13 C
Vancouver
Friday, May 8, 2026

ਸੰਗਤ ਦੀ ਸਰਬਸੰਮਤੀ ਨਾਲ ਬਣੀ ਖਾਲਸਾ ਦੀਵਾਨ ਸੁਸਾਇਟੀ ਦੀ ਨਵੀਂ ਕਮੇਟੀ

ਰਣਜੀਤ ਸਿੰਘ ਹੇਅਰ ਪ੍ਰਧਾਨ ਅਤੇ ਪਾਲ ਸਿੰਘ ਬੀਸਲਾ ਬਣੇ ਸੀਨੀਅਰ ਮੀਤ ਪ੍ਰਧਾਨ
ਵੈਨਕੂਵਰ (ਰਛਪਾਲ ਸਿੰਘ ਗਿੱਲ): ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਨਵੀਂ ਪ੍ਰਬੰਧਕ ਕਮੇਟੀ ਸਾਲ 2026 ਤੋਂ 2028 ਲਈ ਸਰਬਸੰਮਤੀ ਨਾਲ ਚੁਣੀ ਗਈ, ਜਿਸ ਨਾਲ ਸੰਗਤ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਬੁੱਧਵਾਰ ਸ਼ਾਮ 8 ਵਜੇ ਹੋਈ ਮੀਟਿੰਗ ਦੌਰਾਨ ਸੰਗਤਾਂ ਨੇ ਰਣਜੀਤ ਸਿੰਘ ਹੇਅਰ ਨੂੰ ਇਕਸੁਰ ਨਾਲ ਪ੍ਰਧਾਨ ਚੁਣ ਲਿਆ। ਚੋਣ ਦੀ ਪ੍ਰਕਿਰਿਆ ਸ਼ਾਂਤਮਈ ਅਤੇ ਭਾਈਚਾਰਕ ਮਾਹੌਲ ਵਿੱਚ ਹੋਈ ਜਿਸ ਵਿੱਚ ਵੈਨਕੂਵਰ ਅਤੇ ਆਸ-ਪਾਸ ਦੇ ਖੇਤਰਾਂ ਤੋਂ ਸੈਂਕੜੇ ਸੇਵਾਦਾਰ ਅਤੇ ਸੰਗਤ ਦੇ ਮੈਂਬਰ ਹਾਜ਼ਰ ਸਨ।
ਨਵੀਂ ਚੁਣੀ ਗਈ ਕਮੇਟੀ ਵਿੱਚ ਇਹ ਮੈਂਬਰ ਸ਼ਾਮਲ ਹਨ; ਸੀਨੀਅਰ ਮੀਤ ਪ੍ਰਧਾਨ: ਪਾਲ ਸਿੰਘ ਬੀਸਲਾ, ਮੀਤ ਪ੍ਰਧਾਨ: ਜਗਦੀਪ ਸਿੰਘ ਸੰਘੇੜਾ, ਜਨਰਲ ਸੈਕਟਰੀ: ਕਸ਼ਮੀਰ ਸਿੰਘ ਧਾਲੀਵਾਲ,
ਸਹਾਇਕ ਜਨਰਲ ਸੈਕਟਰੀ: ਜਰਨੈਲ ਸਿੰਘ ਭੰਡਾਲ, ਰਿਕਾਰਡਿੰਗ ਸੈਕਟਰੀ: ਜੋਗਿੰਦਰ ਸਿੰਘ ਸੁੰਨੜ, ਸਹਾਇਕ ਰਿਕਾਰਡਿੰਗ ਸੈਕਟਰੀ: ਸੁਰਜੀਤ ਸਿੰਘ ਭੱਟੀ, ਖਜ਼ਾਨਚੀ: ਸੁਖਪਾਲ ਸਿੰਘ ਝੂਟੀ, ਸੀਨੀਅਰ ਸਹਾਇਕ ਖਜ਼ਾਨਚੀ: ਸੁਖਵਿੰਦਰ ਸਿੰਘ ਗਿੱਲ, ਸਹਾਇਕ ਖਜ਼ਾਨਚੀ: ਗੁਰਦੀਪ ਸਿੰਘ ਹੇਅਰ, ਮੈਂਬਰ: ਕੁਲਵੀਰ ਸਿੰਘ ਸ਼ੋਕਰ, ਸੁਰਜੀਤ ਸਿੰਘ ਢਿਲੋਂ, ਗੁਰਦਿਆਲ ਸਿੰਘ ਗੈਦੇ, ਜਰਨੈਲ ਸਿੰਘ ਤੇ ਇੰਦਰਜੀਤ ਕੌਰ ਉਪਲ।
ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਗਿਆਨੀ ਹਰਮਿੰਦਰਪਾਲ ਸਿੰਘ ਨੇ ਨਵੀਂ ਕਮੇਟੀ ਦੀ ਚੜਦੀ ਕਲਾ ਅਤੇ ਸੁਚਾਰੂ ਸੇਵਾ ਲਈ ਅਰਦਾਸ ਕੀਤੀ। ਉਨ੍ਹਾਂ ਨੇ ਅਰਦਾਸ ਦੌਰਾਨ ਕਿਹਾ ਕਿ ਸੰਗਤ ਦੀ ਏਕਤਾ ਤੇ ਸੇਵਾ ਭਾਵਨਾ ਹੀ ਖਾਲਸਾ ਦੀਵਾਨ ਸੁਸਾਇਟੀ ਦੀ ਅਸਲੀ ਤਾਕਤ ਹੈ। ਜਨਰਲ ਸੈਕਟਰੀ ਕਸ਼ਮੀਰ ਸਿੰਘ ਧਾਲੀਵਾਲ ਨੇ ਮੀਟਿੰਗ ਦੌਰਾਨ ਨਾਮਜ਼ਦਗੀ ਕਮੇਟੀઠ(Nomination Committee) ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਤੇ ਪਾਰਦਰਸ਼ੀ ਢੰਗ ਨਾਲ ਚੋਣ ਪ੍ਰਕਿਰਿਆ ਸੰਪੂਰਨ ਕੀਤੀ।
ਉਨ੍ਹਾਂ ਨੇ ਖਾਸ ਤੌਰ ‘ਤੇ ਬੌਬ ਚੀਮਾ, ਸੰਤੋਖ ਸਿੰਘ ਸੂਰੀ, ਬਲਕਾਰ ਸਿੰਘ ਭੁੱਲਰ, ਲਖਵੀਰ ਸਿੰਘ ਖੰਗੂੜਾ ਅਤੇ ਸੁਰਜੀਤ ਸਿੰਘ ਭੱਟੀ ਦਾ ਜ਼ਿਕਰ ਕੀਤਾ, ਜਿਨ੍ਹਾਂ ਦੀ ਅਹਿਮ ਭੂਮਿਕਾ ਨਾਲ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋ ਸਕੀ।
ਧਾਲੀਵਾਲ ਨੇ ਕਿਹਾ, ”ਸੰਗਤ ਦੇ ਸਹਿਯੋਗ ਅਤੇ ਭਰੋਸੇ ਨਾਲ ਇਹ ਚੋਣ ਪੂਰੀ ਹੋਈ ਹੈ। ਹੁਣ ਸਮਾਂ ਹੈ ਕਿ ਅਸੀਂ ਸਾਰੇ ਰਲਕੇ ਖਾਲਸਾ ਦੀਵਾਨ ਸੁਸਾਇਟੀ ਦੀ ਚੜਦੀ ਕਲਾ ਲਈ ਇਕੱਠੇ ਹੋਈਏ ਅਤੇ ਨਵੀਂ ਉਰਜਾ ਨਾਲ ਸੇਵਾ ਦੀਆਂ ਜੰਿਮੇਵਾਰੀਆਂ ਨਿਭਾਈਏ।”

