Monday, May 19, 2025
10.2 C
Vancouver

ਸ਼ੱਕ ਬਨਾਮ ਸੱਚ

 

ਲਿਖਤ : ਜਗਦੀਸ਼ ਕੌਰ ਮਾਨ
ਸੰਪਰਕ: 78146-98117
ਜਿਉਂ ਜਿਉਂ ਦਿਨ ਬੀਤਦੇ ਜਾ ਰਹੇ ਸਨ ਦੋਹਾਂ ਪਰਿਵਾਰਾਂ ਦੀ ਚਿੰਤਾ ਵਧਦੀ ਜਾ ਰਹੀ ਸੀ। ਉਸ ਤੋਂ ਗੱਲ ਦੀ ਸੂਹ ਕੱਢਣ ਲਈ ਮਾਂ ਤਾਂ ਆਪਣੇ ਵੱਲੋਂ ਪੂਰੀ ਵਾਹ ਚੁੱਕੀ ਸੀ ਪਰ ਉਸ ਦੇ ਵਾਰ ਵਾਰ ਘੋਖਣ ਦੇ ਬਾਵਜੂਦ ਕੁੜੀ ਨੇ ਇੱਕੋ ਚੁੱਪ ਵੱਟੀ ਹੋਈ ਸੀ ਤੇ ਉਸ ਨੂੰ ਕੁਝ ਵੀ ਨਹੀਂ ਸੀ ਦੱਸ ਰਹੀ। ਧੀ ਦੇ ਚਿਹਰੇ ‘ਤੇ ਛਾਈ ਮਾਯੂਸੀ ਦਾ ਕਾਰਨ ਜਾਣਨ ਲਈ ਉਸ ਨੇ ਆਪਣੇ ਵੱਲੋਂ ਕੋਈ ਵੀ ਕਸਰ ਨਹੀਂ ਸੀ ਛੱਡੀ ਪਰ ਕੁੜੀ ਨੇ ਤਾਂ ਮੂੰਹ ਨੂੰ ਚੁੱਪ ਦਾ ਜਿੰਦਰਾ ਮਾਰਿਆ ਹੋਇਆ ਸੀ। ਇਹੀ ਕਾਰਨ ਸੀ ਕਿ ਮਾਂ ਅਜੇ ਤੱਕ ਕਿਸੇ ਵੀ ਨਤੀਜੇ ‘ਤੇ ਪਹੁੰਚਣ ਵਿੱਚ ਸਫ਼ਲ ਨਹੀਂ ਸੀ ਹੋ ਸਕੀ। ਜੇਕਰ ਉਹਨੂੰ ਵਿਆਹੀ ਨੂੰ ਚਾਰ ਛੇ ਮਹੀਨੇ ਹੋ ਗਏ ਹੁੰਦੇ ਤਾਂ ਉਸ ਨੇ ਆਪੇ ਹੀ ਅੰਦਾਜ਼ਾ ਲਾ ਲੈਣਾ ਸੀ ਕਿ ਘਰ ਵਿੱਚ ਕਿਸੇ ਨਿਆਣੇ ਸਿਆਣੇ ਜਾਂ ਪ੍ਰਾਹੁਣੇ ਨਾਲ ਕੋਈ ਉੱਚੀ ਨੀਵੀਂ ਗੱਲ ਹੋ ਗਈ ਹੋਵੇਗੀ ਪਰ ਏਨੇ ਥੋੜ੍ਹੇ ਦਿਨ ਤਾਂ ਅਜਿਹਾ ਅੰਦਾਜ਼ਾ ਲਗਾਉਣ ਲਈ ਵੀ ਨਾਕਾਫ਼ੀ ਸਨ।
ਅਜੇ ਤਾਂ ਉਨ੍ਹਾਂ ਦੇ ਵਿਆਹ ਨੂੰ ਕੁੱਲ ਅੱਠ ਦਿਨ ਹੀ ਹੋਏ ਸਨ ਜਦੋਂ ਮੁਕਲਾਵੇ ਗਈ ਕੁਲਦੀਪ ਨੂੰ ਉਸ ਸਮੇਂ ਦੇ ਰਿਵਾਜ ਮੁਤਾਬਿਕ ਉਸ ਦਾ ਪਿਤਾ ਸ਼ਗਨਾਂ ਸਾਰਥਾਂ ਨਾਲ ਪਹਿਲੀ ਵਾਰ ਸਹੁਰਿਆਂ ਤੋਂ ਲੈ ਕੇ ਆਇਆ ਸੀ। ਦੂਰੋਂ ਹੀ ਉਸ ਨੂੰ ਤੁਰੀ ਆਉਂਦੀ ਦੇਖ ਕੇ ਸਾਰੇ ਟੱਬਰ ਨੂੰ ਚਾਅ ਚੜ੍ਹ ਗਿਆ ਸੀ। ਇੱਕ ਦੂਜੀ ਦੇ ਗਲ ਲੱਗ ਕੇ ਮਾਵਾਂ ਧੀਆਂ ਕਿੰਨਾ ਹੀ ਚਿਰ ਵਿਛੋੜੇ ਦਾ ਦੁੱਖ ਹਲਕਾ ਕਰਦੀਆਂ ਰਹੀਆਂ। ਮਾਂ ਨੇ ਧੀ ਦੀਆਂ ਚੂੜੇ ਤੋਂ ਸੱਖਣੀਆਂ ਵੀਣੀਆਂ ਵੱਲ ਤੱਕ ਕੇ ਮੱਥੇ ‘ਤੇ ਹੱਥ ਮਾਰਿਆ ਤੇ ਕਿਹਾ, ”ਕੁੜੇ ਪੁੱਤ! ਵਾਖਰੂ ਵਾਖਰੂ! ਮਾਂ ਸਦਕੇ! ਚੂੜਾ ਐਡੀ ਛੇਤੀ ਕਾਹਤੋਂ ਵਧਾ ਦਿੱਤਾ, ਸ਼ਗਨਾਂ ਦਾ ਚੂੜਾ ਤਾਂ ਸੁੱਖ ਨਾਲ ਸਵਾ ਮਹੀਨੇ ਪਿੱਛੋਂ ਸੌ ਸੌ ਸ਼ਗਨ ਮਨਾ ਕੇ ਵਧਾਈਦੈ। ਬਾਹੀਂ ਪਾਏ ਲਾਲ ਚੂੜੇ ਦਾ ਤਾਂ ਨਵੀਆਂ ਨਵੇਲੀਆਂ ਨੂੰ ਸਾਰੇ ਗਹਿਣਿਆਂ ਨਾਲੋਂ ਵੱਧ ਚਾਅ ਹੁੰਦੈ। ਕਈ ਕੁੜੀਆਂ ਤਾਂ ਚੂੜਾ ਸਵਾ ਸਾਲ ਪਿੱਛੋਂ ਵਧਾਉਂਦੀਆਂ ਨੇ। ਤੈਨੂੰ ਕਾਹਦੀ ਕਾਹਲੀ ਪੈ ‘ਗੀ ਸੀ? ਉੱਥੇ ਤੈਨੂੰ ਕਿਸੇ ਨੇ ਰੋਕਿਆ ਟੋਕਿਆ ਨ੍ਹੀਂ?” ਫਿਰ ਉਹ ਆਪਣੇ ਆਪ ਹੀ ਸੋਚ ਕੇ ਬੋਲੀ, ”ਆਹੋ ਭਾਈ! ਉੱਥੇ ਕਿਹੜਾ ਤੇਰੀ ਸੱਸ ਬੈਠੀ ਐ ਤੇਰੇ ਚਾਅ ਲਾਡ ਕਰਨ ਵਾਲੀ, ਦਰਾਣੀਆਂ ਜਠਾਣੀਆਂ ਨੂੰ ਕੀ ਲੋੜ ਪਈ ਐ ਬਈ ਤੈਨੂੰ ਅਕਲ ਸ਼ਊਰ ਦੀ ਕੋਈ ਗੱਲ ਦੱਸ ਦੇਣ, ਸ਼ਰੀਕਣੀਆਂ ਤਾਂ ਵੀਰ! ਸ਼ਰੀਕਣੀਆਂ ਈ ਹੁੰਦੀਆਂ ਨੇ। ਐਵੇਂ ਤਾਂ ਨ੍ਹੀਂ ਸਿਆਣਿਆਂ ਨੇ ਕਹਾਵਤ ਬਣਾਈ ਅਖੇ, ਸੱਸ ਰੁੱਸੀ, ਜਠਾਣੀ ਮੰਨੀ ਇੱਕ ਬਰਾਬਰ।” ਮਾਂ ਕਿੰਨਾ ਹੀ ਚਿਰ ਚੂੜਾ ਛੇਤੀ ਵਧਾਉਣ ਵਾਲੀ ਗੱਲ ਨੂੰ ਲੈ ਕੇ ਬੁੜ ਬੁੜ ਕਰਦੀ ਰਹੀ।
ਉਹ ਤਾਂ ਅਜੇ ਚੂੜਾ ਛੇਤੀ ਵਧਾਉਣ ਵਾਲੀ ਗੱਲ ਹੀ ਕਰ ਰਹੀ ਸੀ ਕਿ ਕੁਲਦੀਪ ਨੇ ਹੱਥਾਂ ਵਿੱਚ ਪਾਏ ਹੋਏ ਛਾਪਾਂ ਛੱਲੇ ਤੇ ਸੋਨੇ ਦੀਆਂ ਚੂੜੀਆਂ, ਕੰਨਾਂ ਦੇ ਕਾਂਟੇ ਤੇ ਗਲ ਦਾ ਹਾਰ ਸਾਰਾ ਗਹਿਣਾ ਗੱਟਾ ਇੱਕੋ ਝਟਕੇ ਨਾਲ ਇਉਂ ਲਾਹ ਦਿੱਤਾ ਜਿਵੇਂ ਇਹ ਸਾਰੇ ਟੂੰਬ ਤਗਾਦੇ ਨਸ਼ਤਰ ਬਣ ਕੇ ਉਸ ਦੀ ਰੂਹ ਨੂੰ ਤੂੰਬਾ ਤੂੰਬਾ ਕਰ ਰਹੇ ਹੋਣ। ਵਰੀ ਦਾ ਝਿਲਮਿਲ ਝਿਲਮਿਲ ਕਰਦਾ ਸੂਟ ਲਾਹ ਕੇ ਉਸ ਨੇ ਇੱਕ ਸਾਦਾ ਜਿਹਾ ਕਾਟਨ ਦਾ ਸੂਟ ਪਾ ਲਿਆ ਸੀ ਤੇ ਨਾਲ ਇੱਕ ਮੂਲੋਂ ਹੀ ਫਿੱਕੇ ਰੰਗ ਦਾ ਦੁਪੱਟਾ ਲੈ ਲਿਆ ਸੀ। ਉਸ ਨੂੰ ਇਉਂ ਉਦਾਸ ਨਿਰਾਸ਼ ਤੁਰੀ ਫਿਰਦੀ ਨੂੰ ਦੇਖ ਕੇ ਮਾਂ ਦੇ ਕਾਲਜੇ ਨੂੰ ਡੋਬੂ ਪੈ ਰਹੇ ਸਨ।
