Sunday, May 18, 2025
9.2 C
Vancouver

ਫੈਡਰਲ ਚੋਣਾਂ ਤੋਂ ਬਾਅਦ ਕਰਵਾਏ ਸਰਵੇਖਣ ‘ਚ ਦੋ-ਪਾਰਟੀ ਪ੍ਰਣਾਲੀ ‘ਤੇ ਲੋਕਾਂ ਨੇ ਜਤਾਈ ਚਿੰਤਾ 

ਔਟਵਾ, (ਏਕਜੋਤ ਸਿੰਘ): ਹਾਲ ਹੀ ਵਿੱਚ ਲੇਜਰ ਮਾਰਕੀਟਿੰਗ ਵੱਲੋਂ ਕਰਵਾਏ ਗਏ ਇੱਕ ਨਵੇਂ ਸਰਵੇਖਣ ਵਿੱਚ ਇਹ ਸਾਹਮਣੇ ਆਇਆ ਹੈ ਕਿ ਬਹੁਤ ਸਾਰੇ ਕੈਨੇਡੀਅਨ ਦੇਸ਼ ਲਈ ਦੋ-ਪਾਰਟੀ ਪ੍ਰਣਾਲੀ ਨੂੰ ਉਚਿਤ ਨਹੀਂ ਮੰਨਦੇ। ਇਹ ਸਰਵੇਖਣ ਅਪ੍ਰੈਲ 2025 ਦੀਆਂ ਫੈਡਰਲ ਚੋਣਾਂ ਤੋਂ ਬਾਅਦ ਮਈ 1 ਤੋਂ 3 ਤੱਕ ਕਰਵਾਇਆ ਗਿਆ ਸੀ, ਜਿਸ ਵਿੱਚ 1,600 ਤੋਂ ਵੱਧ ਲੋਕਾਂ ਨੇ ਭਾਗ ਲਿਆ।
ਚੋਣਾਂ ਵਿੱਚ ਜਿੱਥੇ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀਆਂ ਨੇ ਮਿਲ ਕੇ 343 ਵਿੱਚੋਂ 313 ਸੀਟਾਂ ਜਿੱਤੀਆਂ, ਉਥੇ ਸਰਵੇਖਣ ਦੇ ਨਤੀਜਿਆਂ ਨੇ ਦਰਸਾਇਆ ਕਿ ਲੋਕ ਚਾਹੁੰਦੇ ਹਨ ਕਿ ਮੌਜੂਦਾ ਬਹੁ-ਪਾਰਟੀ ਪ੍ਰਣਾਲੀ ਜਾਰੀ ਰਹੇ।
49 ਪ੍ਰਤੀਸ਼ਤ ਨੇ ਦੋ-ਪਾਰਟੀ ਪ੍ਰਣਾਲੀ ਦਾ ਵਿਰੋਧ ਕੀਤਾ, ਜਦਕਿ 30 ਪ੍ਰਤੀਸ਼ਤ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਇਹ ਚੰਗੀ ਹੈ ਜਾਂ ਨਹੀਂ। ਸਿਰਫ 21 ਪ੍ਰਤੀਸ਼ਤ ਲੋਕਾਂ ਨੇ ਇਸ ਪ੍ਰਣਾਲੀ ਨੂੰ ਸਮਰਥਨ ਦਿੱਤਾ।
ਸਰਵੇਖਣ ਦੇ ਅਨੁਸਾਰ, ਓਨਟਾਰੀਓ ਅਤੇ ਅਲਬਰਟਾ ਦੇ ਲੋਕ ਸਭ ਤੋਂ ਵੱਧ ਦੋ-ਪਾਰਟੀ ਪ੍ਰਣਾਲੀ ਦੇ ਹੱਕ ‘ਚ ਸਨ, ਜਿੱਥੇ 23% ਨੇ ਇਸਨੂੰ ਚੰਗਾ ਕਿਹਾ। ਬ੍ਰਿਟਿਸ਼ ਕੋਲੰਬੀਆ ਵਿੱਚ 22% ਅਤੇ ਕਿਊਬੈਕ ਵਿੱਚ 20% ਲੋਕਾਂ ਨੇ ਦੋ-ਪਾਰਟੀ ਪ੍ਰਣਾਲੀ ਦੀ ਹਮਾਇਤ ਕੀਤੀ।
ਸਿਆਸੀ ਪਾਰਟੀਆਂ ਦੇ ਸਮਰਥਕਾਂ ਵਿਚ ਵੀ ਵੱਖਰੀ ਰਾਏ
ਕੰਜ਼ਰਵੇਟਿਵ ਪਾਰਟੀ ਦੇ 30% ਸਮਰਥਕ ਦੋ-ਪਾਰਟੀ ਪ੍ਰਣਾਲੀ ਦੇ ਹੱਕ ‘ਚ ਸਨ
ਲਿਬਰਲ ਪਾਰਟੀ ਦੇ ਸਿਰਫ 17% ਸਮਰਥਕਾਂ ਨੇ ਇਸਦਾ ਸਮਰਥਨ ਕੀਤਾ
ਐਨਡੀਪੀ ਦੇ ਸਿਰਫ 14% ਹਮਾਇਤੀ ਇਸ ਵਿਚ ਰੁਚੀ ਰੱਖਦੇ ਹਨ
ਇਹ ਨਤੀਜੇ ਸਾਫ਼ ਕਰਦੇ ਹਨ ਕਿ ਕੈਨੇਡੀਅਨ ਜਨਤਾ ਸਿਆਸੀ ਵਿਭਿੰਨਤਾ ਦੀ ਪੱਖਦਾਰ ਹੈ ਅਤੇ ਦੇਸ਼ ਦੀ ਬਹੁ-ਪਾਰਟੀ ਪ੍ਰਣਾਲੀ ਨੂੰ ਕਾਇਮ ਰੱਖਣਾ ਚਾਹੁੰਦੀ ਹੈ। ਇਹ ਰੁਝਾਨ ਸਿਰਫ ਸਿਆਸੀ ਪਾਰਟੀਆਂ ਹੀ ਨਹੀਂ, ਸੂਬਾਈ ਸਰਹੱਦਾਂ ਤੋਂ ਪਾਰ ਵੀ ਇੱਕਜੁਟ ਲਗਦਾ ਹੈ।
ਹਾਲਾਂਕਿ ਸਰਵੇਖਣ ਆਨਲਾਈਨ ਕੀਤਾ ਗਿਆ ਸੀ ਅਤੇ ਇਸ ਦੀ ਮਾਰਜਿਨ ਆਫ ਐਰਰ ਨਹੀਂ ਦਿੱਤੀ ਗਈ, ਫਿਰ ਵੀ ਇਹ ਨਤੀਜੇ ਕੈਨੇਡਾ ਦੀ ਭਵਿੱਖੀ ਸਿਆਸਤ ‘ਤੇ ਪ੍ਰਭਾਵ ਪਾ ਸਕਦੇ ਹਨ।
This report was written by Ekjot Singh as part of the Local Journalism Initiative.