Tuesday, July 1, 2025
23.1 C
Vancouver

ਭਾਰਤ ਸਰਕਾਰ ਵੱਲੋਂ ਨਵਾਂ ਓਸੀਆਈ ਪੋਰਟਲ ਲਾਂਚ, ਵਿਦੇਸ਼ਾਂ ‘ਚ ਰਹਿਣ ਵਾਲੇ ਭਾਰਤੀਆਂ ਲਈ ਹੋਇਆ ਰਜਿਸਟ੍ਰੇਸ਼ਨ ਆਸਾਨ

ਨਵੀਂ ਦਿੱਲੀ : ਭਾਰਤ ਸਰਕਾਰ ਨੇ ਵਿਦੇਸ਼ਾਂ ‘ਚ ਰਹਿਣ ਵਾਲੇ ਭਾਰਤ ਮੂਲ ਦੇ ਲੋਕਾਂ ਦੀਆਂ ਆਸਾਨੀਆਂ ਲਈ ਨਵੇਂ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ੌਛੀ) ਪੋਰਟਲ ਦੀ ਸ਼ੁਰੂਆਤ ਕੀਤੀ ਹੈ। ਇਹ ਨਵਾਂ ਡਿਜੀਟਲ ਪਲੇਟਫਾਰਮ ਭਾਰਤ ਨਾਲ ਜੁੜੇ ਵਿਦੇਸ਼ ਵਾਸੀਆਂ ਲਈ ਵਧੀਆ ਤਜਰਬਾ ਅਤੇ ਤੇਜ਼ ਸੇਵਾਵਾਂ ਮੁਹੱਈਆ ਕਰਵਾਉਣ ਲਈ ਤਿਆਰ ਕੀਤਾ ਗਿਆ ਹੈ। ਨਵੇਂ ਓਸੀਆਈ ਪੋਰਟਲ ਦੀ ਖਾਸ ਗੱਲ ਇਹ ਹੈ ਕਿ ਇਹ ਆਸਾਨ ਵਰਤੋਂ ਦੇ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਇਸ ਰਾਹੀਂ ਹੁਣ ਆਪਣੇ ਆਪ ਆਨਲਾਈਨ ਅਰਜ਼ੀਆਂ ਭਰਨ, ਦਸਤਾਵੇਜ਼ ਅਪਲੋਡ ਕਰਨ, ਫੀਸ ਭਰਨ, ਅਤੇ ਅਪਲਿਕੇਸ਼ਨ ਦੀ ਸਥਿਤੀ ਦੀ ਜਾਂਚ ਕਰਨ ਦੀ ਸੁਵਿਧਾ ਮਿਲੇਗੀ।
ਪੁਰਾਣੇ ਪ੍ਰਣਾਲੀ ਵਿੱਚ ਜਿੱਥੇ ਉਮੀਦਵਾਰਾਂ ਨੂੰ ਕਈ ਕਾਗਜ਼ੀ ਕਾਰਵਾਈਆਂ, ਦਫ਼ਤਰਾਂ ਦੇ ਚੱਕਰ ਅਤੇ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ, ਹੁਣ ਇਹ ਸਾਰੀਆਂ ਪ੍ਰਕਿਰਿਆਵਾਂ ਇਕ ਪਲੇਟਫਾਰਮ ‘ਤੇ ਆ ਗਈਆਂ ਹਨ।
ਪੋਰਟਲ ਵਿੱਚ ਆਈਟੀ ਰਾਹੀਂ ਸੁਰੱਖਿਆ, ਆਸਾਨ ਨੇਵੀਗੇਸ਼ਨ, ਅਤੇ ਮਲਟੀ-ਲੈਂਗਵੇਜ ਸਹਾਇਤਾ ਵਰਗੀ ਵਧੀਆ ਵਿਸ਼ੇਸ਼ਤਾਵਾਂ ਵੀ ਹਨ।
