Sunday, May 18, 2025
9.2 C
Vancouver

2024 ਦੌਰਾਨ ਅਮਰੀਕਾ ਤੋਂ ਖਰੀਦੀ ਗਈ ਸੀ 1.4 ਅਰਬ ਡਾਲਰ ਦੀ ਬਿਜਲੀ

ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਨੂੰ ਲਗਾਤਾਰ ਤੀਜੇ ਸਾਲ ਅਮਰੀਕਾ ਤੋਂ ਬਿਜਲੀ ਆਯਾਤ ਕਰਨੀ ਪੈ ਸਕਦੀ ਹੈ, ਅਜਿਹਾ ਐਨਰਜੀ ਫਿਊਚਰਜ਼ ਇੰਸਟੀਚਿਊਟ ਦੇ ਚੇਅਰ ਅਤੇ ਸਾਬਕਾ ਵਾਤਾਵਰਣ ਮੰਤਰੀ ਬੈਰੀ ਪੈਨਰ ਦਾ ਕਹਿਣਾ ਹੈ। ਸੂਬੇ ਵਿੱਚ ਜਾਰੀ ਸੋਕੇ ਦੀਆਂ ਸਥਿਤੀਆਂ ਨੇ ਬੀ.ਸੀ. ਦੀ ਹਾਈਡਰੋਇਲੈਕਟ੍ਰਿਕ ਪਾਵਰ ਪੈਦਾ ਕਰਨ ਦੀ ਸਮਰੱਥਾ ਨੂੰ ਘਟਾ ਦਿੱਤਾ ਹੈ, ਜਿਸ ਕਾਰਨ ਸੂਬੇ ਨੂੰ ਇੱਕ ਵਾਰ ਫਿਰ ਅਮਰੀਕਾ ਤੋਂ ਬਿਜਲੀ ਆਯਾਤ ਕਰਨੀ ਪੈ ਰਹੀ ਹੈ।
ਪੈਨਰ ਨੇ ਕਿਹਾ, ”ਪਿਛਲੇ ਕੁਝ ਸਾਲਾਂ ਵਿੱਚ ਬਰਫਪਾਤ ਬਹੁਤ ਨਿਰਾਸ਼ਾਜਨਕ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਸਾਡੇ ਜਲ ਭੰਡਾਰਾਂ ਵਿੱਚ ਪਾਣੀ ਦੀ ਘਾਟ ਹੈ। ਬੀ.ਸੀ. ਹਾਈਡਰੋ ਲਗਭਗ 90 ਪ੍ਰਤੀਸ਼ਤ ਹਾਈਡਰੋਇਲੈਕਟ੍ਰਿਕ ਬਿਜਲੀ ‘ਤੇ ਨਿਰਭਰ ਹੈ, ਅਤੇ ਜੇ ਪਾਣੀ ਨਾ ਹੋਵੇ, ਤਾਂ ਅਸੀਂ ਸਧਾਰਣ ਨਾਲੋਂ ਘੱਟ ਬਿਜਲੀ ਪੈਦਾ ਕਰਦੇ ਹਾਂ। ਅਸੀਂ ਹੁਣ ਤੀਜੇ ਸਾਲ ਵਿੱਚ ਵੱਡੇ ਪੱਧਰ ‘ਤੇ ਬਿਜਲੀ ਆਯਾਤ ਕਰਨ ਦੀ ਸਥਿਤੀ ਵਿੱਚ ਹਾਂ।” ਵਿੱਤੀ ਸਾਲ 2024 ਵਿੱਚ, ਬੀ.ਸੀ. ਹਾਈਡਰੋ ਨੇ 13,600 ਗੀਗਾਵਾਟ ਘੰਟੇ ਬਿਜਲੀ ਆਯਾਤ ਕੀਤੀ, ਜੋ ਇਸ ਦੀ ਕੁੱਲ ਬਿਜਲੀ ਦਾ 25 ਪ੍ਰਤੀਸ਼ਤ ਸੀ, ਜਿਸ ‘ਤੇ ਲਗਭਗ 1.4 ਅਰਬ ਡਾਲਰ ਦਾ ਖਰਚਾ ਆਇਆ। ਪਿਛਲੇ ਸਾਲ, ਇਸ ਨੇ 10,000 ਗੀਗਾਵਾਟ ਘੰਟੇ ਬਿਜਲੀ ਆਯਾਤ ਕੀਤੀ, ਜੋ ਕੁੱਲ ਲੋਡ ਦਾ ਪੰਜਵਾਂ ਹਿੱਸਾ ਸੀ, ਅਤੇ ਇਸ ‘ਤੇ 450 ਮਿਲੀਅਨ ਡਾਲਰ ਤੋਂ ਵੱਧ ਖਰਚ ਹਉਣ। ਬੀ.