”ਧੀਏ! ਨਵੀਆਂ ਵਿਆਹੀਆਂ ਕੁੜੀਆਂ ਦਾ ਤਾਂ ਮਾਰ ਕਿਤੇ ਚਾਅ ਨ੍ਹੀਂ ਚੁੱਕਿਆ ਜਾਂਦਾ ਹੁੰਦਾ। ਤੂੰ ਮੈਨੂੰ ਖ਼ੁਸ਼ ਕਾਹਤੋਂ ਨ੍ਹੀਂ ਦਿਸਦੀ? ਕਿਤੇ ਉੱਥੇ ਘਰ ਵਿੱਚ ਕੋਈ ਗੱਲ ਤਾਂ ਨਹੀਂ ਹੋ ਗਈ? ਮੈਨੂੰ ਦੱਸ ਦੇ ਬੇਟੀ! ਸਿਆਣੇ ਕਹਿੰਦੇ ਹੁੰਦੇ ਆ ਬਈ ਮਾਵਾਂ ਧੀਆਂ ਦਾ ਤਾਂ ਇੱਕ ਪਰਦਾ ਹੁੰਦੈ।” ਮਾਂ ਨੇ ਚਿੰਤਾਤੁਰ ਹੁੰਦਿਆਂ ਪੁੱਛਿਆ।
”ਓ ਕੁਸ਼ ਨ੍ਹੀਂ ਮਾਂ! ਇਹੋ ਜਿਹੀ ਤਾਂ ਕੋਈ ਗੱਲ ਈ ਨਹੀਂ, ਤੈਨੂੰ ਊਂ ਈਂ ਵਹਿਮ ਹੋਈ ਜਾਂਦੈ। ਜੇ ਕੋਈ ਗੱਲ ਹੋਈ ਹੋਵੇ, ਮੈਂ ਫੇਰ ਈ ਦੱਸਾਂ।”
ਉਸ ਨੇ ਇਹ ਕਹਿ ਕੇ ਮਾਂ ਦੀ ਤਾਂ ਭਾਵੇਂ ਤਸੱਲੀ ਕਰਵਾ ਦਿੱਤੀ ਸੀ ਪਰ ਉਸ ਦੇ ਆਪਣੇ ਅੰਦਰ ਹਿਰਖ ਭਰੇ ਬਾਰੂਦ ਦੇ ਗੋਲੇ ਫਟ ਰਹੇ ਸਨ। ਵਿਆਹ ਦੇ ਮੁੱਢਲੇ ਦਿਨਾਂ ਵਿੱਚ ਹੀ ਪਤੀ ਦਾ ਇਹੋ ਜਿਹਾ ਕਰੂਰ ਵਿਹਾਰ! ਇਉਂ ਜ਼ਿੰਦਗੀ ਕਿਵੇਂ ਲੰਘੇਗੀ! ਪਰ ਹੁਣ ਹੋ ਵੀ ਕੀ ਸਕਦੈ? ਉਸ ਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ ਕਿ ਉਹ ਕੀ ਕਰੇ ਕੀ ਨਾ ਕਰੇ। ਉਹ ਹਮੇਸ਼ਾਂ ਹੀ ਸੋਚਾਂ ਵਿੱਚ ਘਿਰੀ ਰਹਿੰਦੀ।
ਉਸ ਨੂੰ ਪਤੀ ਨਾਲ ਆਪਣੀ ਪਹਿਲੀ ਮਿਲਣੀ ਯਾਦ ਆਈ। ਯਾਦ ਕਾਹਦੀ ਆਉਣੀ ਸੀ! ਕੁੜੱਤਣ ਭਰਿਆ ਉਹ ਸਾਰਾ ਵਾਰਤਾਲਾਪ ਤਾਂ ਉਸ ਨੂੰ ਸੁੱਤੀ ਜਾਗਦੀ ਨੂੰ ਡੰਗ ਮਾਰਦਾ ਰਹਿੰਦਾ। ਪਤੀ ਦਾ ਇੱਕ ਇੱਕ ਵਾਕ ਉਸ ਦੇ ਦਿਲ ਵਿੱਚ ਤਿੱਖੀਆਂ ਸੂਲਾਂ ਵਾਂਗ ਖੁੱਭਿਆ ਪਿਆ ਸੀ। ਉਹ ਹਮੇਸ਼ਾਂ ਸੋਚਦੀ ਰਹਿੰਦੀ, ‘ਇਸ ਪਹਿਲੀ ਮਿਲਣੀ ਦਾ ਕੁੜੀਆਂ ਨੂੰ ਕਿੰਨਾ ਚਾਅ ਹੁੰਦੈ! ਸੁਗੰਧੀਆਂ ਭਰੀ ਇਸ ਮੁਲਾਕਾਤ ਲਈ ਤਾਂ ਉਨ੍ਹਾਂ ਨੇ ਬੜੇ ਚਿਰਾਂ ਤੋਂ ਆਪਣੇ ਦਿਲ ਦੇ ਕਿਸੇ ਕੋਨੇ ਵਿੱਚ ਰੀਝਾਂ ਅਰਮਾਨਾਂ ਦੇ ਸੁੱਚੇ ਮੋਤੀਆਂ ਦੇ ਹਾਰ ਪਰੋ ਕੇ ਰੱਖੇ ਹੁੰਦੇ ਹਨ। ਜਦੋਂ ਵਿਆਹ ਦੇ ਦਿਨ ਧਰੇ ਹੋਣ ਉਦੋਂ ਉਨ੍ਹਾਂ ਦਾ ਤਾਂ ਚਾਅ ਨ੍ਹੀਂ ਚੁੱਕਿਆ ਜਾਂਦਾ ਹੁੰਦਾ, ਖਾਰੇ ਬੱਝੀਆਂ ਕੁੜੀਆਂ ਦੀ ਉਤਸੁਕਤਾ ਤੇ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ, ਪਰ ਹਾਏ! ਮੇਰੇ ਨਾਲ ਇਹ ਕੀ ਹੋ ਗਿਐ?’ ਉਹ ਸੋਚਦੀ, ‘ਉਸ ਇੱਕ ਰਾਤ ਨੇ ਮੇਰਾ ਤਾਂ ਜ਼ਿੰਦਗੀ ਭਰ ਦਾ ਚਾਅ ਉਤਸ਼ਾਹ ਹੀ ਤਬਾਹ ਕਰਕੇ ਰੱਖ ਦਿੱਤਾ, ਹੁਣ ਅਗਾਂਹ ਦੀ ਜ਼ਿੰਦਗੀ૴?’ ਮੁੜ ਘਿੜ ਉਹੀ ਸੋਚਾਂ ਉਸ ਦੇ ਦੁਆਲੇ ਆ ਕੇ ਖੜ੍ਹ ਜਾਂਦੀਆਂ:
ਦਿਨ ਚੜ੍ਹਿਆ ਤਾਂ ਸਵੇਰੇ ਉਹ ਪਤੀ ਨਾਲੋਂ ਪਹਿਲਾਂ ਜਾਗ ਗਈ ਤੇ ਆਪਣੇ ਰੁਟੀਨ ਦੇ ਕੰਮ ਨਿਪਟਾਉਣ ਲਈ ਬਾਥਰੂਮ ਵੱਲ ਚਲੀ ਗਈ।
ਉਹ ਅਜੇ ਸੋਚ ਹੀ ਰਹੀ ਸੀ ਕਿ ਪਤੀ ਨੂੰ ਬੈੱਡਰੂਮ ਵਿੱਚ ਜਾ ਕੇ ਕਿਵੇਂ ਤੇ ਕਿਹੜੇ ਸ਼ਬਦ ਬੋਲ ਕੇ ਮੁਸਕਰਾ ਕੇ ਬੁਲਾਇਆ ਜਾਵੇ ਕਿ ਦਰਵਾਜ਼ੇ ਵਿੱਚ ਜਾਂਦੇ ਉਸ ਦੇ ਪੈਰ ਥਾਏਂ ਹੀ ਰੁਕ ਗਏ। ਉਸ ਦੀ ਨਜ਼ਰ ਸਿਰਹਾਣੇ ਦਾ ਢਾਸਣਾ ਲਾਈ ਬੈਠੇ ਪਤੀ ਦੇ ਬੁਝੇ ਹੋਏ ਚਿਹਰੇ ‘ਤੇ ਪਈ। ਉੱਥੋਂ ਸੱਜਰੇ ਵਿਆਹ ਦੇ ਸੂਹੀ ਭਾਹ ਮਾਰਦੇ ਚਾਅ ਮਲ੍ਹਾਰ ਗਾਇਬ ਸਨ ਸਗੋਂ ਚਿਹਰੇ ‘ਤੇ ਬੁਖਲਾਹਟ ਤੇ ਗੁੱਸੇ ਨੇ ਆਪਣੀਆਂ ਗੁਸੈਲ ਪੈੜਾਂ ਕੀਤੀਆਂ ਹੋਈਆਂ ਸਨ ਜੋ ਦੁਲਹਣ ਦੇ ਨੈਣਾਂ ਦੀ ਡਿਊਢੀ ਵਿੱਚੋਂ ਲੰਘ ਕੇ ਧੁਰ ਉਸ ਦੇ ਅੰਦਰ ਤੱਕ ਚਲੀਆਂ ਗਈਆਂ ਸਨ।
”ਕੁਲਦੀਪ! ਇੱਕ ਗੱਲ ਪੁੱਛਣੀ ਸੀ ਤੈਥੋਂ, ਜੇ ਸੱਚੋ ਸੱਚ ਦੱਸ ਦੇਵੇਂਗੀ ਤਾਂ ਮੇਰੇ ਮਨ ਦਾ ਮਣਾਂ ਮੂੰਹੀਂ ਬੋਝ ਹਲਕਾ ਹੋ ਜਾਵੇਗਾ।” ਉਸ ਦੀਆਂ ਨਜ਼ਰਾਂ ਸ਼ੱਕੀ ਤੇ ਘ੍ਰਿਣਤ ਤੱਕਣੀ ਨਾਲ ਨੱਕੋ ਨੱਕ ਭਰੀਆਂ ਹੋਈਆਂ ਸਨ ਪਰ ਨਿਆਣੀ ਉਮਰ ਦੀ ਦੁਲਹਣ ਅਜੇ ਅੱਖਾਂ ਦੀ ਭਾਸ਼ਾ ਪੜ੍ਹਨਾ ਨਹੀਂ ਸੀ ਜਾਣਦੀ।
”ਹਾਂ ਜੀ! ਪੁੱਛੋ! ਕੀ ਪੁੱਛਣਾ ਹੈ?”
”ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਵਿਆਹ ਤੋਂ ਪਹਿਲਾਂ ਕੀ ਕਿਸੇ ਮਿੱਤਰ ਮੁੰਡੇ ਨਾਲ ਤੇਰੇ ਜਿਸਮਾਨੀ ਸਬੰਧ ਰਹੇ ਹਨ?” ਸਵਾਲ ਬਿਲਕੁਲ ਹੀ ਸਿੱਧਾ ਸਪਾਟ ਸੀ, ਜ਼ਹਿਰ ਵਿੱਚ ਭਿਉਂ ਕੇ ਮਾਰੇ ਤੀਰ ਵਰਗਾ।
ਖਿੱਚ ਕੇ ਮਾਰੇ ਇਸ ਤਿੱਖੇ ਤੀਰ ਵਰਗੇ ਸਵਾਲ ਨੇ ਕੁੜੀ ਦਾ ਦਿਲ ਛਲਣੀ ਕਰ ਦਿੱਤਾ ਸੀ। ਉਸ ਨੂੰ ਇਹੋ ਜਿਹੇ ਘਟੀਆ ਸਵਾਲ ਦੀ ਤਾਂ ਉੱਕਾ ਹੀ ਉਮੀਦ ਨਹੀਂ ਸੀ। ਉਸ ਨੂੰ ਇਉਂ ਲੱਗਿਆ ਜਿਵੇਂ ਇਤਿਹਾਸ ਦੀ ਪਾਤਰ ਕਿਸੇ ਲੱਜਾਵੰਤੀ ਦੀ ਦੂਸਰੀ ਵਾਰ ਅਗਨੀ ਪ੍ਰੀਖਿਆ ਹੋ ਰਹੀ ਹੋਵੇ। ਉਸ ਦੇ ਮਾਪਿਆਂ ਦੇ ਘਰ ਵਿੱਚ ਤਾਂ ਬਾਹਰਲੇ ਦੇਸ਼ਾਂ ਦੇ ਪੁਲੀਸ ਸਟੇਸ਼ਨਾਂ ਵਰਗਾ ਸਖ਼ਤ ਅਨੁਸ਼ਾਸਨ ਸੀ ਜਿੱਥੇ ਨੂੰਹਾਂ ਧੀਆਂ ਦੀ ਇੱਜ਼ਤ ਨੂੰ ਹੀ ਸਭ ਤੋਂ ਵੱਡੀ ਦੌਲਤ ਸਮਝਿਆ ਜਾਂਦਾ ਸੀ।
ਬਾਹਰ ਅੰਦਰ ਕਿਤੇ ਵੀ ਇਕੱਲੀਆਂ ਨੂੰ ਨਹੀਂ ਸੀ ਜਾਣ ਦਿੱਤਾ ਜਾਂਦਾ, ਫਿਰ ਇਨ੍ਹਾਂ ਨੂੰ ਇਹ ਕੀ ਸੁੱਝੀ ਕਿ ਪਹਿਲੇ ਦਿਨ ਹੀ ਮੈਨੂੰ ਇਹੋ ਜਿਹਾ ਬੇਹੂਦਾ ਸਵਾਲ ਕਰਕੇ ਮੇਰੇ ਸਵੈਮਾਣ ਨੂੰ ਤਾਰ ਤਾਰ ਕਰ ਦਿੱਤਾ?
”ਤੁਸੀਂ ਮੈਨੂੰ ਇਹ ਸਵਾਲ ਕੁਝ ਸੋਚ ਸਮਝ ਕੇ ਪੁੱਛਣਾ ਸੀ।” ਉਸ ਨੇ ਤਿਲਮਿਲਾ ਕੇ ਉੱਤਰ ਦਿੱਤਾ।
”ਸੋਚ ਸਮਝ ਕੇ ਹੀ ਪੁੱਛਿਆ ਹੈ ਤੈਥੋਂ।”
”ਕੀ ਸਬੂਤ ਹੈ ਤੁਹਾਡੇ ਕੋਲ?”
”ਸਬੂਤ ਤਾਂ ਤੇਰੇ ਸਾਹਮਣੇ ਈ ਐ। ਜੇ ਤੈਨੂੰ ਘੱਟ ਨਿਗਾਹ ਹੋਣ ਕਰਕੇ ਦਿਸਦਾ ਹੀ ਨਹੀਂ, ਤਾਂ ਮੈਂ ਕੀ ਕਰ ਸਕਦਾਂ?” ਉਸਨੇ ਬਿਸਤਰੇ ਦੀ ਸਾਫ਼ ਪਈ ਚਾਦਰ ਵੱਲ ਉਂਗਲ ਸਿੱਧੀ ਕਰ ਦਿੱਤੀ। ”ਜੇ ਤੂੰ ਸੱਚੀ ਸੁੱਚੀ ਹੁੰਦੀ ਤਾਂ ਇਸ ਚਾਦਰ ਨੇ ਆਪਣੇ ਉੱਪਰ ਸੂਹੇ ਲਾਲ ਗੁਲਾਬ ਦੀਆਂ ਪੰਖੜੀਆਂ ਬਿਖੇਰ ਕੇ ਤੇਰੀ ਪਾਕੀਜ਼ਗੀ ਦੀ ਹਾਮੀ ਆਪ ਭਰਨੀ ਸੀ, ਇਸ ਤੋਂ ਵੱਡਾ ਹੋਰ ਸਬੂਤ ਮੈਂ ਕੀ ਦੇ ਸਕਦਾ ਹਾਂ?”
ਪਰ ਉਸ ਨੇ ਤਾਂ ਕੋਈ ਇਖ਼ਲਾਕੀ ਗ਼ਲਤੀ ਕੀਤੀ ਹੀ ਨਹੀਂ ਸੀ, ਫਿਰ ਕੁਦਰਤ ਵੱਲੋਂ ਹੀ ਇਹ ਸਭ ਕੁਝ ਕਿਵੇਂ ਹੋ ਗਿਆ? ਉਸ ਦਾ ਮਨ ਇਕਦਮ ਖੱਟਾ ਹੋ ਗਿਆ ਸੀ। ਕੁਲਦੀਪ ਨੂੰ ਹੁਣ ਸਹੁਰਾਘਰ ਆਪਣਾ ਆਪਣਾ ਨਹੀਂ ਸੀ ਲੱਗਦਾ। ਉਸ ਦੇ ਸਾਰੇ ਚਾਅ ਅਰਮਾਨ ਵਲੂੰਧਰੇ ਗਏ ਸਨ। ਪਤੀ ਨੇ ਤਾਂ ਦਿਲ ਦੀ ਆਰਸੀ ਵਿੱਚ ਮੂੰਹ ਦੇਖਣ ਤੋਂ ਪਹਿਲਾਂ ਹੀ ਉਸ ਨੂੰ ਤੋੜ ਮਰੋੜ ਕੇ ਚੂਰ ਚੂਰ ਕਰ ਦਿੱਤਾ ਸੀ। ਪੇਕੇ ਘਰ ਆ ਕੇ ਵੀ ਉਹ ਚੁੱਪ-ਚੁੱਪ ਹੀ ਰਹੀ ਜਿਵੇਂ ਹੱਸਣ ਖੇਡਣ ਦੇ ਉਹ ਦਿਨ ਉਸ ਨਾਲ ਰੁੱਸ ਕੇ ਕਿਤੇ ਦੂਰ ਨੱਸ ਗਏ ਹੋਣ। ਦੰਪਤੀ ਰਿਸ਼ਤੇ ਵਿੱਚੋਂ ਉਸ ਦੀ ਸਾਰੀ ਦਿਲਚਸਪੀ ਹੀ ਖ਼ਤਮ ਹੋ ਗਈ ਸੀ।
ਉਸ ਦੀ ਸੱਸ ਤਾਂ ਕਦੋਂ ਦੀ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੀ ਸੀ। ਕੋਈ ਨਣਦ ਵੀ ਨਹੀਂ ਸੀ। ਬਾਕੀ ਟੱਬਰ ਦੇ ਜੀਅ ਆਪੋ ਆਪਣੀ ਮੌਜ ਮਸਤੀ ਵਿੱਚ ਮਸ਼ਰੂਫ ਸਨ। ਸਿਰਫ਼ ਸਹੁਰਾ ਹੀ ਸੀ ਜਿਸ ਨੂੰ ਸੋਚ ਬਣੀ ਹੋਈ ਸੀ ਕਿ ਇਹ ਮੁੰਡਾ ਤਾਂ ਬਹੂ ਨੂੰ ਲਿਆਉਣ ਦਾ ਨਾਂ ਹੀ ਨਹੀਂ ਲੈ ਰਿਹਾ, ਆਖ਼ਰ ਵਿੱਚੋਂ ਗੱਲ ਕੀ ਹੈ? ਪਤਾ ਤਾਂ ਲੱਗੇ ਕੁਸ਼।” ਇਹੀ ਝੋਰਾ ਉਸ ਨੂੰ ਵੱਢ ਵੱਢ ਖਾਈ ਜਾ ਰਿਹਾ ਸੀ।
”ਉਏ! ਗੁਰਦੀਪ ਉਏ!” ਇੱਕ ਦਿਨ ਉਸ ਨੇ ਵਿਹਲੇ ਬੈਠੇ ਮੁੰਡੇ ਕੋਲ ਆ ਕੇ ਆਪਣੇ ਆਪ ਹੀ ਗੱਲ ਛੇੜ ਲਈ, ”ਮਖਾਂ! ਤੂੰ ਬਹੂ ਨੂੰ ਲੈਣ ਸਹੁਰਿਆਂ ਨੂੰ ਕਦੋਂ ਜਾਣੈਂ? ਹੁਣ ਤਾਂ ਵਾਹਵਾ ਦਿਨ ਹੋ ‘ਗੇ ਉਹਨੂੰ ਗਈ ਨੂੰ।”
”ਬਾਪੂ ਜੀ! ਨਾ ਮੈਂ ਉਹ ਲੈ ਕੇ ਆਉਣੀ ਐ, ਨਾ ਮੈਂ ਉਹ ਰੱਖਣੀ ਐ, ਮੈਂ ਤਾਂ ਹੁਣ ਨਿਬੇੜਾ ਈ ਕਰੂੰਗਾ ਉਹਦੇ ਨਾਲ।” ਮੁੰਡੇ ਨੇ ਪਿਉ ਨੂੰ ਦੋ ਟੁੱਕ ਗੱਲ ਸੁਣਾ ਦਿੱਤੀ। ‘ਕਿਉਂ, ਕੀ ਗੱਲ ਹੋ ਗਈ ਐਡੀ ਛੇਤੀ? ਅਖੇ ਕੋਹ ਨਾ ਆਈ, ਬਾਬਾ ਮੈਂ ਮਰੀ ਤਿਹਾਈ। ਮੈਂ ਪੁੱਛਦਾਂ ਬਈ ਰੱਖਣੀ ਕਾਹਤੋਂ ਨੀਂ? ਐਡੀ ਕੀ ਖੁਨਾਮੀ ਹੋ ਗਈ ਉਸ ਵਿਚਾਰੀ ਤੋਂ ਆਉਂਦਿਆਂ ਈ? ਮੈਨੂੰ ਤੂੰ ਗੱਲ ਤਾਂ ਦੱਸ ਕੀ ਹੋਈ ਆ? ਸਹੁਰੀ ਦਿਆ! ਦੁਰ ਫਿੱਟੇ ਮੂੰਹ ਤੇਰੇ ਜਣਦਿਆਂ ਦੇ! ਸੋਹਣੇ ਤੂੰ ਮੇਰੀ ਦਾੜ੍ਹੀ ‘ਚ ਫੁੱਲ ਪਵਾਉਣ ਲੱਗਿਐਂ! ਨਾ ਇਉਂ ਤਾਂ ਦੱਸ, ਲੋਕ ਆਪਾਂ ਨੂੰ ਕੀ ਕਹਿਣਗੇ? ਬਈ, ਜੇ ਕੰਜਰਾਂ ਦੇ ਘਰੇ ਧੀ ਭੈਣ ਹੁੰਦੀ ਤਾਂ ਇਹ ਬਿਗਾਨੀ ਧੀ ਨਾਲ ਇਉਂ ਧੱਕਾ ਕਰਦੇ? ਓ ਭਲਿਆ ਮਾਣਸਾ! ਅਕਲ ਨੂੰ ਹੱਥ ਮਾਰ ਭੋਰਾ !” ਬਜ਼ੁਰਗ ਪਿਉ ਨੇ ਨੈਤਿਕਤਾ ਦੀ ਹੁੱਝ ਮਾਰ ਕੇ ਉਸ ਨੂੰ ਮਾਨਸਿਕ ਹਲੂਣਾ ਦਿੱਤਾ।
”ਨਹੀਂ ਬਾਪੂ ਜੀ! ਮੇਰਾ ਨ੍ਹੀਂ ਮਨ ਮੰਨਦਾ ਉਹਨੂੰ ਲਿਆਉਣ ਵਾਸਤੇ।” ਮੁੰਡੇ ਨੇ ਫਿਰ ਸਿਰ ਫੇਰ ਦਿੱਤਾ।