ਪ੍ਰਧਾਨ ਰਣਜੀਤ ਸਿੰਘ ਹੇਅਰ ਨੇ ਆਪਣੀ ਚੋਣ ਤੋਂ ਬਾਅਦ ਸੰਗਤ ਦਾ ਧੰਨਵਾਦ ਕਰਦੇ ਹੋਏ ਕਿਹਾ, ”ਇਹ ਸੌਂਪਿਆ ਗਿਆ ਭਰੋਸਾ ਮੇਰੇ ਲਈ ਮਾਣ ਦੀ ਗੱਲ ਹੈ। ਅਸੀਂ ਸਾਰੇ ਮਿਲ ਕੇ ਗੁਰੂ ਘਰ ਦੀ ਸੇਵਾ ਨੂੰ ਹੋਰ ਮਜ਼ਬੂਤ ਬਣਾਵਾਂਗੇ।”

ਉਨ੍ਹਾਂ ਨੇ ਵਾਅਦਾ ਕੀਤਾ ਕਿ ਕਮੇਟੀ ਦਾ ਮੁੱਖ ਧਿਆਨ ਸਮਾਜਕ ਏਕਤਾ, ਨੌਜਵਾਨ ਪੀੜ੍ਹੀ ਦੀ ਸ਼ਮੂਲੀਅਤ, ਸਿੱਖੀ ਪ੍ਰਚਾਰ ਅਤੇ ਭਲਾਈ ਪ੍ਰੋਜੈਕਟਾਂ ‘ਤੇ ਰਹੇਗਾ।
ਨਵੀਂ ਕਮੇਟੀ ਦੇ ਚੁਣੇ ਜਾਣ ਨਾਲ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਸੇਵਕਾਂ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਸੰਗਤ ਦੇ ਮੈਂਬਰਾਂ ਨੇ ਕਿਹਾ ਕਿ ਇਹ ਸਰਬਸੰਮਤੀ ਚੋਣ ਏਕਤਾ ਦੀ ਮਿਸਾਲ ਹੈ ਅਤੇ ਇਸ ਨਾਲ ਸੰਗਤ ਵਿੱਚ ਪਾਰਦਰਸ਼ੀ ਪ੍ਰਬੰਧਨ ਦੀ ਉਮੀਦ ਜਾਗੀ ਹੈ।
ਸੰਗਤ ਦੇ ਵੱਡੇ-ਵੱਡੇ ਮੈਂਬਰਾਂ ਨੇ ਵੀ ਨਵੀਂ ਕਮੇਟੀ ਨੂੰ ਅਸੀਸਾਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਆਉਣ ਵਾਲੇ ਦੋ ਸਾਲਾਂ ਵਿੱਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਸੇਵਾ, ਸਿੱਖਿਆ ਤੇ ਧਾਰਮਿਕ ਪ੍ਰਚਾਰ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਤ ਕਰੇਗੀ।
ਮੀਟਿੰਗ ਦੇ ਅਖੀਰ ‘ਚ ਅਰਦਾਸ ਤੋਂ ਬਾਅਦ ਲੰਗਰ ਦੀ ਵਿਵਸਥਾ ਕੀਤੀ ਗਈ, ਜਿਸ ਵਿੱਚ ਸੈਂਕੜੇ ਸੰਗਤਾਂ ਨੇ ਪੰਗਤਾਂ ਵਿੱਚ ਬੈਠ ਕੇ ਪ੍ਰਸਾਦ ਤੇ ਲੰਗਰ ਦਾ ਸੁਆਦ ਲਿਆ।
ਇਸ ਪ੍ਰਕਾਰ ਖਾਲਸਾ ਦੀਵਾਨ ਸੁਸਾਇਟੀ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਪੂਰੀ ਤਰ੍ਹਾਂ ਸ਼ਾਂਤੀਪੂਰਨ, ਭਰੋਸੇਮੰਦ ਅਤੇ ਸੰਗਤ ਦੀ ਏਕਤਾ ਦਾ ਪ੍ਰਤੀਕ ਸਾਬਤ ਹੋਈ।

ਰੁਝਾਨ ਖਬਰਾਂ