ਸੀ. ਹਾਈਡਰੋ ਦੀ ਬੁਲਾਰੀ ਮੋਰਾ ਸਕੌਟ ਨੇ ਦੱਸਿਆ, ”ਅਸੀਂ 1 ਅਪ੍ਰੈਲ ਨੂੰ ਨਵਾਂ ਵਿੱਤੀ ਸਾਲ ਸ਼ੁਰੂ ਕੀਤਾ ਹੈ, ਇਸ ਲਈ ਅਜੇ ਇਹ ਕਹਿਣਾ ਬਹੁਤ ਜਲਦੀ ਹੈ ਕਿ ਅਸੀਂ ਨੈੱਟ ਆਯਾਤਕ ਹੋਵਾਂਗੇ ਜਾਂ ਨਿਰਯਾਤਕ। ਇਹ ਸਭ ਬਾਰਸ਼ ਅਤੇ ਬਰਫਪਾਤ ‘ਤੇ ਨਿਰਭਰ ਕਰਦਾ ਹੈ।” ਸਕੌਟ ਨੇ ਦੱਸਿਆ ਕਿ ਪਿਛਲੀ ਪਤਝੜ ਵਿੱਚ ਸੂਬੇ ਨੇ ਜ਼ਿਆਦਾਤਰ ਵਾਟਰਸ਼ੈੱਡਾਂ ‘ਤੇ ਸੋਕੇ ਦੀ ਸ਼੍ਰੇਣੀ ਹਟਾ ਦਿੱਤੀ ਸੀ, ਪਰ ਇਸ ਸਾਲ ਦਾ ਸਨੋਪੈਕ ਔਸਤ ਤੋਂ ਘੱਟ ਹੈ, ਜਿਸ ‘ਤੇ ਉਹ ਨਜ਼ਰ ਰੱਖ ਰਹੇ ਹਨ। ਜ਼ਿਆਦਾਤਰ ਆਯਾਤ ਬਿਜਲੀ ਅਮਰੀਕਾ ਅਤੇ ਅਲਬਰਟਾ ਤੋਂ ਆਈ, ਜਿੱਥੇ ਇਹ ਜੈਵਿਕ ਇੰਧਨ ਜਲਾ ਕੇ ਪੈਦਾ ਕੀਤੀ ਗਈ। ਵਿਰੋਧੀ ਧਿਰ ਦੇ ਨੇਤਾ ਜੌਨ ਰਸਤਾਦ ਨੇ ਇਸ ਦਾ ਦੋਸ਼ ਐਨ.ਡੀ.ਪੀ. ਸਰਕਾਰ ‘ਤੇ ਲਾਇਆ, ਜਿਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਜੌਨ ਹੋਰਗਨ ਦੇ ਸਮੇਂ ਬੀ.ਸੀ. ਨੂੰ ਊਰਜਾ ਵਿੱਚ ਸਵੈ-ਨਿਰਭਰ ਬਣਾਉਣ ਵਾਲਾ ਕਾਨੂੰਨ ਰੱਦ ਕਰ ਦਿੱਤਾ ਸੀ। ਰਸਤਾਦ ਨੇ ਕਿਹਾ, ”ਹੁਣ ਅਸੀਂ ਇਸ ਦੀ ਕੀਮਤ ਚੁਕਾਉਣ ਜਾ ਰਹੇ ਹਾਂ।” ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਅਮਰੀਕਾ ਦਾ ਪੈਸੀਫਿਕ ਨਾਰਥਵੈਸਟ 2027 ਤੋਂ ਖੁਦ ਬਿਜਲੀ ਆਯਾਤ ਕਰਨ ਵਾਲਾ ਬਣ ਜਾਵੇਗਾ, ਜਿਸ ਨਾਲ ਬੀ.ਸੀ. ਨੂੰ ਦੱਖਣ ਤੋਂ ਬਿਜਲੀ ਖਰੀਦਣ ਵਿੱਚ ਮੁਸ਼ਕਲ ਹੋਵੇਗੀ। ਉਨ੍ਹਾਂ ਨੇ ਕਿਹਾ, ”ਸਾਈਟ ਸੀ ਡੈਮ ਸ਼ੁਰੂ ਹੋਣ ਦੇ ਬਾਵਜੂਦ, ਅਮਰੀਕਾ ‘ਤੇ ਨਿਰਭਰਤਾ ਸਾਨੂੰ ਕਮਜ਼ੋਰ ਸਥਿਤੀ ਵਿੱਚ ਲਿਆ ਰਹੀ ਹੈ। ਹਵਾ ਅਤੇ ਸੂਰਜੀ ਊਰਜਾ ਨੂੰ ਸ਼ਾਮਲ ਕਰਨਾ ਚੰਗਾ ਹੈ, ਪਰ ਸਾਨੂੰ ਬੀ.ਸੀ. ਵਿੱਚ ਬਿਜਲੀ ਉਤਪਾਦਨ ‘ਤੇ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ।”