Monday, May 19, 2025
10.2 C
Vancouver

ਆਖਰ ਕਦੋਂ ਤੱਕ ?

ਲਿਖਤ : ਸ਼ਵਿੰਦਰ ਕੌਰ, ਸੰਪਰਕ: 76260-63596
ਸਰਕਦੀ ਸਰਕਦੀ ਰਾਤ ਆਪਣਾ ਪੰਧ ਮੁਕਾ ਕੇ ਸਵੇਰ ਦੇ ਗਲੇ ਮਿਲਣ ਜਾ ਰਹੀ ਸੀ। ਸੂਰਜ ਦਾ ਗੋਲਾ ਪੂਰਬ ਵੱਲੋਂ ਆਪਣੇ ਆਉਣ ਦਾ ਸੰਕੇਤ ਇਸ ਤਰ੍ਹਾਂ ਦੇ ਰਿਹਾ ਸੀ, ਜਿਸ ਤਰ੍ਹਾਂ ਰੋਹੀ ਦੇ ਦਰੱਖਤਾਂ ਵਿੱਚੋਂ ਕੇਸੂ ਦਾ ਸੰਤਰੀ ਫੁੱਲ ਖ਼ੂਬਸੂਰਤ ਭਾਹ ਮਾਰਦਾ ਹੈ। ਮੇਰੀ ਮਾਂ ਸਬਾਤ ਅੰਦਰ ਪਈ ਜੰਮਣ ਪੀੜਾਂ ਨਾਲ ਘੁਲ ਰਹੀ ਸੀ। ਦਾਦੀ ਰੱਬ ਦਾ ਨਾਂ ਲੈਂਦੀ ਅੰਦਰ ਬਾਹਰ ਐਵੇਂ ਹੀ ਗੇੜੇ ਕੱਢੀ ਜਾ ਰਹੀ ਸੀ। ਸੁਹਾਵਣੀ ਸਵੇਰ ਦੇ ਆਗਾਜ਼ ਨਾਲ ਮੇਰੇ ਰੋਣ ਦੀ ਆਈ ਆਵਾਜ਼ ਨੇ ਮੇਰੇ ਆਗਮਨ ਦੀ ਸੂਚਨਾ ਦਾਦੀ ਤੱਕ ਪਹੁੰਚਾ ਦਿੱਤੀ ਸੀ। ਮੇਰੀ ਪਹਿਲੀ ‘ਉਆਂ૴ ਅ’ ਨੇ ਮਾਂ ਨੂੰ ਜੰਮਣ ਪੀੜਾਂ ਭੁਲਾ ਦਿੱਤੀਆਂ ਸਨ।
ਦਾਈ ਨੇ ਬਾਹਰ ਜਾ ਕੇ ਦਾਦੀ ਨੂੰ ਦੱਸਿਆ ਕਿ ਆਪਣੇ ਧੀ ਆਈ ਹੈ। ਧੀ ਜੰਮੀ ਸੁਣ ਕੇ ਦਾਦੀ ਨੇ ਕੋਸਾ ਜਿਹਾ ਮੂੰਹ ਬਣਾ ਲਿਆ ਸੀ।
”ਕੋਈ ਨਾ ਪਹਿਲੀ ਲੱਛਮੀ ਆਈ ਹੈ,” ਦਾਈ ਨੇ ਦਾਦੀ ਨੂੰ ਹੌਸਲਾ ਦੇਣ ਲਈ ਕਿਹਾ। ਫਿਰ ਉਹ ਮੈਨੂੰ ਨੁਹਾਉਣ-ਧੁਆਉਣ ਦੇ ਆਹਰ ਲੱਗ ਗਈ। ਮੇਰਾ ਪਿੰਡਾ ਪੂੰਝ ਕੇ, ਝੱਗਾ ਪਾ ਕੇ ਪੋਤੜੇ ‘ਚ ਲਪੇਟ ਕੇ ਮੈਨੂੰ ਮਾਂ ਨਾਲ ਪਾਉਂਦਿਆਂ ਉਸ ਨੇ ਕਿਹਾ ਸੀ, ”ਹੌਸਲੇ ‘ਚ ਰਹੀਂ ਕੁੜੀਏ। ਸਿਆਣੇ ਕਹਿੰਦੇ ਹੁੰਦੇ ਨੇ, ਉਹੀ ਨਾਰ ਸੁਲੱਖਣੀ ਜਿਸ ਪਹਿਲਾਂ ਜਾਈ ਲੱਛਮੀ।” ਦਾਈ ਦੀ ਗੱਲ ਸੁਣ ਕੇ ਮਾਂ ਮੁਸਕਰਾ ਪਈ ਸੀ।