”ਨਹੀਂ ਪੁੱਤ! ਨਿਆਣਿਆਂ ਵਾਲੀ ਮੱਤ ਨ੍ਹੀਂ ਵਰਤੀਦੀ, ਚੱਲ ਹੋ ਤਿਆਰ, ਮੈਂ ਚਲਦਾਂ ਤੇਰੇ ਨਾਲ, ਆਪਾਂ ਬਹੂ ਨੂੰ ਘਰ ਲੈ ਕੇ ਆਈਏ, ਕਮਲਿਆ! ਇੱਕ ਵਾਰੀ ਦੀ ਪਈ ਤਰੇੜ ਮੁੜ ਕੇ ਨ੍ਹੀਂ ਸਾਰੀ ਉਮਰ ਸੂਤ ਆਉਂਦੀ ਹੁੰਦੀ। ਨਿਆਣਪੁਣੇ ਦੀਆਂ ਨਿੱਕੀਆਂ ਨਿੱਕੀਆਂ ਅੜੀਆਂ ਨਾਲ ਹੀ ਘਰ ਪੱਟਿਆ ਜਾਂਦਾ ਹੁੰਦੈ। ਕਾਕਾ! ਤੂੰ ਸਮਝਦਾ ਕਿਉਂ ਨ੍ਹੀਂ ਮੇਰੀ ਗੱਲ? ਚੱਲ ਉੱਠ, ਹੋ ਤਿਆਰ ਚਲੀਏ ਕੁੜੀ ਨੂੰ ਲੈਣ।”
ਫਿਰ ਉਹ ਚੁੱਪ ਕਰਕੇ ਨੀਵੀਂ ਪਾਈ ਪਿਉ ਦੇ ਨਾਲ ਤੁਰ ਪਿਆ ਤੇ ਸਹੁਰੇ ਘਰ ਪਹੁੰਚ ਗਿਆ। ਕੁਲਦੀਪ ਨੇ ਰਸਮੀ ਤੌਰ ‘ਤੇ ਸਹੁਰੇ ਨੂੰ ਪੈਰੀਂ ਪੈਣਾ ਕੀਤਾ। ਗੁਰਦੀਪ ਵੱਲੀਂ ਤਾਂ ਉਹ ਝਾਕੀ ਤੱਕ ਨਹੀਂ ਸੀ। ਉਸ ਦੀ ਮਾਂ ਨੇ ਹੀ ਘਰ ਆਏ ਸੱਗਾ ਰੱਤਿਆਂ ਨੂੰ ਚਾਹ ਪਾਣੀ ਫੜਾਇਆ ਪਰ ਕੁੜੀ ਉਵੇਂ ਹੀ ਮੂੰਹ ਸੁਜਾ ਕੇ ਬੈਠੀ ਰਹੀ।
”ਤੁਸੀਂ ਸਰਦਾਰਨੀ ਜੀ! ਲੜਕੀ ਨੂੰ ਤਿਆਰ ਹੋਣ ਲਈ ਕਹੋ। ਅਸੀਂ ਜੀ ਲੈਣ ਆਏ ਆਂ ਬੇਟੀ ਨੂੰ।” ਬਜ਼ੁਰਗ ਨੇ ਖੰਘੂਰਾ ਮਾਰਦਿਆਂ ਗੱਲ ਸ਼ੁਰੂ ਕੀਤੀ।
ਮਾਂ ਅਜੇ ਉਨ੍ਹਾਂ ਨਾਲ ਕੋਈ ਗੱਲ ਕਰਨ ਵਾਸਤੇ ਮੂੰਹ ਖੋਲ੍ਹਣ ਹੀ ਲੱਗੀ ਸੀ ਕਿ ਕੁੜੀ ਪਹਿਲਾਂ ਹੀ ਬੋਲ ਪਈ, ”ਨਹੀਂ ਬਾਪੂ ਜੀ! ਮੈਂ ਨਹੀਂ ਜਾਣਾ।” ਜਦੋਂ ਦੇ ਉਹ ਆਏ ਸੀ, ਕੁਲਦੀਪ ਦੁਆਰਾ ਬੋਲਿਆ ਗਿਆ ਇਹ ਪਹਿਲਾ ਵਾਕ ਸੀ।
”ਕਿਉਂ ਨਹੀਂ ਜਾਣਾ ਧੀਏ? ਤੈਨੂੰ ਉੱਥੇ ਕੀ ਪ੍ਰੇਸ਼ਾਨੀ ਐਂ? ਬੇਟੀ! ਮੈਂ ਕਾਰਨ ਜਾਣਨਾ ਚਾਹੁੰਦਾ ਹਾਂ।”
”ਕਾਰਨ૴? ਕਾਰਨ ਤੁਸੀਂ ਇਨ੍ਹਾਂ ਤੋਂ ਪੁੱਛ ਕੇ ਈ ਘਰੋਂ ਤੁਰਨਾ ਸੀ।” ”ਲੈ ਮੈਂ ਕਿਤੇ ਤੇਰੇ ਭਾਅ ਦਾ ਇਹਤੋਂ ਕੁਸ਼ ਪੁੱਛਿਆ ਈ ਨਹੀਂ। ਇਹਨੇ ਸਹੁਰੀ ਦੇ ਨੇ ਮੈਨੂੰ ਤਾਂ ਕਿਸੇ ਰਾਹ ਈ ਨ੍ਹੀਂ ਪਾਇਆ ਡੁੰਨ ਵੱਟੇ ਜਿਹੇ ਨੇ। ਚਲ ਸਾਊ! ਫੇਰ ਤੂੰ ਈਂ ਦੱਸ ਦੇ ਬੱਚੀਏ! ਗੱਲ ਕਿਸੇ ਸਿਰੇ ਤਾਂ ਲੱਗੇ।”
”ਬਾਪੂ ਜੀ! ਮੈਂ ਤੁਹਾਨੂੰ ਸਿੱਧੀ ਗੱਲ ਤਾਂ ਨਹੀਂ ਦੱਸ ਸਕਦੀ। ਇੱਕ ਉਦਾਹਰਣ ਨਾਲ ਹੀ ਸਮਝਾ ਸਕਦੀ ਹਾਂ। ਮੰਨ ਲਉ ਜੇ ਕਿਸੇ ਨੇ ਤੁਹਾਨੂੰ ਸੌ ਦਾ ਬੱਝਾ ਨੋਟ ਦਿੱਤਾ ਹੋਵੇ ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਬਈ ਇਹ ਤਾਂ ਨੜ੍ਹਿਨਵੇਂ ਰੁਪਏ ਹੀ ਹਨ?”
