ਲਿਖਤ : ਜਤਿੰਦਰ ਮੋਹਨ, ਸੰਪਰਕ: 94630-20766
ਅਪਰੈਲ ਦਾ ਆਖ਼ਰੀ ਹਫ਼ਤਾ ਚੱਲ ਰਿਹਾ ਸੀ। ਗਰਮੀ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ। ਕਣਕ ਦੀ ਆਮਦ ਜ਼ੋਰਾਂ ‘ਤੇ ਹੋਣ ਕਰਕੇ ਮਜ਼ਦੂਰ ਬਹੁਤ ਹੀ ਰੁੱਝੇ ਹੋਏ ਸਨ। ਕਣਕ ਦਾ ਸੀਜ਼ਨ ਹੋਣ ਕਰਕੇ ਸ਼ਹਿਰ ਵਿੱਚ ਆਉਣ ਵਾਲੇ ਮਜ਼ਦੂਰਾਂ ਦੀ ਗਿਣਤੀ ਵੀ ਘਟ ਗਈ ਸੀ ਕਿਉਂਕਿ ਪਿੰਡਾਂ ਵਾਲੇ ਮਜ਼ਦੂਰ ਸਾਲ ਭਰ ਦੀ ਕਣਕ ਇਕੱਠੀ ਕਰਨ ਲਈ ਪਿੰਡਾਂ ਵਿੱਚ ਹੀ ਮਜ਼ਦੂਰੀ ਕਰ ਰਹੇ ਸਨ। ਜਿਉਂ ਜਿਉਂ ਹਾੜ੍ਹੀ ਦਾ ਸੀਜ਼ਨ ਘਟਦਾ ਗਿਆ, ਸ਼ਹਿਰ ਵਿੱਚ ਆਉਣ ਵਾਲੇ ਮਜ਼ਦੂਰਾਂ ਦੀ ਗਿਣਤੀ ਵਧ ਗਈ।
ਕਹਿੰਦੇ ਹਨ ਕਿ ਹਰ ਵਰਗ ਦਾ ਆਪਣਾ ਆਪਣਾ ਦਿਨ ਹੁੰਦਾ ਹੈ। ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਦੇਵੀ ਦੇਵਤਿਆਂ ਦੇ ਦਿਨ ਵੀ ਵੱਖ-ਵੱਖ ਹਨ। ਇਸ ਤਰ੍ਹਾਂ ਕਿਰਤ ਦੇ ਦੇਵਤੇ ਮਜ਼ਦੂਰ ਨੂੰ ਵੀ ਇਹ ਦਿਨ ਮਿਲਿਆ ਹੋਇਆ ਹੈ, ਭਾਵ ਇੱਕ ਮਈ, ਮਜ਼ਦੂਰ ਦਿਵਸ। ਮਜ਼ਦੂਰ ਦਿਵਸ ਮਨਾਉਣ ਲਈ ਇੱਕ ਦਿਨ ਪਹਿਲਾਂ ਹੀ ਪਰਚੀਆਂ ਕੱਟੀਆਂ ਜਾਣ ਲੱਗੀਆਂ ਤਾਂ ਕਿ ਇਸ ਦਿਨ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਸਕੇ ਅਤੇ ਮਜ਼ਦੂਰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਸਕਣ। ਮਜ਼ਦੂਰ ਦਿਵਸ ਵੀ ਆ ਗਿਆ। ਦਾਣਾ ਮੰਡੀ ਵਿੱਚ ਬਹੁਤ ਵੱਡਾ ਇਕੱਠ ਹੋਇਆ। ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਭਾਸ਼ਣਾਂ ਰਾਹੀਂ ਆਪਣਾ ਗਲਾ ਸਾਫ਼ ਕੀਤਾ ਤੇ ਮਜ਼ਦੂਰਾਂ ਨੂੰ ਚੌਕਸ ਕੀਤਾ ਕਿ ਸੰਘਰਸ਼ ਹੀ ਜੰਿਦਗੀ ਹੈ। ਜੇਕਰ ਸੰਘਰਸ਼ ਨਹੀਂ ਕਰੋਗੇ ਤਾਂ ਖ਼ਤਮ ਹੋ ਜਾਉਗੇ। ਏਨਾ ਕਹਿਣ ‘ਤੇ ਇਨਕਲਾਬ ਜੰਿਦਾਬਾਦ ਦੇ ਨਾਅਰਿਆਂ ਦੀ ਗੂੰਜ ਪੈ ਗਈ। ਚਾਰੇ ਪਾਸੇ ਮਜ਼ਦੂਰਾਂ ਦੀ ਜੈ ਜੈ ਕਾਰ ਹੋ ਰਹੀ ਸੀ। ਸਪੀਕਰਾਂ ਦੀ ਕੰਨ ਪਾੜਵੀਂ ਆਵਾਜ਼ ਸੁਣ ਕੇ ਬਾਬੂ ਬਿਸ਼ਨ ਮੱਲ ਵੀ ਉੱਥੇ ਰੁਕ ਗਿਆ। ਬਿਸ਼ਨ ਮੱਲ ਨੂੰ ਦੇਖ ਕੇ ਮੈਂ ਵੀ ਉੱਥੇ ਰੁਕ ਗਿਆ। ਉਸ ਨੇ ਆਪਣੇ ਦੋਸਤ ਦੁਕਾਨਦਾਰ ਉੱਤਮ ਸਿੰਘ ਨੂੰ ਪੁੱਛਿਆ, ”ਆਹ ਰੌਲਾ ਜਿਹਾ ਕੀ ਪਾਈ ਜਾਂਦੇ ਨੇ?”
”ਬਾਬੂ ਜੀ, ਇਹ ਮਜ਼ਦੂਰ ਇਕੱਠੇ ਹੋਏ ਨੇ।”
”ਕਾਹਦੇ ਵਾਸਤੇ ਇਕੱਠੇ ਹੋਏ ਨੇ?”
”ਅੱਜ ਮਜ਼ਦੂਰ ਦਿਵਸ ਐ ਜੀ।”
”ਓਹੋ, ਯਾਦ ਹੀ ਨਹੀਂ ਰਿਹਾ।”
ਇਹ ਕਹਿ ਕੇ ਉਸ ਨੇ ਮੂੰਹ ‘ਤੇ ਹੱਥ ਫੇਰਿਆ ਜਿਵੇਂ ਉਸ ਨੂੰ ਇਹ ਯਾਦ ਨਹੀਂ ਸੀ ਕਿ ਮਜ਼ਦੂਰ ਦਿਵਸ ਕਾਰਨ ਹੀ ਉਹ ਅੱਜ ਛੁੱਟੀ ਮਨਾ ਰਿਹਾ ਹੈ। ਆਪਣੇ ਸਕੂਟਰ ਨੂੰ ਅੱਗੇ ਤੋਰਨ ਤੋਂ ਪਹਿਲਾਂ ਬਾਬੂ ਬਿਸ਼ਨ ਮੱਲ ਬੋਲਿਆ, ”ਐਵੇਂ ਭਕਾਈ ਮਾਰੀ ਜਾਂਦੇ ਨੇ, ਕਿਹੜੇ ਮਜ਼ਦੂਰ ਦਿਵਸ ਨੇ, ਐਵੇਂ ਵਿਹਲੜ ਇਕੱਠੇ ਹੋਏ ਨੇ।”
ਬਾਬੂ ਬਿਸ਼ਨ ਮੱਲ ਦੀ ਗੱਲ ਸੁਣ ਕੇ ਉੱਤਮ ਸਿੰਘ ਹੱਸ ਪਿਆ। ਸ਼ਾਇਦ ਉਹ ਵੀ ਉਸ ਦੀ ਹਾਂ ਵਿੱਚ ਹਾਂ ਮਿਲਾ ਰਿਹਾ ਸੀ। ਉਨ੍ਹਾਂ ਦੀ ਇਹ ਗੱਲ ਸੁਣ ਕੇ ਮੈਨੂੰ ਝਟਕਾ ਜਿਹਾ ਲੱਗਿਆ, ਪਰ ਮੈਂ ਮੂੰਹੋਂ ਕੁਝ ਨਾ ਬੋਲਿਆ।