ਮੈਂ ਫੁੱਲਾਂ-ਹਾਰ, ਨਰਮ ਕੂਲੀ ਜਿੰਦ ਮਾਂ ਦੇ ਸੀਨੇ ਨਾਲ ਲੱਗੀ ਕੋਸੇ-ਕੋਸੇ ਸਾਹ ਲੈ ਰਹੀ ਸੀ। ਮਾਂ ਨੇ ਜਦੋਂ ਮੇਰੇ ਵੱਲ ਨੀਝ ਲਗਾ ਕੇ ਤੱਕਿਆ, ਕਾਲੀ ਕਾਲੀ ਨਰਮ ਕੂਲੀ ਝੰਡ, ਮਾਸੂਮ ਚਿਹਰੇ ਤੇ ਮੋਟੀਆਂ-ਮੋਟੀਆਂ ਕਾਲੀਆਂ ਸਿਆਹ ਅੱਖਾਂ, ਤੱਕਦਿਆਂ ਕਮਜ਼ੋਰੀ ਦੇ ਬਾਵਜੂਦ ਉਸ ਦੇ ਚਿਹਰੇ ‘ਤੇ ਮਨਮੋਹਕ ਮੁਸਕਾਨ ਆ ਗਈ। ਉਸ ਨੇ ਮੇਰੇ ਵੱਲ ਤੱਕ ਕੇ ਅੱਖਾਂ ਬੰਦ ਕਰ ਲਈਆਂ ਸਨ ਜਿਵੇਂ ਉਹ ਸਿਰਜਣਹਾਰ ਦਾ ਧੰਨਵਾਦ ਕਰ ਰਹੀ ਹੋਵੇ ਜਿਸ ਨੇ ਉਸ ਨੂੰ ਆਪਣੀ ਕੁੱਖ ਵਿੱਚੋਂ ਫੁੱਟੇ ਅੰਕੁਰ ਨੂੰ ਨਵੀਂ ਜ਼ਿੰਦਗੀ ਵਿੱਚ ਸਿਰਜ ਕੇ ਇਸ ਦੁਨੀਆ ਨੂੰ ਅੱਗੇ ਹੱਸਦੀ-ਵੱਸਦੀ ਰੱਖਣ ਵਿੱਚ ਯੋਗਦਾਨ ਪਾਉਣ ਦਾ ਮਾਣ ਬਖ਼ਸ਼ਿਆ ਹੈ। ਮੇਰੇ ਵੱਲ ਮਾਣਮੱਤੀ ਨਜ਼ਰ ਨਾਲ ਦੇਖਦਿਆਂ ਉਸ ਦੇ ਮੂੰਹ ‘ਤੇ ਉਸ ਮਾਲੀ ਦੇ ਚਿਹਰੇ ‘ਤੇ ਆਈ ਖ਼ੁਸ਼ੀ ਵਰਗੀ ਮੁਸਕਾਨ ਸੀ ਜਿਹੜੀ ਉਸ ਨੂੰ ਆਪਣੀਆਂ ਲਾਈਆਂ ਕਲਮਾਂ ਨੂੰ ਫੁੱਟ ਕੇ ਨਵੇਂ ਪੌਦਿਆਂ ਵਿੱਚ ਤਬਦੀਲ ਹੁੰਦਿਆਂ ਦੇਖ ਕੇ ਹੁੰਦੀ ਹੈ।
ਮੈਨੂੰ ਦੇਖਣ ਸਮੇਂ ਮੇਰੀ ਦਾਦੀ ਦੀਆਂ ਅੱਖਾਂ ਵਿੱਚ ਪੱਤਝੜ ਵਰਗੀ ਉਦਾਸੀ ਸੀ। ਆਂਢ-ਗੁਆਂਢ ਤੋਂ ਔਰਤਾਂ ਮੈਨੂੰ ਦੇਖਣ ਨਹੀਂ ਸਗੋਂ ਦਾਦੀ ਕੋਲ ਅਫ਼ਸੋਸ ਕਰਨ ਆਈਆਂ ਸਨ। ਇਹ ਭੁੱਲ ਕੇ ਕਿ ਉਨ੍ਹਾਂ ਨੂੰ ਵੀ ਕਿਸੇ ਔਰਤ ਨੇ ਜਨਮ ਦਿੱਤਾ ਹੈ। ਉਨ੍ਹਾਂ ਆਪਣੇ ਸੋਗੀ ਚਿਹਰਿਆਂ ਨਾਲ, ਮੇਰੇ ਕੁੜੀ ਦੇ ਜਨਮ ਲੈਣ ਤੇ ਮੇਰੇ ਬਾਰੇ ‘ਪੱਥਰ ਮੱਥੇ ਵੱਜਿਆ’ ਤੋਂ ਲੈ ਕੇ ਇਹੋ ਜਿਹੇ ਹੋਰ ਸ਼ਬਦ ਆਪਣੇ ਮੂੰਹੋਂ ਕੱਢੇ, ਜੋ ਮੇਰੀ ਤੇ ਮੇਰੀ ਮਾਂ ਦੀ ਹੀ ਨਹੀਂ ਸਗੋਂ ਸਾਰੀ ਔਰਤ ਜਾਤ ਦੀ ਤੌਹੀਨ ਕਰਨ ਵਾਲੇ ਸਨ। ਮੇਰੀ ਮਾਂ ਨੇ ਉਨ੍ਹਾਂ ਦੇ ਬੋਲੇ ਸ਼ਬਦਾਂ ਵੱਲ ਧਿਆਨ ਦੇਣ ਦੀ ਥਾਂ ਉਨ੍ਹਾਂ ਨੂੰ ਅਣਗੌਲੇ ਕਰ ਦਿੱਤਾ। ਉਹ ਤਾਂ ਮਾਂ ਬਣਨ ਦੇ ਅਹਿਸਾਸ ਨਾਲ ਖੀਵੀ ਹੋਈ ਪਈ ਸੀ।
ਸ਼ਾਮ ਨੂੰ ਮੇਰਾ ਬਾਪ ਆਇਆ। ਉਹ ਨੀਝ ਲਗਾ ਕੇ ਮੇਰੇ ਵੱਲ ਦੇਖਦਾ ਰਿਹਾ। ਉਸ ਦੀ ਤੱਕਣੀ ਵਿੱਚ ਨਾ ਖ਼ੁਸ਼ੀ ਨਾ ਗ਼ਮੀ। ਮੇਰੀ ਮਾਂ ਨੂੰ ਕੁਝ ਵੀ ਨਹੀਂ ਦਿਸਿਆ। ਇੱਕ ਵਾਰ ਉਹ ਮੇਰੇ ਵੱਲ ਅਹੁਲਿਆ। ਸ਼ਾਇਦ ਉਸ ਦਾ ਮੈਨੂੰ ਚੁੱਕਣ ਲਈ ਚਿੱਤ ਕੀਤਾ ਹੋਵੇ ਪਰ ਉੱਥੇ ਮੇਰੀ ਦਾਦੀ ਖੜ੍ਹੀ ਹੋਣ ਕਰਕੇ ਉਹ ਸੰਗ ਗਿਆ ਜਾਪਦਾ ਸੀ।
