ਸਰੀ, (ਏਕਜੋਤ ਸਿੰਘ): ਕੰਜ਼ਰਵੇਟਿਵ ਲੀਡਰ ਪੀਅਰੇ ਪੌਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਹੋਣ ਵਾਲੀ ਮੁਲਾਕਾਤ ਤੋਂ ਪਹਿਲਾਂ ਇੱਕ ਤਿੱਖਾ ਅਤੇ ਸਖ਼ਤ ਲਹਿਜ਼ੇ ਵਾਲਾ ਪੱਤਰ ਲਿਖਿਆ ਹੈ। ਇਹ ਪੱਤਰ ਮੀਡੀਆ ਨਾਲ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ ਪੌਲੀਐਵ ਨੇ ਕਾਰਨੀ ਦੀ ਵਪਾਰਕ ਨੀਤੀ ਅਤੇ ਅਮਰੀਕਾ ਨਾਲ ਸਬੰਧਾਂ ਨੂੰ ਸੰਭਾਲਣ ਦੇ ਢੰਗ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕਾਰਨੀ ਵਪਾਰਕ ਮਾਮਲਿਆਂ ਵਿੱਚ ਕੈਨੇਡਾ ਲਈ ”ਇੱਕ ਨਮੋਸ਼ੀ” ਸਾਬਤ ਹੋਏ ਹਨ ਅਤੇ ਹੁਣ ਉਹਨਾਂ ‘ਤੇ ਦਬਾਅ ਹੈ ਕਿ ਉਹ ਟਰੰਪ ਨਾਲ ਹੋਣ ਵਾਲੀ ਬੈਠਕ ਤੋਂ ਵਾਪਸ ਆ ਕੇ ਕੁਝ ਢੰਗ ਦੇ ਨਤੀਜੇ ਲਿਆਉਣ।
ਪੌਲੀਐਵ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਕਾਰਨੀ ਨੇ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਉਹ ਅਮਰੀਕੀ ਸਰਕਾਰ ਨਾਲ ਟੈਰਿਫ਼ਾਂ ‘ਤੇ ਰਾਹਤ ਲੈ ਕੇ ਆਉਣਗੇ ਅਤੇ ਇਸ ਗਰਮੀ ਤੱਕ ਦੋਵੇਂ ਦੇਸ਼ਾਂ ਵਿਚਕਾਰ ਇਕ ਵਧੀਆ ਸਮਝੌਤਾ ਹੋ ਜਾਵੇਗਾ, ਪਰ ਅਜਿਹਾ ਕੁਝ ਨਹੀਂ ਹੋਇਆ।
ਉਨ੍ਹਾਂ ਨੇ ਕਿਹਾ ਕਿ 1 ਅਗਸਤ ਦੀ ਡੈੱਡਲਾਈਨ, ਜੋ ਟਰੰਪ ਅਤੇ ਕਾਰਨੀ ਨੇ ਟੈਰਿਫ਼ਾਂ ਅਤੇ ਸਰਹੱਦੀ ਮਸਲਿਆਂ ਦੇ ਹੱਲ ਲਈ ਰੱਖੀ ਸੀ, ਲੰਘ ਗਈ ਹੈ ਪਰ ਕੋਈ ਹੱਲ ਨਹੀਂ ਨਿਕਲਿਆ। ਇਸ ਦੇ ਉਲਟ, ਟਰੰਪ ਨੇ ਹੋਰ ਨਵੇਂ ਟੈਰਿਫ਼ ਲਗਾ ਦਿੱਤੇ ਹਨ, ਖ਼ਾਸ ਤੌਰ ‘ਤੇ ਲੱਕੜ, ਫਰਨੀਚਰ ਅਤੇ ਕੁਝ ਖੇਤੀਬਾੜੀ ਉਤਪਾਦਾਂ ਉੱਤੇ।
