Saturday, May 17, 2025
9.9 C
Vancouver

ਅਮਰੀਕੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਨਾ ਦੇਣ ਦੇ ਮੁੱਦੇ ‘ਤੇ ਲਿਆਂਦੀ ਸੋਧ ਰਿਪਬਲੀਕਨਾਂ ਵਲੋਂ ਕੀਤੀ ਗਈ ਰੱਦ

ਵਾਸ਼ਿੰਗਨ : ਹਾਊਸ ਜੂਡੀਸ਼ੀਅਰੀ ਕਮੇਟੀ ਵਿਚ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੇ ਮੁੱਦੇ ‘ਤੇ ਹੋਈ ਗਰਮਾ-ਗਰਮ ਬਹਿਸ ਤੋਂ ਬਾਅਦ ਡੈਮੋਕਰੈਟਸ ਵੱਲੋਂ ਲਿਆਂਦੀ ਇਕ ਅਹਿਮ ਸੋਧ ਨੂੰ ਰੱਦ ਕਰ ਦਿੱਤਾ ਗਿਆ। ਇਸ ਸੋਧ ਵਿਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਨੂੰ ਅਮਰੀਕੀ ਨਾਗਰਿਕਾਂ ਨੂੰ ਗ੍ਰਿਫਤਾਰ ਕਰਨ ਜਾਂ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਲਈ ਸੰਘੀ ਫੰਡਾਂ ਦੀ ਵਰਤੋਂ ਨਾ ਕਰਨ ਦਿੱਤੀ ਜਾਵੇ। ਇਹ ਸੋਧ ਡੈਮੋਕਰੈਟਿਕ ਸਾਂਸਦ ਪ੍ਰਾਮਿਲਾ ਜੈਯਾਪਾਲ ਵੱਲੋਂ ਲਿਆਂਦੀ ਗਈ ਸੀ ਤੇ ਜਿਸ ਦਾ ਡੈਮੋਕਰੈਟਿਕ ਸੰਸਦ ਮੈਂਬਰਾਂ ਨੇ ਇਕ ਆਵਾਜ਼ ਵਿਚ ਸਮਰਥਨ ਕੀਤਾ,
ਜਦਕਿ ਸਮੁੱਚੇ ਰਿਪਬਲੀਕਨ ਸੰਸਦ ਮੈਂਬਰਾਂ ਨੇ ਇਸ ਵਿਰੁੱਧ ਵੋਟ ਪਾਈ। ਇਹ ਸੋਧ ਇਮੀਗ੍ਰੇਸ਼ਨ ਇੰਟੈਗਰਿਟੀ, ਸਕਿਉਰਿਟੀ ਐਂਡ ਇਨਫੋਰਸਮੈਂਟ ਬਾਰੇ ਸਬ ਕਮੇਟੀ ਦੀ ਅਹਿਮ ਮੈਂਬਰ ਪ੍ਰਾਮਿਲਾ ਜੈਯਾਪਾਲ (ਡੈਮੋਕਰੈਟਸ ਪ੍ਰਤੀਨਿੱਧ) ਵੱਲੋਂ ਪੇਸ਼ ਕੀਤੀ ਗਈ ਸੀ। ਇਸ ਸੋਧ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਟਰੰਪ ਦੇ ਦੂਸਰੇ ਕਾਰਜਕਾਲ ਦੌਰਾਨ ਇਮੀਗ੍ਰੇਸ਼ਨ ਪ੍ਰਸ਼ਾਸਨ ਦੁਆਰਾ ਹਾਲ ਹੀ ਵਿਚ ਅਮਰੀਕੀ ਸ਼ਹਿਰੀਆਂ ਨੂੰ ਗਲਤ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਜੈਯਾਪਾਲ ਨੇ ਕਿਹਾ ਕਿ ਅਜਿਹਾ ਕਰਨਾ ਗੈਰ ਸੰਵਿਧਾਨਕ ਤੇ ਖਤਰਨਾਕ ਹੈ ਤੇ ਬੁਨਿਆਦੀ ਤੌਰ ‘ਤੇ ਗਲਤ ਹੈ। ਇਹ ਸੋਧ ਰੱਦ ਹੋਣ ਤੋਂ
ਬਾਅਦ ਡੈਮੋਕਰੈਟਿਕ ਮੈਂਬਰ ਨਿਰਾਸ਼ ਹਨ। ਕੈਲੀਫੋਰਨੀਆ ਤੋਂ ਡੈਮੋਕਰੈਟਿਕ ਸਾਂਸਦ ਟੈਡ ਲਿਊ ਨੇ ਕਿਹਾ ਹੈ ਕਿ ਡੈਮੋਕਰੈਟਸ ਤੇ ਮੇਰੇ ਸਾਥੀ ਮੈਂਬਰ ਪ੍ਰਾਮਿਲਾ ਜੈਯਾਪਾਲ ਚਹੁੰਦੇ ਹਨ ਕਿ ਘੱਟੋ-ਘੱਟ ਅਮਰੀਕੀ
