Sunday, May 18, 2025
9.2 C
Vancouver

ਟੈਰਿਫ ਵਾਲੀਆਂ ਵਸਤੂਆਂ ਦੀ ਗਿਣਤੀ ਤਿੰਨ ਗੁਣਾ ਵਧੇਗੀ: ਲੋਬਲੌ ਨੇ ਦਿੱਤੀ ਕੀਮਤਾਂ ‘ਚ ਵਾਧੇ ਦੀ ਚੇਤਾਵਨੀ

ਵੈਨਕੂਵਰ (ਏਕਜੋਤ ਸਿੰਘ): ਕੈਨੇਡਾ ਦੀ ਸਭ ਤੋਂ ਵੱਡੀ ਰਿਟੇਲ ਕੰਪਨੀ ਲੋਬਲੌ ਕੰਪਨੀਜ਼ ਲਿਮਟਿਡ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਹਫਤਿਆਂ ਵਿੱਚ ਟੈਰਿਫ-ਪ੍ਰਭਾਵਿਤ ਉਤਪਾਦਾਂ ਦੀ ਗਿਣਤੀ ਤਿੰਨ ਗੁਣਾ ਤੱਕ ਵਧ ਸਕਦੀ ਹੈ, ਜਿਸ ਨਾਲ ਗਾਹਕਾਂ ਨੂੰ ਭੋਜਨ, ਰਸੋਈ ਅਤੇ ਸਿਹਤ ਨਾਲ ਸੰਬੰਧਤ ਉਤਪਾਦਾਂ ਲਈ ਵਾਧੂ ਕੀਮਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੰਪਨੀ ਦੇ ਸੀਈਓ ਪਰ ਬੈਂਕ ਨੇ ਇੱਕ ਲਿੰਕਡਇਨ ਪੋਸਟ ਰਾਹੀਂ ਦੱਸਿਆ ਕਿ ਹੁਣ ਤੱਕ ਲਗਭਗ 1,000 ਵਸਤੂਆਂ ਨੂੰ ਟੈਰਿਫ-ਪ੍ਰਭਾਵਿਤ ਵਜੋਂ ਦਰਜ ਕੀਤਾ ਗਿਆ ਹੈ, ਪਰ ਇਹ ਗਿਣਤੀ ਇੱਕ ਜਾਂ ਦੋ ਹਫਤਿਆਂ ਵਿੱਚ 3,000 ਤੋਂ ਵੱਧ ਹੋ ਸਕਦੀ ਹੈ ਅਤੇ ਅਗਲੇ ਦੋ ਮਹੀਨਿਆਂ ਵਿੱਚ 6,000 ਉਤਪਾਦ ਟੈਰਿਫ ਦੇ ਘੇਰੇ ਵਿੱਚ ਆ ਸਕਦੇ ਹਨ।
ਬੈਂਕ ਨੇ ਚੇਤਾਵਨੀ ਦਿੱਤੀ ਕਿ ਜਦੋਂ ਤਕ ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਟੈਰਿਫ ਸਥਿਤੀ ਵਿੱਚ ਸੁਧਾਰ ਨਹੀਂ ਹੁੰਦਾ, ਤਦ ਤਕ ਕੈਨੇਡੀਅਨ ਖਪਤਕਾਰਾਂ ਨੂੰ ਕੀਮਤਾਂ ਵਿੱਚ ਵਾਧਾ ਝੱਲਣਾ ਪਵੇਗਾ।
ਅਪ੍ਰੈਲ ਵਿੱਚ, ਕਾਰਨੀ ਸਰਕਾਰ ਨੇ $60 ਅਰਬ ਡਾਲਰ ਦੇ ਕਾਊਂਟਰ-ਟੈਰਿਫ ਐਲਾਨ ਵਿੱਚ ਸੁਧਾਰ ਕਰਦਿਆਂ ਕਈ ਉਤਪਾਦਾਂ ‘ਤੇ ਟੈਰਿਫ ਮੁਅੱਤਲ ਕਰ ਦਿੱਤੇ। ਇਹ ਸੁਧਾਰ ਖਾਸ ਕਰਕੇ ਉਨ੍ਹਾਂ ਉਤਪਾਦਾਂ ਲਈ ਕੀਤੇ ਗਏ ਜੋ ਕੈਨੇਡਾ ਵਿੱਚ ਬਣਾਉਣ ਜਾਂ ਪੈਕੇਜ ਕਰਨ ਲਈ ਵਰਤੇ ਜਾਂਦੇ ਹਨ।
