Tuesday, July 1, 2025
23.1 C
Vancouver

ਹੌਸਲਾ

ਰੱਖ ਸਬਰ ਦੀ ਭਰਕੇ ਘੁੱਟ ਮਨਾਂ,
ਸਮਾਂ ਤੇਰੇ ਵੀ ਹੋਊ ਵੱਲ ਕਦੇ।
ਨਾਲ ਹੌਸਲੇ ਰੱਖੀਂ ਦਿਲ ਕਰੜਾ,
ਡਾਢਾ ਸਭ ਕੁਝ ਕਰਦੂ ਹੱਲ ਕਦੇ।

ਨਾਲ ਦੁੱਖਾਂ ਦੇ ਦਿਲਾਂ ਵਿੱਚ ਹੋਏ,
ਜਾਂਦੇ ਡੂੰਘੇ ਵੀ ਭਰ ਸੱਲ ਕਦੇ।
ਡੁੱਲ੍ਹੇ ਬੇਰਾਂ ਦਾ ਕੁਝ ਵਿਗੜਦਾ ਨਾ,
ਕਿਸੇ ਭੌਂਕਿਆਂ ਘਟੇ ਨਾ ਭੱਲ ਕਦੇ।

ਜਿਊਂਦੀ ਜਾਨ ਨੂੰ ਲਈਏ ਮਾਣ ਅੱਜੇ,
ਵੇਖਿਆ ਕਿਸੇ ਨਾ ‘ਭਗਤਾ’ ਕੱਲ੍ਹ ਕਦੇ।
ਜਿੱਤਣ ਵਾਲੇ ਲਗਾਤਾਰ ਛਿੰਝਾਂ,
ਆਖਰ ਢਹਿ ਹੀ ਜਾਂਦੇ ਮੱਲ ਕਦੇ।

ਚੜ੍ਹਦੇ ਲਹਿੰਦੇ ਵੀ ਨਾ ਬਣੇ ਰਾਜਾ,
ਗਿੱਦੜ ਸ਼ੇਰ ਦੀ ਪਾ ਕੇ ਖੱਲ ਕਦੇ।
ਕਾਂ ਕੁਰਲਾਇਆਂ ਵੀ ਨਾ ਮਰਨ ਢੱਗੇ।
ਲਾਈਏ ਮਨ ਨਾ ਚਿੰਤਾ ਵੱਲ ਕਦੇ।

ਬਰਾੜ-ਭਗਤਾ ਭਾਈ ਕਾ
+1-604-751-1113