ਜੂਨ ਮਹੀਨੇ ਹੋਈ ਸੀ 147 ਲੋਕਾਂ ਦੀ ਮੌਤ, ਇਸ ਸਾਲ 1218 ਲੋਕਾਂ ਦੀ ਮੌਤ ਹੋਣ ਦਾ ਅੰਦਾਜ਼ਾ
ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਹੈਲਥ ਖੇਤਰઠ(Northern Health Region) ਵਿੱਚ ਪ੍ਰਤੀ 100,000 ਲੋਕਾਂ ਵਿੱਚ ਸਭ ਤੋਂ ਉੱਚੀ ਓਵਰਡੋਜ਼ ਮੌਤ ਦਰ ਦਰਜ ਕੀਤੀ ਗਈ ਹੈ। ਹਾਲਾਂਕਿ, ਬੀ.ਸੀ. ਸਰਕਾਰ ਦੇ ਅੰਕੜੇ ਦਰਸਾਉਂਦੇ ਹਨ ਕਿ ਇਸ ਸਾਲ ਸਮੁੱਚੇ ਸੂਬੇ ਵਿੱਚ ਨਸ਼ੇ ਨਾਲ ਜੁੜੀਆਂ ਮੌਤਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਘੱਟ ਰਹੇਗੀ।
9 ਅਕਤੂਬਰ ਨੂੰ ਜਾਰੀ ਕੀਤੀ ਗਈ ਬੀ.ਸੀ. ਕੋਰੋਨਰਜ਼ ਸਰਵਿਸઠ(BC Coroners Service) ਦੀ ਰਿਪੋਰਟ ਮੁਤਾਬਕ, ਉੱਤਰੀ ਹੈਲਥ ਖੇਤਰ ਵਿੱਚ ਕੁੱਲ ਮੌਤਾਂ ਦੀ ਗਿਣਤੀ ਘੱਟ ਹੈ ਪਰ ਮੌਤ ਦਰ 45.6 ਪ੍ਰਤੀ 100,000 ਲੋਕ ਹੈ ઠਜੋ ਸੂਬੇ ਦੀ ਸਭ ਤੋਂ ਉੱਚੀ ਹੈ। ਇਸ ਦੇ ਮੁਕਾਬਲੇ, ਵੈਂਕੂਵਰ ਕੋਸਟਲ ਹੈਲਥ ਖੇਤਰ ਵਿੱਚ ਇਹ ਦਰ 35.3 ਪ੍ਰਤੀ 100,000 ਦਰਜ ਕੀਤੀ ਗਈ ਹੈ।
ਰਿਪੋਰਟ ਮੁਤਾਬਕ, 2025 ਵਿੱਚ ਸੂਬੇ ਭਰ ਵਿੱਚ 1218 ਮੌਤਾਂ ਹੋਣ ਦਾ ਅੰਦਾਜ਼ਾ ਹੈ, ਜੋ ਕਿ 2024 ਦੀਆਂ 2312 ਮੌਤਾਂ ਨਾਲੋਂ ਲਗਭਗ ਅੱਧੀਆਂ ਹਨ। ਉੱਤਰੀ ਹੈਲਥ ਖੇਤਰ ਵਿੱਚ ਇਹ ਗਿਣਤੀ 2024 ਦੀਆਂ 211 ਮੌਤਾਂ ਤੋਂ ਘਟ ਕੇ 91 ਰਹਿਣ ਦੀ ਉਮੀਦ ਹੈ।
19 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਵਿੱਚ ਮੌਤਾਂ ਕੁਝ ਵਾਧਾ ਹੋਇਆ ਹੈ। ਜਨਵਰੀ ਤੋਂ ਅਗਸਤ 2025 ਤੱਕ 21 ਮੌਤਾਂ, ਜਦਕਿ 2024 ਦੇ ਇਸੇ ਸਮੇਂ ਦਰਮਿਆਨ 15 ਮੌਤਾਂ ਦਰਜ ਕੀਤੀਆਂ ਗਈਆਂ ਸਨ। ਹਾਲਾਂਕਿ, ਇਹ ਅੰਕੜੇ ਪਿਛਲੇ ਪੰਜ ਸਾਲਾਂ ਦੇ ਔਸਤ ਦੇ ਬਰਾਬਰ ਹੀ ਹਨ।
ਟੌਕਸੀਕੋਲੋਜੀ ਰਿਪੋਰਟਾਂ ਮੁਤਾਬਕ, ਫੈਂਟੇਨਾਈਲઠ(Fentanyl) ਅਤੇ ਕਾਰਫੈਂਟੇਨਾਈਲઠ(Carfentanil) ਹਜੇ ਵੀ ਉੱਤਰੀ ਬੀ.ਸੀ. ਦੇ ਨਸ਼ੇ ਦੇ ਨਮੂਨਿਆਂ ਵਿੱਚ ਪਾਏ ਜਾ ਰਹੇ ਹਨ ਅਤੇ ਇਹਨਾਂ ਨੂੰ ਮੌਤਾਂ ਦੇ ਮੁੱਖ ਕਾਰਨ ਵਜੋਂ ਦਰਸਾਇਆ ਗਿਆ ਹੈ। ਹੋਰ ਪਦਾਰਥਾਂ ਵਿੱਚ ਕੋਕੇਨ ਅਤੇ ਮੇਥਐਂਫੇਟਾਮਾਈਨਜ਼ ਵੀ ਆਮ ਹਨ। ਸਭ ਤੋਂ ਆਮ ਵਰਤੋਂ ਦਾ ਤਰੀਕਾ ਸਮੋਕਿੰਗ (ਧੂੰਆਂ ਰਾਹੀਂ ਸੇਵਨ) ਹੈ।
ਅੰਕੜਿਆਂ ਅਨੁਸਾਰ, 48 ਪ੍ਰਤੀਸ਼ਤ ਮੌਤਾਂ ਘਰਾਂ ਦੇ ਅੰਦਰ ਹੋਈਆਂ ਹਨ ਜਦਕਿ 21 ਪ੍ਰਤੀਸ਼ਤ ਮੌਤਾਂ ਬਾਹਰਲੀ ਥਾਵਾਂ ‘ਤੇ ਦਰਜ ਕੀਤੀਆਂ ਗਈਆਂ ਹਨ। ਬੀ.ਸੀ. ਕੋਰੋਨਰਜ਼ ਸਰਵਿਸ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਅੰਕੜੇ 2025 ਲਈ ਅਨੁਮਾਨਿਤ ਹਨ ਅਤੇ ਸਾਲ ਦੇ ਅੰਤ ਤੱਕ ਇਹਨਾਂ ਵਿੱਚ ਬਦਲਾਅ ਆ ਸਕਦਾ ਹੈ।ઠThis report was written by Ekjot Singh as part of the Local Journalism Initiative.
ਉੱਤਰੀ ਬੀ.ਸੀ. ਬਣਿਆ ਨਸ਼ੇ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦਾ ਕੇਂਦਰ