”ਨਹੀਂ ਭਾਈ ਕਾਕੀ! ਸੌ ਦੇ ਨੋਟ ਨੂੰ ਤਾਂ ਕੋਈ ਕਮਲਾ ਵੀ ਨੜ੍ਹਿਨਵੇਂ ਰੁਪਈਏ ਨ੍ਹੀਂ ਕਹਿ ਸਕਦਾ। ਸੌ ਦਾ ਬੱਝਿਆ ਨੋਟ ਤਾਂ ਪੂਰੇ ਸੌ ਰੁਪਏ ਈ ਹੁੰਦੇ ਨੇ ਪਰ ਮਸਲਾ ਤਾਂ ਅਜੇ ਵੀ ਮੇਰੀ ਸਮਝ ਵਿੱਚ ਨਹੀਂ ਆ ਸਕਿਆ।” ਅਨਪੜ੍ਹ ਬਜ਼ੁਰਗ ਨੇ ਇਸ ਉਦਾਹਰਣ ਨੂੰ ਨਾ ਸਮਝ ਸਕਣ ਲਈ ਆਪਣੀ ਲਾਚਾਰੀ ਵਿਖਾਈ।
”ਬੱਸ! ਇਸ ਤੋਂ ਅਗਾਂਹ ਸਮਝਣ ਦੀ ਤੁਹਾਨੂੰ ਲੋੜ ਵੀ ਨਹੀਂ। ਸਮਝਣ ਵਾਲਾ ਸਮਝ ਹੀ ਗਿਆ ਹੋਣੈ। ਹੁਣ ਇਸ ਤੋਂ ਅਗਾਂਹ ਮੈਂ ਹੋਰ ਕੁਝ ਕਹਿਣਾ ਵੀ ਨਹੀਂ।”
ਮੁੰਡਾ ਅਜੇ ਵੀ ਸ਼ੱਕ ਤੇ ਸੱਚ ਦੀਆਂ ਦੋ ਨੰਗੀਆਂ ਤਲਵਾਰਾਂ ਦੇ ਵਿਚਕਾਰ ਬੈਠਾ ਸੋਚੀ ਜਾ ਰਿਹਾ ਸੀ ਕਿ ਸਿਉਂਕ ਦੀਆਂ ਨਿੱਕੀਆਂ ਨਿੱਕੀਆਂ ਕੀੜੀਆਂ ਬਹੁਤ ਹੀ ਖ਼ਤਰਨਾਕ ਹੁੰਦੀਆਂ ਹਨ, ਇਹ ਤਾਂ ਜਿਹੜੀ ਵੀ ਚੀਜ਼ ਨੂੰ ਲੱਗ ਜਾਣ ਉਸ ਨੂੰ ਖ਼ਤਮ ਕਰਕੇ ਹੀ ਸਾਹ ਲੈਂਦੀਆਂ ਹਨ। ਅਜੇ ਵੀ ਸੰਭਲਣ ਦਾ ਵੇਲਾ ਹੈ। ਨਹੀਂ ਤਾਂ ਇਸ ਸ਼ੱਕ ਦੀ ਸਿਉਂਕ ਨੇ ਤਾਂ ਸਾਡਾ ਖਹਿੜਾ ਨਹੀਂ ਛੱਡਣਾ। ਇਹ ਤਾਂ ਸਾਡੀ ਪੂਰੀ ਪਰਿਵਾਰਕ ਜ਼ਿੰਦਗੀ ਨੂੰ ਹੀ ਨਸ਼ਟ ਕਰ ਦੇਵੇਗੀ। ਹਾਏ! ਉਏ ਡਾਢਿਆ ਰੱਬਾ! ਇਹ ਮੈਂ ਕੀ ਕਰ ਬੈਠਾ! ਮੈਂ ਕਹਿੰਨਾ, ਦੁਰ ਫਿੱਟੇ ਮੂੰਹ ਮੇਰੇ ਵਰਗਿਆਂ ਨੂੰ ਮਰਦ ਕਹਾਉਣ ਦਾ! ਮੇਰੇ ਵਾਲਾ ਇਹ ਸਵਾਲ ਸਦੀਆਂ ਤੋਂ ਕਦੇ ਕਿਸੇ ਔਰਤ ਨੇ ਮਰਦ ਕੋਲੋਂ ਕਿਉਂ ਨਹੀਂ ਪੁੱਛਿਆ? ਮਰਦ ਹੀ ਕਿਉਂ ਪੁੱਛਦੇ ਹਨ ਇਹੋ ਜਿਹੇ ਊਟ ਪਟਾਂਗ ਸਵਾਲ? ਇਹੀ ਸਵਾਲ ਮਰਦਾਂ ਤੋਂ ਪੁੱਛਣ ਦਾ ਹੱਕ ਤਾਂ ਔਰਤਾਂ ਨੂੰ ਵੀ ਹੋਣਾ ਚਾਹੀਦਾ ਪਰ ਔਰਤਾਂ ਜਿੰਨਾ ਸਬਰ ਤੇ ਸਹਿਣਸ਼ੀਲਤਾ ਮਰਦਾਂ ਵਿੱਚ ਹੈ ਹੀ ਕਿੱਥੇ!