ਸ਼ਾਮ ਦਾ ਵੇਲਾ ਸੀ। ਸਾਢੇ 7 ਵੱਜ ਚੁੱਕੇ ਸਨ। ਮੈਂ ਸ਼ਹਿਰ ਤੋਂ ਵਾਪਸ ਆ ਰਿਹਾ ਸੀ ਤਾਂ ਮੇਰੇ ਪਿੰਡ ਦਾ ਮਜ਼ਦੂਰ ਜੰਟਾ ਸਿੰਘ ਪਸੀਨੇ ਨਾਲ ਇੰਜ ਚੋਅ ਰਿਹਾ ਸੀ ਜਿਵੇਂ ਉਹ ਹੁਣੇ ਹੁਣੇ ਨਹਿਰ ਵਿੱਚੋਂ ਨਿਕਲਿਆ ਹੋਵੇ। ਉਹ ਕਿਸੇ ਨੂੰ ਕੱਖਾਂ ਦੀ ਭਰੀ ਚੁਕਾਉਣ ਲਈ ਉਡੀਕ ਰਿਹਾ ਸੀ। ਉਸ ਨੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੈਂ ਆਪਣਾ ਸਕੂਟਰ ਰੋਕ ਲਿਆ। ਪਸੀਨੇ ਨਾਲ ਭਿੱਜੇ ਉਸ ਦੇ ਕੱਪੜਿਆਂ ਵਿੱਚੋਂ ਉਸ ਦਾ ਸਰੀਰ ਸਾਫ਼ ਨਜ਼ਰ ਆ ਰਿਹਾ ਸੀ । ਉਸ ਦੇ ਕੱਪੜੇ ਮਿੱਟੀ ਨਾਲ ਲਿੱਬੜੇ ਹੋਏ ਸਨ। ਇਹ ਦੇਖ ਕੇ ਮੈਨੂੰ ਮਜ਼ਦੂਰ ਦਿਵਸ ਯਾਦ ਆ ਗਿਆ। ਮੈਂ ਉਸ ਨੂੰ ਭਰੀ ਚੁਕਾਉਣ ਤੋਂ ਪਹਿਲਾਂ ਹੀ ਪੁੱਛਿਆ, ”ਜੰਟਿਆ, ਅੱਜ ਤਾਂ ਮਜ਼ਦੂਰ ਦਿਵਸ ਐ?”
”ਕਿਹੜਾ ਮਜ਼ਦੂਰ ਦਿਵਸ ਸ਼ਰਮਾ ਜੀ? ਕਦੇ ਮਜ਼ਦੂਰਾਂ ਦੇ ਵੀ, ਮਜ਼ਦੂਰ ਦਿਵਸ ਹੋਏ ਨੇ?”
”ਅੱਜ ਕਿਵੇਂ ਲੇਟ ਹੋ ਗਿਆ?” ਮੈਂ ਗੱਲ ਦੂਜੇ ਪਾਸੇ ਲਿਜਾਣ ਲਈ ਪੁੱਛਿਆ।
”ਬਸ ਜੀ, ਓਵਰ ਟੈਮ ਲਾ ਲਿਆ ਪਰ ਮੈਨੂੰ ਪਤਾ ਸੀ ਬਈ ਪਸ਼ੂ ਭੁੱਖੇ ਹੋਣਗੇ ਤਾਂ ਹੀ ਮੈਂ ਕੱਖ ਵੱਢਣ ਲੱਗ ਪਿਆ। ਮੈਂ ਕਿਹਾ ਜਾਂਦਾ ਜਾਂਦਾ ਦੋ ਥੱਬੇ ਕੱਖਾਂ ਦੇ ਹੀ ਵੱਢ ਲਵਾਂ।”
ਮੈਂ ਉਸ ਨੂੰ ਭਰੀ ਚੁਕਵਾਈ ਤੇ ਮੈਨੂੰ ਮਜ਼ਦੂਰ ਦਿਵਸ ਦੀ ਅਹਿਮੀਅਤ ਦਾ ਗਿਆਨ ਹੋ ਗਿਆ।