”ਦੇਖ ਮਾਂ, ਕਿਵੇਂ ਮੁਤਰ ਮੁਤਰ ਦੇਖੀ ਜਾਂਦੀ ਹੈ,” ਇਹ ਕਹਿੰਦਾ ਹੋਇਆ ਉਹ ਪਤਾ ਨਹੀਂ ਕੀ ਸੋਚ ਕੇ ਬਾਹਰ ਨੂੰ ਤੁਰ ਗਿਆ ਸੀ।
ਤੇਰ੍ਹਵਾਂ ਨਹਾ ਚੁੱਕਣ ਤੋਂ ਬਾਅਦ ਮਾਂ ਆਪਣੇ ਕੰਮ ਧੰਦੇ ਲੱਗ ਗਈ ਸੀ।ਕੰਮਾਂ ਦੇ ਰੁਝੇਵਿਆਂ ਵਿੱਚ ਮਾਂ ਕਈ ਵਾਰ ਮੈਨੂੰ ਵੇਲੇ ਸਿਰ ਦੁੱਧ ਵੀ ਨਾ ਚੁੰਘਾ ਸਕਦੀ। ਦਿਲੋਂ ਚਾਹੁੰਦਿਆਂ ਹੋਇਆਂ ਵੀ ਉਹ ਮੇਰੇ ਨਾਲ ਲਾਡ ਪਿਆਰ ਕਰਨ ਦਾ ਸਮਾਂ ਵੀ ਨਾ ਕੱਢ ਸਕਦੀ। ਹਾਂ, ਮੈਨੂੰ ਦੁੱਧ ਚੁੰਘਾਉਣ ਸਮੇਂ ਮਾਂ ਦੇ ਮੂੰਹ ‘ਤੇ ਮਮਤਾਮਈ ਮੁਸਕਾਨ ਹੁੰਦੀ। ਮੈਂ ਪਚਾਕੇ ਮਾਰ-ਮਾਰ ਕੇ ਦੁੱਧ ਪੀਂਦੀ। ਮਾਂ ਦੇ ਸੀਨੇ ਵਿੱਚੋਂ ਪਿਆਰ ਦੀਆਂ ਝਰਨਾਹਟਾਂ ਛਿੜਦੀਆਂ। ਮੈਨੂੰ ਲਗਦਾ ਜਿਵੇਂ ਵਗਦੀ ਪੌਣ ਵੀ ਮੇਰੇ ਲਈ ਲੋਰੀ ਗਾ ਰਹੀ ਹੋਵੇ। ਮੈਂ ਮਾਂ ਦੀ ਬੁੱਕਲ ਵਿੱਚ ਹੀ ਸੌਂ ਜਾਂਦੀ। ਮੈਨੂੰ ਮੰਜੇ ‘ਤੇ ਪਾ ਕੇ ਮਾਂ ਫਿਰ ਆਪਣੇ ਕੰਮ ਧੰਦੇ ਲੱਗ ਜਾਂਦੀ।
ਸਮਾਂ ਆਪਣੀ ਤੋਰ ਤੁਰਦਾ ਗਿਆ। ਮੈਂ ਬੈਠਣ, ਰਿੜ੍ਹਨ ਦਾ ਸਫ਼ਰ ਮੁਕਾ ਕੇ ਪੁਲਾਘਾਂ ਪੁੱਟਣ ਲੱਗ ਪਈ। ਇੱਕ ਸਾਲ ਦੀ ਉਮਰ ਵਿੱਚ ਤੁਰਨ ਅਤੇ ਊਂ ਆਂ ਕਰਨ ਲੱਗ ਪਈ ਸਾਂ। ਸਾਰੇ ਪਰਿਵਾਰ ਨੂੰ ਖੇਡਣ ਲਈ ਇੱਕ ਖਿਡੌਣਾ ਮਿਲ ਗਿਆ ਸੀ। ਦਾਦਾ ਜੀ ਮੈਨੂੰ ਉਂਗਲ ਲਾ ਕੇ ਬਾਹਰ ਨੂੰ ਲੈ ਜਾਂਦੇ। ਜਦ ਮੈਂ ਤਿੰਨ ਸਾਲਾਂ ਦੀ ਹੋਈ ਤਾਂ ਮੇਰੀ ਮਾਂ ਨੂੰ ਪੁੱਤਰ ਦੀ ਮਾਂ ਬਣਨ ਦਾ ਸੁਭਾਗ ਪ੍ਰਾਪਤ ਹੋ ਗਿਆ ਸੀ। ਘਰ ਵਿੱਚ ਮੇਰੀ ਕਦਰ ਵਧ ਗਈ ਸੀ। ਦਾਦੀ ਕਹਿੰਦੀ, ”ਇਹ ਤਾਂ ਮੇਰੀ ਕਰਮਾਂ ਵਾਲੀ ਪੋਤੀ ਐ ਜੋ ਆਪਣੇ ਪਿੱਛੇ ਵੀਰ ਨੂੰ ਲੈ ਕੇ ਆਈ ਹੈ।” ਹੁਣ ਤਾਂ ਉਹ ਵੀ ਮੈਨੂੰ ਬਥੇਰਾ ਲਾਡ ਪਿਆਰ ਕਰਨ ਲੱਗ ਪਈ ਸੀ।