ਇਹ ਪੋਰਟਲ ਖਾਸ ਕਰਕੇ ਉਹਨਾਂ ਵਿਅਕਤੀਆਂ ਲਈ ਲਾਭਕਾਰੀ ਹੈ ਜੋ ਭਾਰਤ ਦੀ ਨਾਗਰਿਕਤਾ ਛੱਡ ਕੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਚੁੱਕੇ ਹਨ ਪਰ ਭਾਰਤ ਨਾਲ ਸੰਬੰਧ ਬਣਾਈ ਰੱਖਣਾ ਚਾਹੁੰਦੇ ਹਨ। ਓਸੀਆਈ ਕਾਰਡ ਰਾਹੀਂ ਉਹਨਾਂ ਨੂੰ ਭਾਰਤ ਵਿੱਚ ਬਿਨਾਂ ਵੀਜ਼ਾ ਆਉਣ, ਜ਼ਮੀਨ ਖਰੀਦਣ, ਲੰਬੇ ਸਮੇਂ ਤੱਕ ਰਹਿਣ ਅਤੇ ਹੋਰ ਕਈ ਵਿਸ਼ੇਸ਼ ਅਧਿਕਾਰ ਮਿਲਦੇ ਹਨ।
ਭਾਰਤ ਦੇ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਵੱਲੋਂ ਮਿਲਕੇ ਤਿਆਰ ਕੀਤੇ ਨਵੇਂ ਓਸੀਆਈ ਪੋਰਟਲ ਨੂੰ ਡਿਜੀਟਲ ਇੰਡੀਆ ਮੁਹਿੰਮ ਹੇਠ ਲਿਆਂਦਾ ਗਿਆ ਹੈ। ਮੰਤਰੀਆਂ ਨੇ ਇਸਦੀ ਸ਼ੁਰੂਆਤ ਦੌਰਾਨ ਕਿਹਾ ਕਿ ਇਹ ਪੋਰਟਲ ਭਾਰਤੀ ਡਾਇਸਪੋਰਾ ਨਾਲ ਭਾਰਤ ਸਰਕਾਰ ਦੇ ਸੰਪਰਕ ਨੂੰ ਹੋਰ ਮਜ਼ਬੂਤ ਬਣਾਏਗਾ।
ਗ੍ਰਹਿ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ, ”ਇਹ ਨਵੀਂ ਵਿਧੀ ਤੇਜ, ਪਾਰਦਰਸ਼ੀ ਅਤੇ ਲੋੜਵੰਦ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਹਰ ਓਸੀਆਈ ਕਾਰਡ ਹੋਲਡਰ ਨੂੰ ਆਸਾਨੀ ਅਤੇ ਤੁਰੰਤ ਸੇਵਾਵਾਂ ਮਿਲਣ।”
ਨਵੇਂ ਪੋਰਟਲ ਰਾਹੀਂ ਹੁਣ ਪਹਿਲੀ ਵਾਰ ਓਸੀਆਈ ਕਾਰਡ ਬਣਵਾਉਣ ਤੋਂ ਲੈ ਕੇ ਕਾਰਡ ਦੀ ਮਿਆਦ ਖ਼ਤਮ ਹੋਣ ‘ਤੇ ਰੀਇਸ਼ੂ ਜਾਂ ਪਤਾਸ਼ੁਦਾ ਕਾਰਡ ਦੀ ਥਾਂ ਨਵਾਂ ਲੈਣ ਵਰਗੀਆਂ ਸਾਰੀਆਂ ਪ੍ਰਕਿਰਿਆਵਾਂ ਆਨਲਾਈਨ ਹੀ ਕੀਤੀਆਂ ਜਾ ਸਕਦੀਆਂ ਹਨ।
ਭਵਿੱਖ ਵਿੱਚ ਇਸ ਪੋਰਟਲ ਵਿੱਚ ਹੋਰ ਫੀਚਰ ਜੋੜੇ ਜਾਣਗੇ ਜਿਵੇਂ ਕਿ ਓਸੀਆਈ ਕਾਰਡ ਹੋਲਡਰਾਂ ਲਈ ਨਿਊਜ਼ਲੈਟਰ, ਸਮਾਗਮਾਂ ਦੀ ਜਾਣਕਾਰੀ ਅਤੇ ਵਤਨ ਨਾਲ ਜੁੜੇ ਹੋਰ ਪਲੇਟਫਾਰਮਾਂ ਦੀ ਲਿੰਕਿੰਗ ਵੀ ਹੋਵੇਗੀ।
ਨਵਾਂ ਓਸੀਆਈ ਪੋਰਟਲ ਵਿਦੇਸ਼ਾਂ ‘ਚ ਰਹਿ ਰਹੇ ਭਾਰਤੀਆਂ ਲਈ ਇਕ ਵੱਡੀ ਸਹੂਲਤ ਸਾਬਤ ਹੋਵੇਗਾ।