ਉਨ੍ਹਾਂ ਨੇ ਮੰਗ ਕੀਤੀ ਕਿ ਮਾਰਕ ਕਾਰਨੀ ਟਰੰਪ ਨਾਲ ਹੋਣ ਵਾਲੀ ਅਗਲੀ ਬੈਠਕ ਵਿੱਚ ਲੱਕੜ, ਸਟੀਲ, ਐਲੂਮੀਨਮ ਅਤੇ ਆਟੋ ਉਤਪਾਦਾਂ ਉੱਤੇ ਲੱਗੇ ਟੈਰਿਫ਼ਾਂ ਨੂੰ ਖਤਮ ਕਰਨ ਲਈ ਕਦਮ ਚੁੱਕਣ। ਇਸਦੇ ਨਾਲ ਹੀ, ਉਨ੍ਹਾਂ ਨੇઠBuy American ਨੀਤੀ ਨੂੰ ਰੋਕਣ ਦੀ ਮੰਗ ਕੀਤੀ ਹੈ, ਜਿਸ ਕਾਰਨ ਕੈਨੇਡੀਅਨ ਕੰਪਨੀਆਂ ਨੂੰ ਅਮਰੀਕੀ ਬਾਜ਼ਾਰਾਂ ਵਿੱਚ ਮੁਕਾਬਲਾ ਕਰਨਾ ਮੁਸ਼ਕਲ ਹੋ ਗਿਆ ਹੈ।
ਪੌਲੀਐਵ ਨੇ ਦਲੀਲ ਦਿੱਤੀ ਕਿઠBuy American ਨੀਤੀ ਨੇ ਕੈਨੇਡੀਅਨ ਮੈਨੂਫੈਕਚਰਿੰਗ ਖੇਤਰ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ ਅਤੇ ਕਈ ਨੌਕਰੀਆਂ ਖ਼ਤਰੇ ਵਿੱਚ ਪਈਆਂ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਸਮੇਂ ਤੇ ਕਾਰਵਾਈ ਨਾ ਕੀਤੀ ਤਾਂ ਕੈਨੇਡਾ ਆਪਣੀ ਆਰਥਿਕ ਖੁਦਮੁਖਤਿਆ ਗੁਆ ਸਕਦਾ ਹੈ।
ਇਹ ਪੱਤਰ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਮਾਰਕ ਕਾਰਨੀ ਅਤੇ ਉਨ੍ਹਾਂ ਦੀ ਟੀਮ ਵ੍ਹਾਈਟ ਹਾਊਸ ਜਾ ਰਹੀ ਹੈ, ਜਿੱਥੇ ਉਹ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਮੁਲਾਕਾਤ ਕਰਨਗੇ। ਇਸ ਬੈਠਕ ਦਾ ਕੇਂਦਰ ਦੋਵੇਂ ਦੇਸ਼ਾਂ ਦੇ ਆਰਥਿਕ, ਵਪਾਰਕ ਅਤੇ ਸੁਰੱਖਿਆ ਸਬੰਧਾਂ ਉੱਤੇ ਹੋਵੇਗਾ।
ਸਰਕਾਰੀ ਬਿਆਨਾਂ ਅਨੁਸਾਰ, ਕਾਰਨੀ ਦੀ ਟੀਮ ਅਮਰੀਕੀ ਪਾਸੇ ਨਾਲ ਕਈ ਮਹੱਤਵਪੂਰਨ ਮਸਲੇ ਚੁੱਕੇਗੀ, ਜਿਵੇਂ ਉੱਤਰੀ ਅਮਰੀਕੀ ਸਪਲਾਈ ਚੇਨ, ਸਾਫ਼ ਊਰਜਾ ਨਿਵੇਸ਼ ਅਤੇ ਸਰਹੱਦੀ ਸੁਰੱਖਿਆ ਸਹਿਯੋਗ।
ਹਾਲਾਂਕਿ, ਪੌਲੀਐਵ ਦਾ ਕਹਿਣਾ ਹੈ ਕਿ ਇਹ ਸਾਰੀਆਂ ਗੱਲਾਂ ”ਖਾਲੀ ਬਿਆਨਾਂ” ਤੱਕ ਹੀ ਸੀਮਿਤ ਹਨ। ਉਨ੍ਹਾਂ ਲਿਖਿਆ ਕਿ ”ਜਦੋਂ ਲੋਕਾਂ ਦੇ ਰੋਜ਼ਗਾਰ ਅਤੇ ਉਦਯੋਗ ਖ਼ਤਰੇ ਵਿੱਚ ਹਨ, ਤਾਂ ਗੱਲਾਂ ਨਾਲ ਨਹੀਂ, ਨਤੀਜਿਆਂ ਨਾਲ ਕੈਨੇਡਾ ਦੀ ਮਾਪ ਕੀਤੀ ਜਾਂਦੀ ਹੈ।”