ਪੰਜ ਸਾਲ ਦੀ ਹੋਣ ‘ਤੇ ਮੈਨੂੰ ਸਕੂਲ ਵਿੱਚ ਦਾਖਲ ਕਰਾ ਦਿੱਤਾ ਗਿਆ। ਜਦੋਂ ਮੈਂ ਫੱਟੀ ਉੱਤੇ ਸੋਹਣੇ ਸੋਹਣੇ ਅੱਖਰ ਲਿਖਦੀ ਤਾਂ ਮੇਰੀ ਮਾਂ ਨੀਝ ਲਗਾ ਕੇ ਦੇਖਦੀ ਰਹਿੰਦੀ। ਜਦ ਮੈਂ ਆਪਣੇ ਪਾਠ ਨੂੰ ਤੋਤੇ ਵਾਂਗ ਰਟਦੀ ਤਾਂ ਮੇਰੀ ਮਾਂ ਖ਼ੁਸ਼ ਹੋ ਕੇ ਕਹਿੰਦੀ, ”ਮੇਰੀ ਧੀ ਤਾਂ ਬਹੁਤ ਹੀ ਹੁਸ਼ਿਆਰ ਅਤੇ ਅਕਲਮੰਦ ਹੈ। ਇਹ ਤਾਂ ਬਹੁਤ ਪੜ੍ਹੇਗੀ। ਕਿੰਨੇ ਵੀ ਔਖੇ ਕਿਉਂ ਨਾ ਹੋਈਏ, ਅਸੀਂ ਇਸ ਨੂੰ ਜ਼ਰੂਰ ਪੜ੍ਹਾਵਾਂਗੇ।”
ਸੂਰਜ ਚੜ੍ਹਦਾ ਛਿਪਦਾ ਰਿਹਾ। ਦਿਨ ਮਹੀਨੇ ਸਾਲਾਂ ਵਿਚ ਵੱਟਦੇ ਰਹੇ। ਰੁੱਤਾਂ ਆਪਣੀ-ਆਪਣੀ ਉਮਰ ਭੋਗ ਕੇ ਤੁਰ ਜਾਂਦੀਆਂ ਰਹੀਆਂ। ਪੱਤਝੜ ਤੋਂ ਬਾਅਦ ਆਈ ਬਹਾਰ ਵਾਂਗ, ਮੇਰੀ ਜ਼ਿੰਦਗੀ ਦੀ ਸੋਲਵੀਂ ਬਹਾਰ ਨੇ ਮੇਰੇ ਬਚਪਨ ਨੂੰ ਅਲਵਿਦਾ ਕਹਿ ਕੇ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਟਿਕਾ ਦਿੱਤੇ ਸਨ। ਬਚਪਨ ਤੋਂ ਹੀ ਮੈਂ ਕਲਪਨਾ ਚਾਵਲਾ ਬਾਰੇ ਗੱਲਾਂ ਸੁਣਦੀ ਰਹਿੰਦੀ ਸੀ। ਉਹੀ ਮੇਰੇ ਸੁਪਨਿਆਂ ਦੀ ਮਲਿਕਾ ਸੀ। ਮੈਂ ਉਸ ਵਾਂਗ ਹੀ ਬ੍ਰਹਿਮੰਡ ਦੇ ਭੇਤਾਂ ਨੂੰ ਜਾਣਨਾ ਚਾਹੁੰਦੀ ਸੀ। ਸਖ਼ਤ ਮਿਹਨਤ ਵਾਲਾ ਸੁਭਾਅ ਮੈਨੂੰ ਆਪਣੇ ਖਾਨਦਾਨ ਤੋਂ ਹੀ ਮਿਲਿਆ ਸੀ। ਸਖ਼ਤ ਮਿਹਨਤ ਦਾ ਪੱਲਾ ਫੜ ਕੇ ਮੈਂ ਦਸਵੀਂ ਜਮਾਤ ਜ਼ਿਲ੍ਹੇ ਵਿੱਚੋਂ ਪਹਿਲੇ ਨੰਬਰ ‘ਤੇ ਰਹਿ ਕੇ ਪਾਸ ਕਰ ਲਈ ਸੀ। ਸਾਡੇ ਸਕੂਲ ਵਿੱਚ ਸਾਰੇ ਵਿਦਿਆਰਥੀ ਆਰਟਸ ਵਿਸ਼ਿਆਂ ਨੂੰ ਪੜ੍ਹਨ ਵਾਲੇ ਸਨ। ਮੈਂ ਅੱਗੋਂ ਸਾਇੰਸ ਦੇ ਵਿਸ਼ੇ ਪੜ੍ਹਨੇ ਸਨ। ਇਸ ਲਈ ਮੈਨੂੰ ਨੇੜਲੇ ਕਸਬੇ ਦੇ ਸਕੂਲ ਜਾ ਕੇ ਗਿਆਰਵੀਂ ਜਮਾਤ ਵਿੱਚ ਦਾਖ਼ਲ ਹੋਣਾ ਪਿਆ।