ਸ਼ਹਿਰੀਆਂ ਨੂੰ ਦੇਸ਼ ਨਿਕਾਲਾ ਨਾ ਦਿੱਤਾ ਜਾਵੇ ਤੇ ਆਈ.ਸੀ.ਈ. ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ ਕਿਉਂਕਿ ਆਈ.ਸੀ.ਈ. ਅਮਰੀਕੀ ਨਾਗਿਰਕਾਂ ਨੂੰ ਦੇਸ਼ ਨਿਕਾਲਾ ਨਹੀਂ ਦੇ ਸਕਦੀ। ਇਹ ਸਾਡਾ ਕਾਨੂੰਨ ਹੈ, ਇਹ ਸਾਡਾ ਸੰਵਿਧਾਨ ਹੈ। ਕੈਲੀਫੋਰਨੀਆ ਤੋਂ ਹੀ ਡੈਮੋਕਰੈਟਿਕ ਪ੍ਰਤੀਨਿੱਧ ਐਰਿਕ ਸਵਾਲਵੈਲ ਨੇ ਕਿਹਾ ਕਿ ਸੋਧ ਵਿਰੁੱਧ ਵੋਟ ਇਕ ਬਹੁਤ ਹੀ ਮੰਦਭਾਗੀ ਤੇ ਹੈਰਾਨੀਜਨਕ ਘਟਨਾ ਹੈ ਤੇ ਡੈਮੋਕਰੈਟਸ ਹੈਰਾਨ ਹਨ ਕਿ ਅਮਰੀਕੀ ਨਾਗਰਿਕਾਂ ਦੀ ਗੈਰ ਕਾਨੂੰਨੀ ਢੰਗ ਨਾਲ ਗ੍ਰਿਫਤਾਰੀ ਦੇ ਮੁੱਦੇ ‘ਤੇ ਵੀ ਰਾਜਨੀਤੀ ਹੋ ਰਹੀ ਹੈ, ਜੋ ਸਰਾਸਰ ਗਲਤ ਹੈ। ਡੈਮੋਕਰੈਟਸ ਵੱਲੋਂ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਵਿਰੁੱਧ ਹੁਣ ਤੱਕ ਕੀਤੀਆਂ ਗਈਆਂ ਕੋਸ਼ਿਸ਼ਾਂ ਕਾਰਗਰ ਸਾਬਤ ਨਹੀਂ ਹੋਈਆਂ ਕਿਉਂਕਿ ਰਿਪਬਲੀਕਨ ਪੂਰੀ ਤਰ੍ਹਾਂ ਰਾਸ਼ਟਰਪਤੀ ਟਰੰਪ ਦੀ ਪਿੱਠ ‘ਤੇ ਖੜ੍ਹੇ ਹਨ। ਡੈਮੋਕਰੈਟਸ ਨੇ ਮੰਗ ਕੀਤੀ ਹੈ ਕਿ ਆਈ.ਸੀ.ਈ. ਨੂੰ ਬਿਨਾਂ
ਪ੍ਰਕ੍ਰਿਆ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਤੋਂ ਰੋਕਿਆ ਜਾਵੇ ਪਰੰਤੂ ਰਿਪਬਲੀਕਨ ਇਸ ਮੰਗ ਨਾਲ ਵੀ ਸਹਿਮਤ ਨਹੀਂ ਹਨ। ਡੈਮੋਕਰੈਟਸ ਦੀ ਚਿੰਤਾ ਹੈ ਕਿ ਟਰੰਪ ਪ੍ਰਸ਼ਾਸਨ ਆਈ.ਸੀ.ਈ. ਨੂੰ ਰਾਜਸੀ ਹਥਿਆਰ ਦੇ ਤੌਰ ‘ਤੇ ਵਰਤ ਰਿਹਾ ਹੈ ਤੇ ਬਿਨਾਂ ਦਸਤਾਵੇਜ਼ ਪ੍ਰਵਾਸੀਆਂ ਨੂੰ ਦੇਸ਼ ਵਿਚੋਂ ਕੱਢਣ ਦੇ ਨਾਲ-ਨਾਲ ਵਿਦਿਆਰਥੀਆਂ ਤੇ ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਵੀ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਵਿਦਿਆਰਥੀਆਂ ਦੇ ਵੀਜ਼ਾ ਰੁਤਬੇ ਨੂੰ ਖਤਮ ਕਰ ਦਿੱਤਾ ਗਿਆ ਹੈ। ਬਹੁਤ ਸਾਰੇ ਵਿਦਿਆਰਥੀਆਂ ਨੂੰ ਸਮੈਸਟਰ ਤੋਂ ਬਾਅਦ ਅਮਰੀਕਾ ਆਉਣ ਤੋਂ ਮਨਾਂ ਕਰ ਦਿੱਤਾ ਗਿਆ ਹੈ ਕਿਉਂਕਿ ਵਿਦੇਸ਼ ਵਿਭਾਗ ਨੇ ਉਨ੍ਹਾਂ ਦੇ ਵੀਜ਼ੇ ਬਹਾਲ ਕਰਨ ਤੋਂ ਨਾਂਹ ਕਰ ਦਿੱਤੀ ਹੈ। ਜੈਯਾਪਾਲ ਤੇ ਕਾਂਗਰਸ ਦੇ 142 ਮੈਂਬਰਾਂ ਨੇ ਇਕ ਸਾਂਝੇ ਪੱਤਰ ‘ਚ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਰਾਸ਼ਟਰੀ ਸੁਰੱਖਿਆ ਨਾਲ ਕੋਈ ਸਬੰਧ ਨਹੀਂ ਹੈ ਤੇ ਆਈ.ਸੀ.ਈ. ਨੂੰ ਰਾਜਸੀ ਵਿਰੋਧੀਆਂ ਵਿਰੁੱਧ ਹਥਿਆਰ ਦੇ ਤੌਰ ‘ਤੇ ਵਰਤਿਆ ਜਾ ਰਿਹਾ ਹੈ।