ਐਬਟਸਫੋਰਡ, (ਏਕਜੋਤ ਸਿੰਘ): ਐਬਟਸਫੋਰਡ ਅਤੇ ਸਰੀ ਸ਼ਹਿਰਾਂ ਵਿੱਚ ਕਾਰੋਬਾਰੀਆਂ ਅਤੇ ਪਰਿਵਾਰਾਂ ਨੂੰ ਜਬਰਨ ਵਸੂਲੀ ਦੀਆਂ ਧਮਕੀਆਂ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲਿਸ ਅਨੁਸਾਰ, ਇਹ ਮਾਮਲੇ ਨਿੱਤ ਵਧ ਰਹੇ ਹਨ ਅਤੇ ਹੁਣ ਇਹ ਹੋਰ ਹਿੰਸਕ ਰੂਪ ਧਾਰਨ ਕਰ ਰਹੇ ਹਨ।
ਇੱਕ ਪੀੜਤ ਨੇ ਸੀਬੀਸੀ ਨਿਊਜ਼ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਕਈ ਮਹੀਨਿਆਂ ਤੋਂ ਇਸ ਤਰ੍ਹਾਂ ਦੀਆਂ ਧਮਕੀਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅਕਸਰ ਰਾਤ ਦੇ ਸਮੇਂ ਅਗਿਆਤ ਨੰਬਰਾਂ ਤੋਂ ਫੋਨ ਅਤੇ ਮੈਸੇਜ ਆਉਂਦੇ ਹਨ, ਜਿਨ੍ਹਾਂ ਵਿੱਚ ਗੋਲੀ ਮਾਰਨ ਦੀਆਂ ਧਮਕੀਆਂ ਮਿਲਦੀਆਂ ਹਨ। ”ਉਹ ਕਹਿੰਦੇ ਹਨ ਪੈਸੇ ਦੇ ਦਵੋ ਜਾਂ ਨਤੀਜੇ ਭੁਗਤੋ। ਮੈਂ ਬਹੁਤ ਡਰ ਚੁੱਕਾ ਹਾਂ,” ਪੀੜਤ ਨੇ ਕਿਹਾ।
ਐਬਟਸਫੋਰਡ ਪੁਲਿਸ ਨੇ ਧਮਕੀਆਂ ਦੀ ਪੁਸ਼ਟੀ ਕੀਤੀ ਹੈ, ਪਰ ਸੁਰੱਖਿਆ ਕਾਰਨਾਂ ਕਰਕੇ ਪੀੜਤ ਦੀ ਪਛਾਣ ਨਹੀਂ ਦੱਸੀ ਗਈ। ਨਵੰਬਰ 2023 ਤੋਂ ਸਤੰਬਰ 2025 ਤੱਕ ਪੁਲਿਸ ਕੋਲ 38 ਮਾਮਲੇ ਰਿਪੋਰਟ ਹੋਏ, ਜਿਨ੍ਹਾਂ ਵਿੱਚੋਂ ਕਈ ਗੈਰ-ਹਿੰਸਕ ਸਨ, ਜਿਵੇਂ ਡਰਾਵੇ ਵਾਲੀਆਂ ਚਿੱਠੀਆਂ, ਫੋਨ ਕਾਲਾਂ ਜਾਂ ਮੈਸੇਜ ਰਾਹੀਂ ਪੈਸਾ ਮੰਗਣਾ।
ਹਾਲਾਂਕਿ ਕੋਈ ਜ਼ਖਮੀ ਨਹੀਂ ਹੋਇਆ, ਪਰ ਤਿੰਨ ਘਟਨਾਵਾਂ ਵਿੱਚ ਘਰਾਂ ਨੂੰ ਗੋਲੀਬਾਰੀ ਵਿੱਚ ਨਿਸ਼ਾਨਾ ਬਣਾਇਆ ਗਿਆ, ਅਤੇ ਇੱਕ ਕਾਰੋਬਾਰ ਵਿੱਚ ਕਈ ਵਾਹਨ ਅੱਗ ਲਾ ਕੇ ਸਾੜ ਦਿੱਤੇ ਗਏ। ਪੁਲਿਸ ਨੇ ਇਸ ਹਿੰਸਾ ਦੇ ਨਜ਼ੀਕੇ ਹਲ ਕਰਨ ਲਈ ਓਪਰੇਸ਼ਨ ਕਮਿਊਨਟੀ ਸ਼ੀਲਡ ਨਾਮਕ ਵੱਡਾ ਟਾਸਕ ਫੋਰਸ ਬਣਾਇਆ ਹੈ। ਇਹ ਟਾਸਕ ਫੋਰਸ 2021 ਦੇ ਹੜ੍ਹ ਤੋਂ ਬਾਅਦ ਲੋਕਲ ਪੁਲਿਸ ਦੀ ਸਭ ਤੋਂ ਵੱਡੀ ਟੀਮ ਹੈ।
ਸਾਰਜੈਂਟ ਪੌਲ ਵਾਕਰ ਨੇ ਕਿਹਾ, ”ਲੋਕ ਆਪਣੇ ਇਲਾਕੇ ਵਿੱਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਲੋਕ ਡਰ ਵਿੱਚ ਜੀਅ ਰਹੇ ਹਨ। ਇਹ ਟਾਸਕ ਫੋਰਸ ਉਨ੍ਹਾਂ ਲਈ ਸੁਰੱਖਿਆ ਵਧਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।”