ਅਸੀਂ ਕਈ ਕੁੜੀਆਂ ਮੁੰਡੇ ਸਾਈਕਲਾਂ ‘ਤੇ ਹੀ ਸਕੂਲ ਜਾਇਆ ਕਰਦੇ ਸਾਂ।ਸਾਡਾ ਘਰ ਖੇਤ ਵਿੱਚ ਪਾਇਆ ਹੋਇਆ ਸੀ। ਸਾਡੇ ਖੇਤ ਪਿੰਡ ਤੋਂ ਪਹਿਲਾਂ ਆ ਜਾਂਦੇ ਸਨ। ਸੜਕ ਤੋਂ ਕੱਚੀ ਪਹੀ ਸਾਡੇ ਘਰ ਵੱਲ ਨੂੰ ਜਾਂਦੀ ਸੀ। ਮੈਂ ਆਪਣੀਆਂ ਸਾਥਣਾਂ ਨਾਲੋਂ ਪਹੀ ਕੋਲ ਆ ਕੇ ਅੱਡ ਹੋ ਜਾਂਦੀ। ਸਾਰਾ ਅੱਧਾ ਕੁ ਕਿਲੋਮੀਟਰ ਦਾ ਫਾਸਲਾ ਸੀ। ਦਸ ਮਿੰਟ ਘਰ ਤੱਕ ਪਹੁੰਚਣ ‘ਤੇ ਲਗਦੇ।
ਅੱਜ ਵੀ ਹੱਸਦਿਆਂ ਹੋਇਆਂ ਮੈਂ ਆਪਣੀਆਂ ਸਾਥਣਾਂ ਨਾਲੋਂ ਅੱਡ ਹੋ ਕੇ ਸਾਈਕਲ ਪਹੀ ਵੱਲ ਮੋੜ ਲਿਆ ਸੀ। ਥੋੜ੍ਹਾ ਜਿਹਾ ਹੀ ਅੱਗੇ ਗਈ ਸਾਂ ਕਿ ਚਰੀ ਦੇ ਖੇਤ ਵਿੱਚੋਂ ਨਿਕਲ ਕੇ ਤਿੰਨ ਮੁਸ਼ਟੰਡੇ ਮੇਰੇ ਸਾਈਕਲ ਅੱਗੇ ਆ ਖੜ੍ਹੇ ਹੋਏ। ਮੈਂ ਦੇਖਦਿਆਂ ਸਾਰ ਹੀ ਉਨ੍ਹਾਂ ਨੂੰ ਪਛਾਣ ਲਿਆ ਸੀ। ਰਾਜਸੀ ਪਾਰਟੀ ‘ਚ ਨਵੇਂ-ਨਵੇਂ ਬਣੇ ਘੜੰਮ ਚੌਧਰੀ ਜੋ ਸਾਡੇ ਪਿੰਡ ਦਾ ਹੀ ਸੀ, ਦੇ ਦੋ ਮੁੰਡੇ ਸਨ ਅਤੇ ਇੱਕ ਕੋਈ ਹੋਰ ਸੀ। ਮੈਂ ਉਨ੍ਹਾਂ ਨੂੰ ਦੇਖਦਿਆਂ ਹੀ ਉਨ੍ਹਾਂ ਦੀ ਨੀਅਤ ਤਾੜ ਲਈ ਸੀ। ਮੈਂ ਉੱਚੀ ਉੱਚੀ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਉਹ ਅੱਗੇ ਲੰਘ ਗਈਆਂ ਮੇਰੀਆਂ ਸਾਥਣਾਂ ਨੂੰ ਸੁਣ ਜਾਣ ਜਾਂ ਇਹ ਮੇਰੇ ਘਰ ਤੱਕ ਪਹੁੰਚ ਜਾਣ। ૴ ਪਰ ਉਨ੍ਹਾਂ ਨੇ ਫੁਰਤੀ ਨਾਲ ਮੈਨੂੰ ਸਾਈਕਲ ਤੋਂ ਧੂਹ ਲਿਆ। ਮੇਰੀ ਚੁੰਨੀ ਪਾੜ ਕੇ ਮੇਰੇ ਮੂੰਹ ਵਿੱਚ ਤੁੰਨ ਦਿੱਤੀ। ਮੈਂ ਆਪਣੇ ਆਪ ਨੂੰ ਛੁਡਾਉਣ ਲਈ ਉਨ੍ਹਾਂ ਦੇ ਲੱਤਾਂ ਬਾਹਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਨੇ ਮੇਰੀਆਂ ਬਾਹਵਾਂ ਮਰੋੜ ਦਿੱਤੀਆਂ। ਮੈਂ ਉਨ੍ਹਾਂ ਤੋਂ ਛੁੱਟਣ ਲਈ ਪੁਰਜ਼ੋਰ ਕੋਸ਼ਿਸ਼ ਕੀਤੀ, ਪਰ ਤਿੰਨਾਂ ਅੱਗੇ ਮੇਰੀ ਕੋਈ ਵਾਹ ਨਾ ਚੱਲੀ। ਉਨ੍ਹਾਂ ਨੇ ਮੇਰਾ ਸਾਈਕਲ ਚੁੱਕ ਕੇ ਚਰੀ ਵਿੱਚ ਵਗਾਵਾਂ ਮਾਰ ਦਿੱਤਾ। ਮੈਨੂੰ ਘਸੀਟ ਕੇ ਖੇਤ ਦੇ ਵਿਚਕਾਰ ਲੈ ਗਏ। ਉਨ੍ਹਾਂ ਤੋਂ ਛੁੱਟ ਕੇ ਭੱਜਣ ਦੀ ਕੋਸ਼ਿਸ਼ ਵਿੱਚ ਮੇਰੇ ਕੱਪੜੇ ਪਾਟ ਗਏ।
