15.9 C
Vancouver
Monday, May 25, 2026

ਸਰੀ ਵਿੱਚ ਫਿਰੌਤੀ ਮੰਗਣ ਵਾਲੇ ਗੈਂਗ ਵਿਰੁੱਧ ਕਾਰਵਾਈ, ਸੱਤ ਵਿਅਕਤੀ ਗ੍ਰਿਫਤਾਰ


ਸਰੀ, (ਏਕਜੋਤ ਸਿੰਘ): ਸਰੀ ਪੁਲਿਸ ਅਤੇ ਬ੍ਰਿਟਿਸ਼ ਕੋਲੰਬੀਆ ਆਰਸੀਐਮਪੀ ਨੇ ਅੱਜ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਫਿਰੌਤੀ ਮੰਗਣ ਅਤੇ ਹਿੰਸਕ ਹਮਲਿਆਂ ਵਿੱਚ ਸ਼ਾਮਲ ਇੱਕ ਅੰਤਰਰਾਸ਼ਟਰੀ ਗੈਂਗ ਨਾਲ ਜੁੜੇ ਕਈ ਵਿਅਕਤੀਆਂ ਵਿਰੁੱਧ ਗੰਭੀਰ ਅਪਰਾਧਾਂ ਦੇ ਚਾਰਜ ਲਗਾ ਦਿੱਤੇ ਗਏ ਹਨ। ਇਹ ਕਾਰਵਾਈ ਉਸ ਲੜੀ ਦਾ ਹਿੱਸਾ ਹੈ ਜਿਸ ਵਿੱਚ ਪਿਛਲੇ ਇਕ ਸਾਲ ਤੋਂ ਸਰੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਧਮਕੀਆਂ, ਗੋਲੀਬਾਰੀਆਂ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਰਿਪੋਰਟ ਹੋ ਰਹੀਆਂ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗੈਂਗ ਵਿਸ਼ੇਸ਼ ਤੌਰ ‘ਤੇ ਦੱਖਣੀ ਏਸ਼ੀਅਈ ਭਾਈਚਾਰੇ ਦੇ ਵਪਾਰੀਆਂ ਅਤੇ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ।
ਸਰੀ ਪੁਲਿਸ ਨੇ ਦੱਸਿਆ ਕਿ ਇਹ ਕਾਰਵਾਈ ਇੱਕ ਤਿੰਨ-ਮਹੀਨੇ ਲੰਬੀ ਗੁਪਤ ਜਾਂਚ ਤੋਂ ਬਾਅਦ ਸੰਭਵ ਹੋਈ। ਜਾਂਚ ਦੌਰਾਨ ਪੁਲਿਸ ਨੇ ਕਈ ਸੁਰਾਗ ਇਕੱਠੇ ਕੀਤੇ ਜਿਨ੍ਹਾਂ ਦੀ ਬੁਨਿਆਦ ‘ਤੇ ਗੈਂਗ ਦੇ ਮੈਂਬਰਾਂ ਦੀ ਪਛਾਣ ਹੋਈ।
ਇਸ ਦੇ ਤਹਿਤ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਚਾਰ ਨੂੰ ਅੱਜ ਹੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਬਾਕੀ ਚਾਰ ਸ਼ੱਕੀਆਂ ਦੇ ਨਾਮ ਹਾਲੇ ਜਨਤਕ ਨਹੀਂ ਕੀਤੇ ਗਏ ਹਨ, ਕਿਉਂਕਿ ਉਨ੍ਹਾਂ ਦੀ ਪੁੱਛਗਿੱਛ ਜਾਰੀ ਹੈ।
ਚਾਰਜਾਂ ਵਿੱਚ ਫਿਰੌਤੀ ਮੰਗਣਾ, ਗੈਰਕਾਨੂੰਨੀ ਹਥਿਆਰ ਰੱਖਣਾ, ਗੋਲੀਬਾਰੀ ਕਰਨਾ ਅਤੇ ਅੱਗ ਲਗਾਉਣਾ ਸ਼ਾਮਲ ਹੈ। ਪੁਲਿਸ ਦਾ ਕਹਿਣਾ ਹੈ ਕਿ ਗੈਂਗ ਵੱਲੋਂ ਵਪਾਰੀਆਂ ਨੂੰ ਫੋਨ ਰਾਹੀਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ ૷ ਜੇ ਪੈਸੇ ਨਾ ਦਿੱਤੇ ਜਾਣ, ਤਾਂ ਉਹਨਾਂ ਦੇ ਘਰਾਂ ਜਾਂ ਦੁਕਾਨਾਂ ‘ਤੇ ਹਮਲੇ ਕੀਤੇ ਜਾਂਦੇ ਸਨ।
ਪੁਲਿਸ ਵੱਲੋਂ ਜਾਰੀ ਕੀਤੇ ਨਾਮਾਂ ਵਿੱਚ ਸ਼ਾਮਲ ਹਨ: ਅਬਕੀਤ ਕਿੰਗਰਾਮ (26), ਵਿਕਰਮ ਸ਼ਰਮਾ (24), ਮਨਦੀਪ ਗਿੱਧਾ (23), ਨਿਰਮਾਨਦੀਪ ਚੀਮਾ (20), ਅਰੁਣਦੀਪ ਸਿੰਘ (26), ਹਰਮਨਜੋਤ ਬਰਾੜ (25) ਅਤੇ ਹਾਰਦੀਲਪ੍ਰੀਤ ਸਿੰਘ (23)।
