ਕੈਲਗਰੀ, (ਏਕਜੋਤ ਸਿੰਘ): ਅਲਬਰਟਾ ਦੇ ਅਧਿਆਪਕਾਂ ਨੇ ਹੜਤਾਲ ਤੋਂ ਇੱਕ ਦਿਨ ਪਹਿਲਾਂ ਸੂਬੇ ਦੀ ਵਿਧਾਨ ਸਭਾ ਦੇ ਬਾਹਰ ਹਜ਼ਾਰਾਂ ਲੋਕਾਂ ਨਾਲ ਇਕੱਠੇ ਹੋ ਕੇ ਆਪਣੀਆਂ ਮੰਗਾਂ ਸਪੱਸ਼ਟ ਕੀਤੀਆਂ। ਇਸ ਭੀੜ ਵਿੱਚ ਅਧਿਆਪਕਾਂ ਦੇ ਸਮਰਥਕ ਵੀ ਸ਼ਾਮਲ ਸਨ। ਅਲਬਰਟਾ ਟੀਚਰਜ਼ ਐਸੋਸੀਏਸ਼ਨઠ(ATA) ਦੇ ਪ੍ਰਧਾਨ ਜੇਸਨ ਸਿਿਲੰਗ ਨੇ ਕਿਹਾ, ”ਅਸੀਂ ਆਪਣੀ ਆਵਾਜ਼ ਉੱਚੀ ਕਰਾਂਗੇ ਤਾਂ ਕਿ ਕੋਈ ਵੀ ਗਲਤਫਹਮੀ ਨਾ ਰਹੇ ਕਿ ਅਧਿਆਪਕਾਂ ਨੂੰ ਕੀ ਚਾਹੀਦਾ ਹੈ।”
ਸਿਲਿੰਗ ਨੇ ਸਪੱਸ਼ਟ ਕੀਤਾ ਕਿ ਹਰ ਸਕੂਲ ਨੂੰ ਪੂਰਾ ਫੰਡ ਮਿਲਣਾ ਚਾਹੀਦਾ ਹੈ, ਹਰ ਅਧਿਆਪਕ ਨੂੰ ਆਪਣੇ ਕੰਮ ਲਈ ਲੋੜੀਂਦੇ ਸਰੋਤ ਦਿੱਤੇ ਜਾਣੇ ਚਾਹੀਦੇ ਹਨ ਅਤੇઠ2SLGBTQ ਵਿਦਿਆਰਥੀਆਂ ਨੂੰ ਸਕੂਲ ਵਿੱਚ ਆਪਣੀ ਅਸਲ ਪਹਿਚਾਣ ਜਿਊਣ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ। ਇਹ ਬਿਆਨ ਸੂਬਾਈ ਸਰਕਾਰ ਦੀਆਂ ਨਵੀਆਂ ਨੀਤੀਆਂ ਨੂੰ ਚੁਣੌਤੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਅਨੁਸਾਰ 16 ਸਾਲ ਤੋਂ ਛੋਟੇ ਬੱਚਿਆਂ ਲਈ ਪ੍ਰੋਨਾਉਨ ਬਦਲਣ ਵਿੱਚ ਮਾਪਿਆਂ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ।
ਦੂਜੇ ਪਾਸੇ, ਪ੍ਰੀਮੀਅਰ ਡੈਨੀਅਲ ਸਮਿਥ ਨੇ ਰੇਡੀਓ ਵਿੱਚ ਕਿਹਾ ਕਿ ਉਹ ਹੈਰਾਨ ਹਨ ਕਿ ਅਧਿਆਪਕਾਂ ਨੇ ਸਰਕਾਰ ਦਾ ਤਾਜ਼ਾ ਪੇਸ਼ਕਸ਼ ਕਿਉਂ ਰੱਦ ਕਰ ਦਿੱਤਾ। ਇਸ ਪੇਸ਼ਕਸ਼ ਵਿੱਚ ਚਾਰ ਸਾਲਾਂ ਵਿੱਚ 12 ਪ੍ਰਤੀਸ਼ਤ ਤਨਖ਼ਾਹ ਵਾਧਾ, 3,000 ਨਵੇਂ ਅਧਿਆਪਕਾਂ ਦੀ ਭਰਤੀ ਅਤੇ ਕੁਝ ਵਾਧੂ ਸਹੂਲਤਾਂ ਸ਼ਾਮਲ ਸਨ। ਸਮਿਥ ਨੇ ਕਿਹਾ, ”ਅਸਲ ਵਿਵਾਦ ਕਿਹੜੀਆਂ ਗੱਲਾਂ ‘ਤੇ ਹੈ, ਇਹ ਯੂਨੀਅਨ ਹੁਣ ਤੱਕ ਸਪੱਸ਼ਟ ਨਹੀਂ ਕਰ ਰਿਹਾ।” ਉਨ੍ਹਾਂ ਨੇ ਜੋੜਿਆ ਕਿ ਹੜਤਾਲ ਰੋਕਣ ਲਈ ਸਾਰਥਕ ਗੱਲਬਾਤ ਜਰੂਰੀ ਹੈ।
ਸਿੱਖਿਆ ਮੰਤਰੀ ਡਿਮੀਟ੍ਰਿਓਸ ਨਿਕੋਲੇਡਸ ਨੇ ਕਿਹਾ ਕਿ ਸਰਕਾਰ ਸਕੂਲਾਂ ਦਾ ਵਿਸਤਾਰ ਕਰ ਰਹੀ ਹੈ, ਨਵੇਂ ਅਧਿਆਪਕ ਅਤੇ ਸਹਾਇਕ ਭਰਤੀ ਕਰ ਰਹੀ ਹੈ ਅਤੇ ਤਨਖ਼ਾਹ ਵਿੱਚ ਵਾਧਾ ਕਰ ਰਹੀ ਹੈ। ਹਾਲਾਂਕਿ,ઠATA ਦੇ ਪ੍ਰਧਾਨ ਸਿਲਿੰਗ ਦਾ ਕਹਿਣਾ ਹੈ ਕਿ 3,000 ਨਵੇਂ ਅਧਿਆਪਕਾਂ ਦੀ ਭਰਤੀ ”ਇੱਕ ਬੂੰਦ ਜਿਹੀ” ਹੈ ਅਤੇ ਘੱਟੋ-ਘੱਟ 5,000 ਹੋਰ ਅਧਿਆਪਕਾਂ ਦੀ ਲੋੜ ਹੈ ਤਾਂ ਜੋ ਵਿਦਿਆਰਥੀ-ਅਧਿਆਪਕ ਅਨੁਪਾਤ ਸੰਤੁਲਿਤ ਰਹੇ।
ਅਧਿਆਪਕਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਆਪਣੀਆਂ ਅਸਲ ਮੰਗਾਂ ਲਈ ਖੜੇ ਰਹਿਣਗੇ ਅਤੇ ਲੜਾਈ ਲਈ ਤਿਆਰ ਹਨ, ਤਾਂ ਕਿ ਬੱਚਿਆਂ ਨੂੰ ਗੁਣਵੱਤਾ ਵਾਲੀ ਸਿੱਖਿਆ ਮਿਲਦੀ ਰਹੇ।ઠThis report was written by Ekjot Singh as part of the Local Journalism Initiative.