ਉਨ੍ਹਾਂ ਵਿੱਚ ਸਬਰ ਦੀ ਘਾਟ ਸੀ ਜਾਂ ਉਨ੍ਹਾਂ ‘ਤੇ ਦਰਿੰਦਗੀ ਏਨੀ ਭਾਰੂ ਹੋ ਚੁੱਕੀ ਸੀ ਕਿ ਮੇਰੇ ਸਰੀਰ ‘ਤੇ ਬਚੇ ਕੱਪੜੇ ਵੀ ਉਨ੍ਹਾਂ ਨੇ ਬੇਰਹਿਮੀ ਨਾਲ ਪਾੜ ਸੁੱਟੇ। ਉਨ੍ਹਾਂ ਨਿਰਲੱਜ, ਦੁਸ਼ਟ, ਪਾਪੀਆਂ ਨੇ ਮੇਰੇ ਸੋਹਲ ਸਰੀਰ ਨੂੰ ਕੋਹ ਕੇ ਰੂੰ ਵਾਂਗ ਪਿੰਜ ਸੁੱਟਿਆ। ਮੇਰੀਆਂ ਧਾਹਾਂ ਸੰਘ ਅੰਦਰ ਹੀ ਘੁੱਟੀਆਂ ਗਈਆਂ ਸਨ।
ਲਹੂ ਲੁਹਾਣ ਹੋਈ ਮੈਂ ਅਸਹਿ ਦਰਦ ਨਾਲ ਤੜਫ਼ਦੀ ਰਹੀ। ਸਾਹ ਘੁੱਟਵੀਂ ਖ਼ਾਮੋਸ਼ੀ ਵਾਲੀ ਦੁਪਹਿਰ ‘ਚ ਭੇੜੀਆਂ ਵੱਲੋਂ ਮਾਸੂਮ ਕਲੀ ਨੂੰ ਜ਼ਿਬਾਹ ਕੀਤਾ ਜਾਂਦਾ ਤੱਕ ਕੇ ਰੁਮਕਦੀ ਹਵਾ ਵੀ ਖ਼ਾਮੋਸ਼ ਹੋ ਗਈ ਸੀ। ਧਰਤੀ ‘ਤੇ ਇਹ ਅਨਰਥ ਹੁੰਦਾ, ਸੂਰਜ ਵੀ ਨਾ ਝੱਲ ਸਕਿਆ। ਇਕਦਮ ਪਤਾ ਨਹੀਂ ਕਿਧਰੋਂ ਆਸਮਾਨ ‘ਚ ਬੱਦਲ ਆ ਗਏ। ਉਨ੍ਹਾਂ ਉਹਲੇ ਸੂਰਜ ਨੇ ਆਪਣਾ ਮੂੰਹ ਲੁਕਾ ਲਿਆ। ਉਨ੍ਹਾਂ ਦਰਿੰਦਿਆਂ ਦੀ ਦਰਿੰਦਗੀ ਅੱਗੇ ਸ਼ੈਤਾਨ ਵੀ ਮਾਤ ਖਾ ਗਏ ਸਨ। ਮੇਰੀਆਂ ਕੂਕਾਂ ਸੁਣ ਕੇ ਕੋਈ ਰੱਬ ਨਾ ਬਹੁੜਿਆ। ਉਨ੍ਹਾਂ ਦੀ ਹੈਵਾਨੀਅਤ ਦਾ ਸ਼ਿਕਾਰ ਹੋਈ ਮੈਂ ਅੱਧਮਰੀ ਤਾਂ ਪਹਿਲਾਂ ਹੀ ਹੋ ਗਈ ਸੀ ਪਰ ਉਨ੍ਹਾਂ ਨੇ ਕੁਦਰਤ ਦੇ ਫ਼ੈਸਲੇ ਮੌਤ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਮੇਰਾ ਗਲਾ ਦਬਾ ਦਿੱਤਾ। ਟੋਆ ਪੁੱਟ ਕੇ, ਮੈਨੂੰ ਵਿੱਚ ਸੁੱਟ ਕੇ ਉੱਤੇ ਮਿੱਟੀ ਪਾ ਦਿੱਤੀ ਸੀ। ਘੰਟਾ ਪਹਿਲਾਂ ਊਰਜਾ ਨਾਲ ਭਰਪੂਰ, ਤਾਰਿਆਂ ਨੂੰ ਛੋਹ ਲੈਣ ਦਾ ਇਰਾਦਾ ਰੱਖਦੀ ਮਾਪਿਆਂ ਦੀ ਲਾਡਲੀ ਧੀ, ਵਲੂੰਧਰਿਆ ਜਿਸਮ ਸਮੇਟ ਕੇ ਮਿੱਟੀ ‘ਚ ਮਿੱਟੀ ਹੋਣ ਲਈ ਦੱਬ ਦਿੱਤੀ ਗਈ। ਆਪ ਉਹ ਇਸ ਤਰ੍ਹਾਂ ਵਾਪਸ ਮੁੜ ਗਏ ਜਿਵੇਂ ਕੁਝ ਹੋਇਆ ਹੀ ਨਹੀਂ ਸੀ। ਜਾਂਦੇ ਜਾਂਦੇ ਉਹ ਸਾਈਕਲ ਵੀ ਲੈ ਗਏ। ਰਾਤ ਨੂੰ ਉਸ ਖੇਤ ਨੂੰ ਪਾਣੀ ਲਾ ਦਿੱਤਾ ਗਿਆ।