ਇਹਨਾਂ ਵਿੱਚੋਂ ਕਈ ਵਿਅਕਤੀ ਪਹਿਲਾਂ ਵੀ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਫੜੇ ਜਾ ਚੁੱਕੇ ਹਨ ਜਾਂ ਉਨ੍ਹਾਂ ਖ਼ਿਲਾਫ਼ ਵਾਰੰਟ ਜਾਰੀ ਕੀਤੇ ਗਏ ਸਨ। ਪੁਲਿਸ ਦਾ ਮੰਨਣਾ ਹੈ ਕਿ ਕੁਝ ਦੋਸ਼ੀ ਭਾਰਤੀ ਗੈਂਗ ਲੌਰੈਂਸ ਬਿਸ਼ਨੋਈ ਨੈੱਟਵਰਕ ਨਾਲ ਸੰਬੰਧਿਤ ਹੋ ਸਕਦੇ ਹਨ, ਜੋ ਕੈਨੇਡਾ ਵਿੱਚ ਆਪਣੀ ਜੜ੍ਹਾਂ ਵਧਾ ਰਿਹਾ ਹੈ।
ਇਸ ਸਾਲ ਦੇ ਸ਼ੁਰੂ ਤੋਂ ਸਰੀ ਪੁਲਿਸ ਨੂੰ 56 ਤੋਂ ਵੱਧ ਫਿਰੌਤੀ ਦੀਆਂ ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 31 ਕੇਸਾਂ ਵਿੱਚ ਗੋਲੀਬਾਰੀ ਜਾਂ ਅੱਗਜ਼ਨੀ ਦੀਆਂ ਘਟਨਾਵਾਂ ਹੋਈਆਂ। ਇਹ ਅਪਰਾਧ ਜ਼ਿਆਦਾਤਰ ਰਾਤ ਦੇ ਸਮੇਂ ਵਾਪਰੇ, ਜਿੱਥੇ ਵਪਾਰੀਆਂ ਦੇ ਘਰਾਂ ਜਾਂ ਗੱਡੀਆਂ ‘ਤੇ ਹਮਲੇ ਕਰਕੇ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਧਿਕਾਰੀਆਂ ਅਨੁਸਾਰ, ਇਹ ਗੈਂਗ ਕੈਨੇਡਾ ਅਤੇ ਭਾਰਤ ਦੋਹਾਂ ਦੇ ਮੈਂਬਰਾਂ ਦੀ ਮਦਦ ਨਾਲ ਕੰਮ ਕਰਦਾ ਸੀ ਅਤੇ ਫੋਨ, ਵਟਸਐਪ ਅਤੇ ਇੰਸਟਾਗ੍ਰਾਮ ਰਾਹੀਂ ਧਮਕੀਆਂ ਭੇਜਦਾ ਸੀ। ਬੀ.ਸੀ. ਸਰਕਾਰ ਨੇ ਵੀ ਇੱਕ ਜਨ-ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿੱਚ ਦੱਖਣੀ ਏਸ਼ੀਅਈ ਕਮਿਊਨਿਟੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਧਮਕੀ ਮਿਲੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕਰਨ।
ਆਰਸੀਐਮਪੀ ਵੱਲੋਂ ਇੱਕ ਵਿਸ਼ੇਸ਼ ਐਂਟੀ-ਐਕਸਟੋਰਸ਼ਨ ਟਾਸਕ ਫੋਰਸ ਬਣਾਈ ਗਈ ਹੈ, ਜੋ ਅੰਤਰਰਾਸ਼ਟਰੀ ਗੈਂਗਾਂ ਨਾਲ ਨਿਭਰ ਰਹੀ ਹੈ।
ਇਹ ਘਟਨਾਵਾਂ ਸਰੀ ਦੇ ਵਪਾਰਿਕ ਇਲਾਕਿਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਹਨ। ਕਈ ਦੁਕਾਨਦਾਰਾਂ ਨੇ ਕਿਹਾ ਕਿ ਉਹ ਰਾਤ ਸਮੇਂ ਵਪਾਰ ਬੰਦ ਕਰਦੇ ਸਮੇਂ ਡਰ ਮਹਿਸੂਸ ਕਰਦੇ ਹਨ। ਹਾਲਾਂਕਿ ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਇਹ ਗ੍ਰਿਫਤਾਰੀਆਂ ਅਪਰਾਧਕ ਜਾਲ ਤੋੜਨ ਦੀ ਸ਼ੁਰੂਆਤ ਹਨ।
ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਕੋਈ ਵੀ ਧਮਕੀ ਜਾਂ ਸ਼ੱਕੀ ਗਤੀਵਿਧੀ ਦੇਖਣ ਨੂੰ ਮਿਲੇ, ਤਾਂ 911 ਜਾਂ ਸਰੀ ਪੁਲਿਸ ਨਾਲ ਤੁਰੰਤ ਸੰਪਰਕ ਕੀਤਾ ਜਾਵੇ। ਸਰੀ ਪੁਲਿਸ ਦੀ ਇਹ ਕਾਰਵਾਈ ਸਪੱਸ਼ਟ ਕਰਦੀ ਹੈ ਕਿ ਕੈਨੇਡਾ ਵਿੱਚ ਅਪਰਾਧਕ ਗਤੀਵਿਧੀਆਂ ਦੇ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ। ਦੱਖਣੀ ਏਸ਼ੀਅਈ ਭਾਈਚਾਰੇ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ ਅਤੇ ਸੁਰੱਖਿਆ ਯਤਨਾਂ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ઠThis report was written by Divroop Kaur as part of the Local Journalism Initiative.

ਰੁਝਾਨ ਖਬਰਾਂ