ਸੂਬਾਈ ਟਾਸਕ ਫੋਰਸ ਬਣਾਉਣ ਦਾ ਫੈਸਲਾ ਸਤੰਬਰ 2025 ਵਿੱਚ ਕੀਤਾ ਗਿਆ ਸੀ, ਜੋ ਬੀਸੀ ਦੇ ਵੱਖ-ਵੱਖ ਇਲਾਕਿਆਂ ਵਿੱਚ ਧਮਕੀਆਂ ਅਤੇ ਹਿੰਸਾ ਦੀ ਜਾਂਚ ਲਈ ਤਿਆਰ ਕੀਤੀ ਗਈ ਹੈ। ਹੁਣ ਤਜਰਬੇਕਾਰ ਅਧਿਕਾਰੀਆਂ ਨੂੰ ਮੁੜ-ਤਾਇਨਾਤ ਕੀਤਾ ਜਾਵੇਗਾ, ਜੋ ਵੱਡੇ ਅਪਰਾਧ, ਫੋਰੈਂਸਿਕ ਜਾਂਚ, ਵੀਡੀਓ ਜਾਂਚ ਅਤੇ ਹੋਰ ਵਿਭਾਗਾਂ ਤੋਂ ਆਉਣਗੇ। ਕੁਝ ਅਧਿਕਾਰੀ ਹਰ ਵੇਲੇ ਤਿਆਰ ਟੀਮਾਂ ਵਿੱਚ ਰਹਿਣਗੇ, ਤਾਂ ਜੋ ਜਦੋਂ ਵੀ ਨਵਾਂ ਮਾਮਲਾ ਆਵੇ, ਤੁਰੰਤ ਕਾਰਵਾਈ ਕੀਤੀ ਜਾ ਸਕੇ। ਦੋ ਅਧਿਕਾਰੀ ਸੂਬਾਈ ਟਾਸਕ ਫੋਰਸ ਵਿੱਚ ਹੋਰ ਸ਼ਹਿਰਾਂ ਵਿੱਚ ਚੱਲ ਰਹੀਆਂ ਜਾਂਚਾਂ ਨਾਲ ਤਾਲਮੇਲ ਬਣਾਉਣ ਲਈ ਵੀ ਸ਼ਾਮਿਲ ਹੋਣਗੇ।
ਸਰੀ ਦੇ ਮੇਅਰ ਬ੍ਰੈਂਡਾ ਲੌਕ ਨੇ ਦੱਸਿਆ ਕਿ ਸਰੀ ਵਿੱਚ 44 ਜਬਰਨ ਵਸੂਲੀ ਦੇ ਮਾਮਲੇ ਜਾਂਚ ਅਧੀਨ ਹਨ, ਜਿਨ੍ਹਾਂ ਵਿੱਚੋਂ 27 ਮਾਮਲੇ ਗੋਲੀਆਂ ਨਾਲ ਸੰਬੰਧਿਤ ਹਨ। ਸਾਬਕਾ ਲੋਕ ਸੁਰੱਖਿਆ ਮੰਤਰੀ ਕੈਸ਼ ਹੀਡ ਨੇ ਲੋਕਾਂ ਨੂੰ ਪੈਸੇ ਨਾ ਦੇਣ ਦੀ ਸਲਾਹ ਦਿੱਤੀ ਹੈ, ਪਰ ਕਈ ਪੀੜਤ ਡਰ ਕਾਰਨ ਪੈਸੇ ਦੇ ਰਹੇ ਹਨ।
ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ ਦੇ ਅਪਰਾਧ-ਵਿਗਿਆਨ ਦੇ ਪ੍ਰੋਫੈਸਰ ਕਾਰਲੋਸ ਪੋਂਸੇ ਨੇ ਕਿਹਾ ਕਿ ਪੀੜਤਾਂ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਹ ਰਿਪੋਰਟ ਕਰਨ ਤੋਂ ਡਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਵੀਂ ਟਾਸਕ ਫੋਰਸ ਇਕ ਸਕਾਰਾਤਮਕ ਕਦਮ ਹੈ। ਜਦੋਂ ਇੱਕ ਖਾਸ ਟੀਮ ਬਣਾਈ ਜਾਂਦੀ ਹੈ ਜੋ ਸਭ ਤੋਂ ਵਧੀਆ ਤਫ਼ਤੀਸ਼ਕਾਰਾਂ ਨੂੰ ਇਕੱਠਾ ਕਰਦੀ ਹੈ, ਤਾਂ ਪੀੜਤਾਂ ਅਤੇ ਭਾਈਚਾਰੇ ਵਿੱਚ ਭਰੋਸਾ ਵਧਦਾ ਹੈ।
ਇਕ ਪੀੜਤ ਨੇ ਸੀਬੀਸੀ ਨਿਊਜ਼ ਨਾਲ ਗੱਲ ਕਰਦਿਆਂ ਕਿਹਾ, ”ਇਹ ਟਾਸਕ ਫੋਰਸ ਇਕ ਵਧੀਆ ਪਹਿਲ ਹੈ। ਮੈਂ ਪੁਲਿਸ ਨਾਲ ਸੰਪਰਕ ਵਿੱਚ ਹਾਂ, ਪਰ ਅਜੇ ਵੀ ਹਰ ਰੋਜ਼ ਡਰ ਵਿੱਚ ਜੀਅ ਰਹਿਆ ਹਾਂ।”ઠThis report was written by Ekjot Singh as part of the Local Journalism Initiative.