ਘਰ ਨਾ ਪਹੁੰਚਣ ‘ਤੇ ਮੇਰੇ ਮਾਪਿਆਂ ਨੂੰ ਫ਼ਿਕਰ ਪੈ ਗਿਆ। ਉਨ੍ਹਾਂ ਨੇ ਮੇਰੇ ਨਾਲ ਪੜ੍ਹਦੀਆਂ ਕੁੜੀਆਂ ਦੇ ਘਰੀਂ ਜਾ ਕੇ ਪਤਾ ਕੀਤਾ, ਸਭ ਦਾ ਇੱਕੋ ਹੀ ਜਵਾਬ ਸੀ ਕਿ ਉਹ ਸਾਡੇ ਨਾਲੋਂ ਘਰ ਵੱਲ ਜਾਂਦੀ ਪਹੀ ਨੂੰ ਮੁੜੀ ਸੀ। ਲਗਾਤਾਰ ਤਿੰਨ ਦਿਨਾਂ ਤੋਂ ਨੌਜਵਾਨ ਧੀ ਦੇ ਅਗਵਾ ਹੋਣ ਦਾ ਸੰਤਾਪ ਭੋਗ ਰਹੇ ਮੇਰੇ ਮਾਪੇ ਮੈਨੂੰ ਲੱਭਣ ਲਈ ਗਲੀਆਂ, ਖੇਤਾਂ ਅਤੇ ਪਿੰਡਾਂ ਦੇ ਰਾਹਾਂ ਦੀ ਖ਼ਾਕ ਛਾਣ ਰਹੇ ਸਨ।
ਅਚਾਨਕ ਕਿਸੇ ਦੀ ਨਿਗਾਹ ਮੇਰੀ ਚੁੰਨੀ ਦਾ ਪਾਟਿਆ ਹੋਇਆ ਟੋਟਾ ਪੈ ਗਿਆ। ਅੱਗੇ ਵਧਦੇ ਉਹ ਖੇਤ ਵਿੱਚ ਗਏ ਤਾਂ ਟੋਏ ਵਾਲੇ ਥਾਂ ‘ਤੇ ਮਿੱਟੀ ਪੋਲੀ ਹੋਣ ਕਰਕੇ ਇੱਕ ਬੰਦੇ ਦਾ ਪੈਰ ਧਸ ਗਿਆ। ਸਾਰਾ ਮਾਜਰਾ ਸਮਝ ਵਿੱਚ ਆ ਗਿਆ। ਪੁਲੀਸ ਸੱਦੀ ਗਈ। ਉਨ੍ਹਾਂ ਸਾਹਮਣੇ ਲਾਸ਼ ਕੱਢੀ ਗਈ। ਭਾਵੇਂ ਮੇਰੇ ਕਾਤਲ ਤਿੰਨ ਦਿਨਾਂ ਤੋਂ ਮੇਰੇ ਬਾਪ ਨਾਲ ਥਾਣੇ ਵਿੱਚ ਮੇਰੇ ਅਗਵਾ ਹੋਣ ਦੀਆਂ ਰਿਪੋਰਟਾਂ ਲਿਖਵਾਉਂਦੇ ਫਿਰਦੇ ਸਨ, ਪਰ ਉਨ੍ਹਾਂ ਵੱਲੋਂ ਆਪਣੇ ਗੁਨਾਹ ਛੁਪਾਉਣ ਦੀ ਲੱਖ ਕੋਸ਼ਿਸ਼ ਦੇ ਬਾਵਜੂਦ ਉਨ੍ਹਾਂ ਦੀ ਸ਼ਨਾਖਤ ਹੋ ਗਈ ਸੀ।
ਮੇਰੇ ਵਰਗੀਆਂ ਸੈਂਕੜੇ ਧੀਆਂ ਜਿਨ੍ਹਾਂ ਨੂੰ ਕਦੇ ਬਲਾਤਕਾਰ ਕਰਨ ਤੋਂ ਬਾਅਦ ਜਾਂ ਹੋਰ ਕਈ ਕਾਰਨਾਂ ਕਰਕੇ ਮਾਰ ਜਾਂ ਸਾੜ ਦਿੱਤਾ ਜਾਂਦਾ ਹੈ, ਦੇ ਮਾਪੇ ਗੁੰਡਿਆਂ ਤੋਂ ਡਰ ਕੇ ਜ਼ਿੰਦਗੀ ਭਰ ਸਿਸਕਣ ਲਈ ਮਜਬੂਰ ਹੋ ਜਾਂਦੇ ਹਨ। ਕਈ ਵਾਰ ਜਬਰੀ ਥੋਪਿਆ ਰਾਜ਼ੀਨਾਮਾ ਉਨ੍ਹਾਂ ਨੂੰ ਚੁੱਪ ਬੈਠਣ ਲਈ ਮਜਬੂਰ ਕਰ ਦਿੰਦਾ ਹੈ। ਇਸੇ ਤਰ੍ਹਾਂ ਮੇਰੇ ਮਾਪੇ ਵੀ ਰੋ ਧੋ ਕੇ ਬੈਠ ਜਾਂਦੇ ਕਿਉਂਕਿ ਗੁਨਾਹਗਾਰਾਂ ਨੂੰ ਸੀਖਾਂ ਪਿੱਛੇ ਡੱਕਣ ਵਾਲੇ ਤਾਂ ਉਨ੍ਹਾਂ ਸਿਆਸੀ ਸ਼ਹਿ ਪ੍ਰਾਪਤ ਗੁੰਡਿਆਂ ਦੀ ਪੁਸ਼ਤਪਨਾਹੀ ਕਰ ਰਹੇ ਸਨ।
