Monday, May 19, 2025
14.4 C
Vancouver

ਮਾਂ ਬੋਲੀ

ਵੇ ਮੈਂ ਬੋਲੀ ਬਾਬੇ ਨਾਨਕ ਦੀ,
ਤੁਸੀਂ ਰੋਲ਼ਿਆ ਵਿੱਚ ਬਜ਼ਾਰਾਂ !

ਮੈਨੂੰ ਲਿਖਿਆ ਸੀ ਕਦੇ ਬੁੱਲੇ ਨੇ ,
ਪੜ੍ਹਿਆ ਸ਼ਾਹ ਮੁੰਹਮਦ ਯਾਰਾਂ !

ਮੈਨੂੰ ਵਾਰਿਸ਼ ਵਰਗੇ ਲਿਖਦੇ ਰਹੇ,
ਮੇਰੇ ਪੁੱਤ ਕਈ ਫ਼ਰੀਦ ਹਜਾਰਾਂ !

ਮੇਰੇ ਪੰਜ ਆਬ ਜੋ ਲਾਡਲੇ ਸੀ ,
ਅੱਜ ਜ਼ਹਿਰ ਦੀਆਂ ਬਣਗੇ ਧਾਰਾਂ !

ਜੱਗ ਤੇ ਜਿਉਣ ਜੁਬਾਨਾਂ ਉਹ,
ਜਿਸ ਦੀਆਂ ਪੁੱਤਰ ਲੈਂਦੇ ਸਾਰਾਂ !

ਵੇ ਮੈਂ ਤਾਂ ਮਾਖਿਓਂ ਮਿੱਠੀ ਸੀ,
ਵਿੱਚ ਰਲ਼ ਗਏ ਸ਼ਬਦ ਹਜ਼ਾਰਾਂ !

ਕਦੇ ਜੰਮੇਂ ਭਗਤ ਸਰਾਭੇ ਸੀ,
ਹੁਣ ਦੇ ਗੱਭਰੂ ਬਣ ਗਏ ਡਾਰਾਂ !

ਪਤ ਲੁੱਟ ਲਈ ਆਪਣਿਆਂ ਨੇ ,
ਵੱਢ ਕੇ ਟੋਟੇ ਕਰੇ ਹਜ਼ਾਰਾਂ !

ਵੇ ਮੈਨੂੰ ਵਿੱਚ ਸੰਨ ਸੰਤਾਲ਼ੀ ਦੇ ,
ਪਈਆਂ ਪੁੱਤਰਾਂ ਹੱਥੋਂ ਮਾਰਾਂ !

ਫੇਰ ਆ ਕੇ ਵਿੱਚ ਚੌਰਾਸੀ ਦੇ ,
ਕਾਲ਼ਾ ਮੂੰਹ ਕਰਿਆ ਸਰਕਾਰਾਂ !

ਹੁਣ ਦੁੱਖੜੇ ਹੋਰ ਵੀ ਡਾਹਡੇ ਨੇ ,
ਮੇਰੀਆਂ ਬਿੰਨ੍ਹੀਆਂ ਪਈਆਂ ਨਾੜਾਂ !

ਲਓ ਸਾਂਭ ਵੇ ਹੁਣ ਜੀਤ ਸਿਆਂ ,
ਇਹ ਤਾਂ ਗੰਦੀਆਂ ਨੇ ਸਰਕਾਰਾਂ !

ਲਿਖਤ : ਸਰਬਜੀਤ ਸਿੰਘ ਨਮੋਲ਼
ਸੰਪਰਕ : 98773-58044