ਉਦਾਹਰਣ ਵਜੋਂ, ਦੁੱਧ ਜਿਵੇਂ ਉਤਪਾਦ ਜਦ ਤੱਕ ਨਿਰਮਾਣ ਲਾਈਨ ਲਈ ਆਯਾਤ ਕੀਤੇ ਜਾਂਦੇ ਹਨ, ਉਨ੍ਹਾਂ ‘ਤੇ ਟੈਰਿਫ ਨਹੀਂ ਲੱਗੇਗਾ। ਪਰ ਜੇ ਰਿਟੇਲ ਵਿਕਰੀ ਲਈ ਉਤਪਾਦ ਆਉਂਦਾ ਹੈ ਤਾਂ ਉਹ ਟੈਰਿਫ ਦੇ ਅਧੀਨ ਹੋਵੇਗਾ।
ਬੈਂਕ ਨੇ ਇਸ ਨੀਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਤਬਦੀਲੀਆਂ ਕੰਪਨੀਆਂ ਅਤੇ ਗਾਹਕ ਦੋਹਾਂ ਲਈ ਲਾਭਕਾਰੀ ਹਨ, ਪਰ ਅਜੇ ਵੀ ਕੁਝ ਮੁੱਖ ਉਤਪਾਦਾਂ ਉੱਤੇ ਟੈਰਿਫ ਦਾ ਬੋਝ ਬਣਿਆ ਰਹੇਗਾ। ਆਕਸਫੋਰਡ ਇਕਨਾਮਿਕਸ ਦੇ ਟੋਨੀ ਸਟਿੱਲੋ ਨੇ ਕਿਹਾ ਕਿ ਕੈਨੇਡਾ ਨੇ ਹੌਲ੍ਹੀ-ਹੌਲ੍ਹੀ ਕਾਊਂਟਰ-ਟੈਰਿਫਾਂ ਨੂੰ ਹਟਾ ਕੇ ਕੀਮਤਾਂ ‘ਤੇ ਹੋ ਰਹੇ ਦਬਾਅ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਾਰਨ, ਅਮਰੀਕਾ ਉੱਤੇ ਲੱਗਦੇ ਟੈਰਿਫ ਲਗਭਗ ਸਿਫ਼ਰ ਦੇ ਕੋਲ ਪਹੁੰਚ ਰਹੇ ਹਨ। ਯੂਨੀਵਰਸਿਟੀ ਆਫ ਗੁਐਲਫ ਦੇ ਪ੍ਰੋਫੈਸਰ ਮਾਈਕ ਵੌਨ ਮੈਸੋ ਨੇ ਕਿਹਾ ਕਿ ਕੈਨੇਡਾ ਨੇ ਜਿਨ੍ਹਾਂ ਉਤਪਾਦਾਂ ਉੱਤੇ ਟੈਰਿਫ ਲਗਾਏ ਹਨ, ਉਹਨਾਂ ਦੇ ਕਨੇਡੀਅਨ ਵਿਕਲਪ ਮੌਜੂਦ ਹਨ, ਜਿਵੇਂ ਡੇਅਰੀ, ਪੋਲਟਰੀ ਅਤੇ ਅਨਾਜ। ਉਨ੍ਹਾਂ ਨੇ ਕਿਹਾ, ”ਜੇ ਤੁਸੀਂ ਵਿਸਕੌਨਸਿਨ ਦਾ ਖਾਸ ਚੈਡਰ ਚੀਜ਼ ਚਾਹੁੰਦੇ ਹੋ, ਤਾਂ ਹੁਣ ਉਹ ਮਹਿੰਗਾ ਮਿਲੇਗਾ।” ਵੌਨ ਮੈਸੋ ਅਨੁਸਾਰ, ਭਾਵੇਂ ਕਈ ਵਸਤੂਆਂ ‘ਤੇ ਸਿੱਧਾ ਟੈਰਿਫ ਨਹੀਂ ਲੱਗ ਰਿਹਾ, ਪਰ ਅਮਰੀਕੀ ਧਾਤ ਟੈਰਿਫ ਅਤੇ ਵਪਾਰ ਜੰਗ ਦੀ ਅਣਿਸ਼ਚਿਤਤਾ ਕਾਰਨ ਕੀਮਤਾਂ ‘ਚ ਅਸਿੱਧਾ ਵਾਧਾ ਹੋ ਸਕਦਾ ਹੈ। This report was written by Ekjot Singh as part of the Local Journalism Initiative.