ਪਰ ਅਸ਼ਕੇ ਜਾਈਏ ਇਸ ਇਲਾਕੇ ਦੇ ਲੋਕਾਂ ਦੇ, ਜੋ ਦਿਨ ਦਿਹਾੜੇ ਹੋਈ ਇਸ ਗੁੰਡਾਗਰਦੀ ਖ਼ਿਲਾਫ਼ ਘਰਾਂ ਵਿੱਚੋਂ ਨਿਕਲ ਕੇ ਸੜਕਾਂ ‘ਤੇ ਆ ਗਏ। ਉਹ ਡਰੇ ਨਹੀਂ, ਸਹਿਮੇ ਨਹੀਂ। ਵਿਸ਼ਾਲ ਲਾਮਬੰਦੀ ਕਰਕੇ ਇਸ ਅਨਿਆਂ ਵਿਰੁੱਧ ਲੋਕ-ਲਹਿਰ ਖੜ੍ਹੀ ਕੀਤੀ। ਹਰ ਮੋੜ ‘ਤੇ ਦਲੇਰ ਲੋਕਾਂ ਨੇ ਚੁਣੌਤੀ ਭਰੇ ਹਾਲਾਤ ਦਾ ਟਾਕਰਾ ਕੀਤਾ। ਮੇਰੇ ਮਾਪਿਆਂ ਦੀ ਬੇਵੱਸੀ ਨੂੰ ਇੱਕ ਸਾਰਥਕ ਮੋੜ ਦੇ ਕੇ, ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਨੂੰ ਸਫ਼ਲ ਬਣਾਉਣ ਦੇ ਯਤਨ ਕੀਤੇ।
ਉਨ੍ਹਾਂ ਦੇ ਯਤਨਾਂ ਸਦਕਾ ਹੀ ਉਹ ਉਨ੍ਹਾਂ ਗੁੰਡਿਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਵਿੱਚ ਸਫਲ ਹੋਏ। ਉਨ੍ਹਾਂ ਦੇ ਸਾਂਝੇ ਯਤਨਾਂ ਨੇ ਸਾਡੇ ਸਮਾਜ ਨੂੰ ਵੀ ਚਾਨਣ ਕਰ ਦਿੱਤਾ ਕਿ ਔਰਤਾਂ ਵਿਰੁੱਧ ਹੋ ਰਹੇ ਜ਼ੁਲਮਾਂ ਨੂੰ ਵਿਸ਼ਾਲ ਏਕੇ ਰਾਹੀਂ ਹੀ ਰੋਕਿਆ ਜਾ ਸਕਦਾ ਹੈ।
ਮੇਰੇ ਤੋਂ ਪਹਿਲਾਂ ਅਤੇ ਬਾਅਦ ਵੀ ਅਨੇਕਾਂ ਬਦਨਸੀਬਾਂ ਦੀ ਮੇਰੇ ਵਰਗੀ ਹੋਣੀ ਬਣੀ ਹੋਈ ਹੈ। ਕਦੋਂ ਤੱਕ ਔਰਤਾਂ ਇਹ ਜ਼ੁਲਮ ਸਹਿੰਦੀਆਂ ਰਹਿਣਗੀਆਂ? ਕਦੋਂ ਤੱਕ ਅਸੀਂ ਔਰਤ ਨੂੰ ਭੋਗਣ ਦੀ ਵਸਤੂ ਸਮਝਦੇ ਰਹਾਂਗੇ? ਕਦੋਂ ਅਸੀਂ ਉਸ ਨੂੰ ਆਪਣੇ ਬਰਾਬਰ ਦਾ ਇਨਸਾਨ ਸਮਝਣ ਲੱਗਾਂਗੇ? ਕਦੋਂ ਤੱਕ ਸਾਡੀਆਂ ਧੀਆਂ ਭੈਣਾਂ ਆਸਮਾਨ ‘ਚ ਖੁੱਲ੍ਹੀਆਂ ਉਡਾਰੀਆਂ ਮਾਰਨ ਦੀ ਥਾਂ ਬੰਦਸ਼ਾਂ ਅੰਦਰ ਘੁੱਟ ਘੁੱਟ ਕੇ ਜ਼ਿੰਦਗੀ ਬਸਰ ਕਰਦੀਆਂ ਰਹਿਣਗੀਆਂ? ਕਦੋਂ ਸਾਡਾ ਸਮਾਜ ਏਨਾ ਸੰਵੇਦਨਸ਼ੀਲ ਹੋਵੇਗਾ ਕਿ ਉਸ ਨੂੰ ਆਪਣੀਆਂ ਧੀਆਂ ਦੇ ਦੁੱਖੜੇ ਸਮਝ ਆਉਣਗੇ? ਉਹ ਅੱਗੇ ਹੋ ਕੇ ਸਰਬ-ਸਾਂਝਾ ਸਮਾਜ ਬਣਾਉਣ ਲਈ ਪੁਰਜ਼ੋਰ ਯਤਨ ਕਰੇਗਾ। ਆਖਰ ਕਦੋਂ ਤੱਕ૴?