ਪੌਲੀਐਵ ਨੇ ਇਹ ਵੀ ਕਿਹਾ ਕਿ ਜੇ ਮਾਰਕ ਕਾਰਨੀ ਚਾਹੁਣ ਤਾਂ ਉਹ ਅਤੇ ਹੋਰ ਕੰਜ਼ਰਵੇਟਿਵ ਮੈਂਬਰ ਮਦਦ ਲਈ ਤਿਆਰ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪਾਰਟੀਵਾਦੀ ਰੁਝਾਨਾਂ ਤੋਂ ਪਰੇ ਹੋ ਕੇ ਕੈਨੇਡਾ ਦੇ ਹਿੱਤ ਵਿੱਚ ਕੰਮ ਕਰਨ ਦੀ ਲੋੜ ਹੈ।
ਫਿਰ ਵੀ, ਪੌਲੀਐਵ ਨੇ ਆਪਣੇ ਪੱਤਰ ਵਿੱਚ ਇਹ ਨਹੀਂ ਦੱਸਿਆ ਕਿ ਜੇ ਉਹ ਪ੍ਰਧਾਨ ਮੰਤਰੀ ਹੁੰਦੇ ਤਾਂ ਉਹ ਵੱਖਰਾ ਕੀ ਤਰੀਕਾ ਅਪਣਾਉਂਦੇ ਜਾਂ ਕਿਹੜੀ ਰਣਨੀਤੀ ਨਾਲ ਟਰੰਪ ਸਰਕਾਰ ਨੂੰ ਮਨਾਉਂਦੇ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪੌਲੀਐਵ ਦਾ ਇਹ ਪੱਤਰ ਰਾਜਨੀਤਕ ਦਬਾਅ ਬਣਾਉਣ ਦੀ ਕੋਸਸ਼ਿ ਹੈ, ਖ਼ਾਸ ਕਰਕੇ ਉਹਨਾਂ ਮਾਮਲਿਆਂ ਵਿੱਚ ਜਿੱਥੇ ਕੈਨੇਡੀਅਨ ਕਾਰੋਬਾਰੀਆਂ ਨੂੰ ਅਮਰੀਕੀ ਟੈਰਿਫ਼ਾਂ ਕਾਰਨ ਵੱਡਾ ਨੁਕਸਾਨ ਹੋ ਰਿਹਾ ਹੈ।
ਕਾਰਨੀ ਦੇ ਦਫ਼ਤਰ ਨੇ ਪੌਲੀਐਵ ਦੇ ਪੱਤਰ ‘ਤੇ ਸਿੱਧੀ ਪ੍ਰਤੀਕ੍ਰਿਆ ਨਹੀਂ ਦਿੱਤੀ, ਪਰ ਸਰਕਾਰੀ ਸਰੋਤਾਂ ਨੇ ਕਿਹਾ ਕਿ ”ਕੈਨੇਡਾ ਆਪਣੀ ਆਰਥਿਕਤਾ ਦੀ ਰਾਖੀ ਲਈ ਸਭ ਮੰਚਾਂ ‘ਤੇ ਕੰਮ ਕਰ ਰਿਹਾ ਹੈ ਅਤੇ ਇਹ ਬੈਠਕ ਵੀ ਉਸੇ ਕਵਾਇਦ ਦਾ ਹਿੱਸਾ ਹੈ।”
ਸਰਕਾਰੀ ਬਿਆਨ ਅਨੁਸਾਰ, ਮਾਰਕ ਕਾਰਨੀ ਦਾ ਮਕਸਦ ”ਵਪਾਰਿਕ ਸੰਬੰਧਾਂ ਵਿੱਚ ਸਥਿਰਤਾ ਅਤੇ ਕੈਨੇਡੀਅਨ ਮਜ਼ਦੂਰਾਂ ਲਈ ਨਵੀਆਂ ਸੰਭਾਵਨਾਵਾਂ” ਬਣਾਉਣਾ ਹੈ।
ਅਮਰੀਕੀ ਪਾਸੇ ਤੋਂ ਹਾਲੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਉਮੀਦ ਹੈ ਕਿ ਇਸ ਬੈਠਕ ਤੋਂ ਬਾਅਦ ਦੋਵੇਂ ਸਰਕਾਰਾਂ ਵੱਲੋਂ ਸਾਂਝਾ ਪ੍ਰੈਸ ਕਾਨਫਰੈਂਸ ਕੀਤੀ ਜਾਵੇਗੀ।

