ਰੂਪ ‘ਚ ਜਾਵੇਗੀ।

ਰੁਝਾਨ ਖਬਰਾਂ